26 ਸਤੰਬਰ ਮੋਗਾ ਰੈਲੀ 'ਚ ਸ਼ਾਮਲ ਹੋਵਾਂਗੇ : ਅਵਤਾਰ ਸਿੰਘ 26 ਸਤੰਬਰ ਮੋਗਾ ਰੈਲੀ 'ਚ ਸ਼ਾਮਲ ਹੋਵਾਂਗੇ- ਜ਼ਿਲ੍ਹਾ ਆਗੂ
Publish Date: Mon, 21 Sep 2026 05:01 PM (IST)
Updated Date: Tue, 22 Sep 2026 04:06 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਕਸਬਾ ਕਾਠਗੜ੍ਹ ਚ ਸੀਪੀਆਈ ਐੱਮਐੱਲ ਐੱਨਡੀ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਸੰਬੰਧੀ ਨਿਰਮਲ ਸਿੰਘ ਜੰਡੀ ਨੇ ਦੱਸਿਆ ਕਿ ਜੋ ਕੇਂਦਰ ਵਿਚ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਵਿਰੁੱਧ ਫਾਸ਼ੀ ਹੱਲਾ ਬੋਲਿਆ ਜਾ ਰਿਹਾ ਹੈ ਅਤੇ ਸੱਤਾ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਡੈਮ ਸੇਫਟੀ ਐਕਟ ਪਾਸ ਕਰਕੇ ਡੈਮਾਂ, ਦਰਿਆਵਾਂ ਅਤੇ ਹੈਡ ਵਰਕਸਾਂ ਨੂੰ ਕੇਂਦਰ ਸਰਕਾਰ ਆਪਣੇ ਅਧਿਕਾਰ ਖੇਤਰ ਵਿਚ ਕਰਕੇ ਪੰਜਾਬ ਨੂੰ ਲਾਂਭੇ ਕਰਨ ਜਾ ਰਹੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਹਵਾਲੇ ਨਹੀਂ ਕੀਤੇ ਜਾ ਰਹੇ।ਅਤੇ ਕੌਮਾਂਤਰੀ ਸਰਹੱਦਾਂ ਨਾਲ ਲੱਗਦੇ 50 ਕਿਲੋਮੀਟਰ ਤੱਕ ਦਾ ਖੇਤਰ ਬੀਐਸਐਫ ਦੇ ਅਧਿਕਾਰ ਚ ਲਿਆ ਕੇ ਇੱਕ ਤਿਹਾਈ ਪੰਜਾਬ ਬੀਐਸਐਫ ਨੂੰ ਦੇ ਦਿੱਤਾ ਗਿਆ ਹੈ ਤੇ ਕੌਮੀ ਜਾਂਚ ਏਜੰਸੀਆਂ ਦੇ ਦਫ਼ਤਰ ਸੂਬਿਆਂ ਵਿਚ ਖੋਲੇ ਜਾ ਰਹੇ ਹਨ। ਪਾਰਲੀਮੈਂਟ ਵਿਚ ਬਿੱਲ ਪਾਸ ਕਰ ਕੇ ਰਾਜਾਂ ਦੇ ਆਪਣੇ ਖਣਿਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਮੌਜੂਦਾ ਸੰਵਿਧਾਨ ਨੂੰ ਖਤਮ ਕਰਕੇ ਮੰਨੂ ਸਿਮ੍ਰਤੀ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਕਿਰਤ ਕਾਨੂੰਨ ਖ਼ਤਮ ਕਰਕੇ 4 ਕੋਡਾਂ ਵਿਚ ਤਬਦੀਲ ਕਰ ਕੇ ਮਜਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਮਜਦੂਰਾਂ ਨੂੰ ਮਨਰੇਗਾ ਤਹਿਤ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ।।ਮਹਿੰਗਾਈ ਨੇ ਮਜ਼ਦੂਰਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਜਿਸ ਕਾਰਨ ਮਜ਼ਦੂਰਾਂ ਨੂੰ ਜ਼ਹਾਲਤ ਭਰੀ ਜਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਵਿਰੋਧ ਵਿਚ 26 ਸਤੰਬਰ ਨੂੰ ਕੇਂਦਰ ਸਰਕਾਰ ਦੇ ਇਨ੍ਹਾਂ ਫਾਸ਼ੀ ਹਮਲਿਆਂ ਦੇ ਵਿਰੁੱਧ ਮੋਗਾ ਰੈਲੀ ਵਿਚ ਵੱਧ-ਚੜ੍ਹ ਕੇ ਪਹੁੰਚ ਕੇ ਰੈਲੀ ਨੂੰ ਕਾਮਯਾਬ ਕਰਨ ਲਈ ਅਪੀਲ ਕੀਤੀ। ਇਸ ਮੌਕੇ ਇਫਟੂ ਆਗੂ ਨਿਰਮਲ ਸਿੰਘ ਜੰਡੀ, ਤਹਿਸੀਲ ਪ੍ਰਧਾਨ ਅਸ਼ੋਕ ਜਨਾਗਲ, ਜਸਪਾਲ ਬਾਗੋਵਾਲ, ਅਵਤਾਰ ਸਿੰਘ ਭਰਥਲਾ, ਮਨੋਹਰ ਲਾਲ, ਰਸ਼ਪਾਲ ਸਿੰਘ, ਸੰਦੀਪ ਨੱਥਾ ਨੰਗਲ, ਹਰੀ ਤਾਜੋਵਾਲ ਆਦਿ ਹਾਜ਼ਰ ਸਨ। ਅਖੀਰ ਵਿਚ ਅਵਤਾਰ ਸਿੰਘ ਤਾਰੀ ਨੇ ਮੀਟਿੰਗ ਵਿਚ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।