ਵੀਰ ਕੁਮਾਰ ਨੇ ਜਿੱਤਿਆ ਵੁਸ਼ੂ ਮਾਰਸ਼ਲ ਆਰਟ ’ਚ ਕਾਂਸੇ ਦਾ ਤਗ਼ਮਾ ਵੀਰ ਕੁਮਾਰ ਨੇ ਜਿੱਤਿਆ ਵੁਸ਼ੂ ਮਾਰਸ਼ਲ ਆਰਟ ’ਚ ਕਾਂਸੇ ਦਾ ਤਗਮਾ
Publish Date: Sat, 17 Oct 2026 03:43 PM (IST)
Updated Date: Sat, 17 Oct 2026 03:45 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਬਲਾਕ ਬਲਾਚੌਰ-2 ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ਵੀਰ ਕੁਮਾਰ ਨੇ ਖੇਡਾਂ ਵਤਨ ਪੰਜਾਬ ਦੀਆਂ 2026 ਵਿਚ ਗੁਰਦਾਸਪੁਰ ਵਿਖੇ ਹੋਏ ਵੁਸ਼ੂ ਮਾਰਸ਼ਲ ਆਰਟ ਅਤੇ ਖੇਡ ਵਿਚ ਰਾਜ ਪੱਧਰ ਤੇ ਕਾਂਸੇ ਦਾ ਤਗਮਾ ਜਿੱਤਿਆ ਹੈ। ਸਵੇਰ ਦੀ ਸਭਾ ਵਿਚ ਪੰਜਵੀਂ ਜਮਾਤ ਦੇ ਅਧਿਆਪਕ ਨਗੇਸ਼ ਕੁਮਾਰ ਨੇ ਸਕੂਲ ਦੇ ਸਾਰੇ ਬੱਚਿਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਸਕੂਲ ਅਧਿਆਪਕਾਂ ਵੱਲੋਂ ਵੀਰ ਕੁਮਾਰ ਦਾ ਸਨਮਾਨ ਕੀਤਾ। ਅਧਿਆਪਕ ਨਗੇਸ਼ ਕੁਮਾਰ ਵੱਲੋਂ ਇਨਾਮ ਦੇ ਰੂਪ ਵਿਚ ਨਕਦ ਰਾਸ਼ੀ ਵੀ ਦਿੱਤੀ। ਸੈਂਟਰ ਹੈੱਡ ਟੀਚਰ ਤਰਲੋਚਨ ਸਿੰਘ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਪ੍ਰਸੰਸ਼ਾ ਕੀਤੀ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਖੇਡਾਂ ਦੀ ਦੁਨੀਆ ਵਿਚ ਸਫਲਤਾ ਕਦੇ ਵੀ ਥਾਲੀ ਵਿਚ ਪਰੋਸ ਕੇ ਨਹੀਂ ਮਿਲਦੀ। ਇਸ ਸਫਲਤਾ ਦੇ ਪਿੱਛੇ ਹੁੰਦਾ ਹੈ ਖਿਡਾਰੀ ਦਾ ਮੁੜਕਾ, ਅਣਥੱਕ ਮਿਹਨਤ, ਪਰਿਵਾਰਕ ਤੰਗੀਆਂ ਨਾਲ ਲੋਹਾਂ ਲੈਣ ਦਾ ਜਜ਼ਬਾ, ਅਧਿਆਪਕਾ ਦੀ ਅਣਥੱਕ ਮਿਹਨਤ, ਮਾਪਿਆਂ ਦੀ ਹੌਂਸਲਾ ਅਫਜਾਈ ਅਤੇ ਇਨ੍ਹਾਂ ਸਭਨਾ ਦੀ ਮਿਹਨਤ ਦਾ ਇਮਤਿਹਾਨ। ਉਨ੍ਹਾਂ ਨੰਨੇ ਮੁੰਨੇ ਖਿਡਾਰੀ ਵੀਰ ਕੁਮਾਰ ਦੀ ਇਸ ਕਾਮਯਾਬੀ ਤੇ ਵਧਾਈ ਦਿੰਦਿਆ ਆਖਿਆ ਕਿ ਉਨ੍ਹਾਂ ਵੱਲੋਂ ਜਿੱਥੇ ਸਕੂਲ, ਸਬ ਡਵੀਜ਼ਨ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਹੀ ਆਪਣੇ ਮਾਪਿਆ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਆਖਿਆ ਕਿ ਵੀਰ ਕੁਮਾਰ ਦਾ ਇਸ ਛੋਟੀ ਜਿਹੀ ਉਮਰੇ ਰਾਜ ਪੱਧਰੀ ਖੇਡ ਮੰਚਾਂ ਤੱਕ ਪਹੁੰਚਣ ਦਾ ਸਫਰ ਹਰ ਉਸ ਨੌਜਵਾਨ ਲਈ ਪ੍ਰੇਰਨਾਂ ਸਰੋਤ ਹੈ। ਜੋ ਸੀਮਤ ਸਾਧਨਾਂ ਦੇ ਬਾਵਜੂਦ ਵੀ ਵੱਡੇ ਸੁਪਨੇ ਵੇਖਣ ਦੀ ਹਿੰਮਤ ਰੱਖਦੇ ਹਨ। ਇਸ ਮੌਕੇ ਸਕੂਲ ਅਧਿਆਪਕ ਬਲਰਾਜ ਕੌਰ, ਰੇਖਾ ਚੌਧਰੀ, ਰੇਖਾ ਸ਼ਰਮਾ, ਅਲਕਾ ਸੈਣੀ, ਸਤਬੀਰ ਕੌਰ, ਜੋਤੀ ਰਾਣੀ, ਸੁਖਜਿੰਦਰ ਕੌਰ, ਨੀਰਜ ਕਟਾਰੀਆ ਅਤੇ ਮਮਤਾ ਰਾਣੀ ਹਾਜ਼ਰ ਸਨ।