- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ 'ਚ ਵੱੱਖ-ਵੱਖ ਜਥੇਬੰਦੀਆਂ ਨੇ ਸ਼ਹਿਰ 'ਚ ਕੱਢਿਆ ਰੋਸ ਮਾਰਚ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਮਾਨਸਾ ਵਿਖੇ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਐਕਸ਼ਨ ਕਮੇਟੀ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ, ਸੀਪੀਆਈ, ਆਰਐੱਮਪੀਆਈ, ਇਫਟੂ ਦੇ ਸੱਦੇ ਉੱਤੇ ਨਵਾਂਸ਼ਹਿਰ ਮੁਕੰਮਲ ਤੌਰ ’ਤੇ ਬੰਦ ਕੀਤਾ ਗਿਆ। ਇੱਥੇ ਵਰਨਣਯੋਗ ਹੈ ਕਿ ਵਪਾਰ ਮੰਡਲ ਨੇ ਜਥੇਬੰਦੀਆਂ ਦੀ ਅਪੀਲ ਉੱਤੇ ਪਹਿਲਾਂ ਹੀ ਮੀਟਿੰਗ ਕਰ ਕੇ ਦੁਕਾਨਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਸੀ। ਅੱਜ ਸਵੇਰੇ ਉਕਤ ਪਾਰਟੀਆਂ ਅਤੇ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਸਥਾਨਕ ਆਟੋ ਸਟੈਂਡ ਉੱਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ। ਜਿਨ੍ਹਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਮਾਰਚ ਕੱਢਿਆ। ਇਸ ਮੌਕੇ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਕਾ. ਨਿਰੰਜਨ ਦਾਸ ਮੇਹਲੀ, ਜਸਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਦੋੜਕਾ, ਜਸਵੀਰ ਸਿੰਘ ਮੋਰੋਂ, ਆਟੋ ਯੂਨੀਅਨ ਦੇ ਪ੍ਰਧਾਨ ਪੁਨੀਤ ਕੁਮਾਰ ਬਛੌੜੀ, ਪ੍ਰਵਾਸੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ, ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਆਗੂਆਂ ਕੁਲਵਿੰਦਰ ਸਿੰਘ ਅਟਵਾਲ, ਵਿਜੈ ਕੁਮਾਰ, ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਫਲਾਪ ਸ਼ੋਅ ਸਾਬਿਤ ਹੋਇਆ ਹੈ ਅਤੇ ਰੋਜ਼ਾਨਾ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ। ਜਿਨ੍ਹਾਂ ਦਾ ਸੰਸਕਾਰ ਪੁਲਿਸ ਬਿਨਾਂ ਪੋਸਟ ਮਾਰਟਮ ਕਰਵਾਉਣ ਤੋਂ ਧੱਕੇ ਨਾਲ ਕਰਵਾ ਰਹੀ ਹੈ। ਆਗੂਆਂ ਕਿਹਾ ਕਿ ਪੂਰੇ ਪੰਜਾਬ ਅੰਦਰ ਸਿਆਸਤਦਾਨਾਂ-ਪੁਲਿਸ ਅਤੇ ਤਸਕਰਾਂ ਦਾ ਗੱਠਜੋੜ ਮਿਲ ਕੇ ਨਸ਼ੇ ਦਾ ਵਪਾਰ ਕਰ ਰਿਹਾ ਹੈ ਅਤੇ ਮੋਟੀ ਕਮਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦਾ ਕਤਲ ਕਰਕੇ ਤਸਕਰਾਂ ਨੇ ਨਸ਼ਾ ਤਸਕਰੀ ਵਿਰੁੱਧ ਉੱਠਦੀਆਂ ਆਵਾਜ਼ਾਂ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਆਵਾਜ਼ ਖਾਮੋਸ਼ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਇਸ ਤਾਣੇ-ਬਾਣੇ ਨੂੰ ਤੋੜਨ ਦੇ ਲਈ ਲੋਕਾਂ ਨੂੰ ਲੋਕ ਲਹਿਰ ਉਸਾਰਨੀ ਪਾਵੇਗੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸਦੇ ਲਈ ਅੱਗੇ ਆਉਣ।
- ਵਪਾਰ ਮੰਡਲ ਵੱਲੋਂ ਬੰਦ ਦਾ ਸਮਰਥਨ
ਨਸ਼ਾ ਵਿਰੋਧੀ ਮੁਹਿੰਮ ’ਚ ਸੇਵਾ ਨਿਭਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਪੰਜਾਬ ਭਰ ਵਿਚ ਦਿੱਤੀ ਬੰਦ ਦੀ ਕਾਲ ਦੇ ਮੱਦੇਨਜ਼ਰ ਨਵਾਂਸ਼ਹਿਰ ’ਚ ਸਮੂਹ ਵਪਾਰ ਮੰਡਲ ਅਤੇ ਦੁਕਾਨਦਾਰਾਂ ਵੱਲੋਂ ਮੁੱਖ ਬਾਜ਼ਾਰਾਂ ਅਤੇ ਦੁਕਾਨਾਂ ਨੂੰ ਬੰਦ ਰੱਖ ਕੇ ਆਪਣਾ ਸਮਰਥਨ ਦਿੱਤਾ ਗਿਆ। ਇਸ ਮੌਕੇ ਪਰਵਿੰਦਰ ਸਿੰਘ ਦੇ ਕਥਿਤ ਕਤਲ ਮਾਮਲੇ ਵਿਚ ਸ਼ਾਮਲ ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਵੀ ਕੀਤੀ। ਇਸ ਮੌਕੇ ਚੰਡੀਗੜ੍ਹ ਰੋਡ, ਅੰਬੇਡਕਰ ਚੌਕ, ਕੋਠੀ ਰੋਡ, ਐੱਮਸੀ ਰੋਡ, ਕੁਲਾਮ ਰੋਡ, ਗੀਤਾ ਭਵਨ ਰੋਡ, ਆਰੀਆ ਸਮਾਜ ਰੋਡ, ਘਾਹ ਮੰਡੀ ਰੋਡ, ਰੇਲਵੇ ਰੋਡ, ਨਹਿਰੂ ਚੌਕ, ਸਮੇਤ ਸ਼ਹਿਰੀ ਇਲਾਕਿਆਂ ਵਿਚ ਦੁਕਾਨਾਂ ਬੰਦ ਰਹੀਆਂ। ਇਸ ਮੌਕੇ ਸ਼ਹਿਰੀ ਇਲਾਕਿਆਂ ’ਚ ਸ਼ਰਾਬ ਦੇ ਠੇਕੇ ਵੀ ਬੰਦ ਰਹੇ।
- ਸਰਕਾਰੀ ਅਤੇ ਨਿੱਜੀ ਕੰਪਨੀ ਦੀਆਂ ਬੱਸਾਂ ਰਹੀਆਂ ਬੰਦ
ਨੌਜਵਾਨ ਪਰਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਅਤੇ ਕਥਿਤ ਮੁਲਜ਼ਮਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਿਆਂ ਦਿੱਤੀ ਪੰਜਾਬ ਬੰਦ ਦੀ ਕਾਲ ਦੇ ਮੱਦੇਨਜ਼ਰ ਅੱਜ ਸਰਕਾਰੀ ਅਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਦੇ ਮਾਲਕਾਂ, ਚਾਲਕਾਂ ਅਤੇ ਕੰਡਕਟਰਾਂ ਵੱਲੋਂ ਬੰਦ ਨੂੰ ਪੂਰਣ ਸਮਰਥਨ ਦਿੱਤਾ ਗਿਆ। ਸਰਕਾਰੀ ਅਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਬੰਦ ਰਹਿਣ ਕਾਰਨ ਬੱਸ 'ਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਬੱਸਾਂ ਨਾ ਮਿਲਣ ਕਾਰਨ ਪਰੇਸ਼ਾਨੀ ਝੱਲਣੀ ਪਈ। ਬੱਸ ਅੱਡੇ ਤੇ ਬੱਸਾਂ ਦਾ ਇੰਤਜਾਰ ਕਰ ਰਹੀਆਂ ਸਵਾਰੀਆਂ ਨੇ ਵੀ ਪਰਵਿੰਦਰ ਸਿੰਘ ਦੇ ਕਥਿਤ ਕਤਲ ਦੇ ਮਾਮਲੇ ਵਿਚ ਬਣਦੀ ਕਾਰਵਾਈ ਕਰਕੇ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਵੀ ਮੰਗ ਕੀਤੀ। ਸਵਾਰੀਆਂ ਮਨਜੀਤ ਕੌਰ, ਪਰਮਜੀਤ ਕੌਰ, ਅਵਤਾਰ ਕੌਰ, ਹਰਮਨਪ੍ਰੀਤ ਕੌਰ, ਰਾਜ ਕੁਮਾਰੀ, ਰਜਨੀ, ਜੋਤੀ, ਕੁਲਵਿੰਦਰ ਨੇ ਦੱਸਿਆ ਕਿ ਉਹ ਆਟੋਜ਼ ਜਾਂ ਨਿੱਜੀ ਵਾਹਨਾਂ ਰਾਹੀਂ ਆਪਣੀ ਮੰਜਿਲ ਤੱਕ ਪਹੁੰਚ ਰਹੇ ਹਨ ਜਾਂ ਵਾਪਸ ਘਰਾਂ ਨੂੰ ਪਰਤ ਰਹੇ ਹਨ। ਪਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਗੰਭੀਰਤਾ ਨਾਲ ਚਲਾਉਣ ਦੀ ਮੰਗ ਕਰਦੇ ਹਾਂ ਤਾਂ ਜੋ ਕਿਸੇ ਵੀ ਦਵਾਈ ਵਿਕ੍ਰੇਤਾ ਵੱਲੋਂ ਵੇਚੇ ਜਾ ਰਹੇ ਪਾਬੰਦੀ ਸ਼ੁਦਾ ਦਵਾਈਆਂ ਦੀ ਸਮੇਂ ਸਿਰ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਕਥਾਮ ਕੀਤੀ ਜਾ ਸਕੇ। ਤਾਂ ਜੋ ਭਵਿੱਖ ਵਿਚ ਪਰਵਿੰਦਰ ਸਿੰਘ ਵਾਂਗ ਹੋਰਨਾਂ ਨੌਜਵਾਨਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਰੋਕੀਆਂ ਜਾ ਸਕਣ।
- ਖੁੱਲ੍ਹੇ ਰਹੇ ਬੈਂਕ, ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਸਿੱਖਿਅਕ ਅਦਾਰੇ
ਇਸ ਮੌਕੇ ਜ਼ਿਲ੍ਹੇ ਵਿਚ ਸਾਰੇ ਬੈਂਕ, ਸਰਕਾਰੀ ਅਤੇ ਨਿੱਜੀ ਹਸਪਤਾਲ, ਦਵਾ ਦੀਆਂ ਦੁਕਾਨਾਂ, ਸਿੱਖਿਆ ਅਦਾਰੇ ਖੁੱਲ੍ਹੇ ਰਹੇ ਪਰ ਬੱਸਾਂ ਬੰਦ ਰਹਿਣ ਕਾਰਨ ਇਨ੍ਹਾਂ ਅਦਾਰਿਆਂ ਵਿਚ ਲੋਕਾਂ ਦੀ ਆਮਦ ਘੱਟ ਰਹੀ। ਇਸੇ ਤਰ੍ਹਾਂ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਦਵਾਈਆਂ ਦੀਆਂ ਦੁਕਾਨਾਂ, ਸਿੱਖਿਅਕ ਅਦਾਰੇ ਖੁੱਲ੍ਹੇ ਰਹੇ। ਪਰ ਬੱਸਾਂ ਅਤੇ ਹੋਰਨਾਂ ਸਹੂਲਤਾਂ ਬੰਦ ਰਹਿਣ ਕਾਰਨ ਵਿਦਿਆਰਥੀਆਂ ਅਤੇ ਲੋਕਾਂ ਦੀ ਆਮਦ ਘੱਟੀ ਰਹੀ।