
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ 'ਚ ਵਣ ਮਹਾਂਉਤਸਵ ਮਨਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ
ਕਾਠਗੜ੍ਹ : ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵੱਲੋਂ ਭਾਰਤੀ ਭੂਮੀ ਰੱਖਿਆ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਵਣ-ਮਹਾਉਤਸਵ ਮਨਾਇਆ ਗਿਆ। ਜੋ ਭਾਰਤੀ ਭੂਮੀ ਰੱਖਿਆ ਸੁਸਾਇਟੀ ਦੇ ਸਥਾਪਨਾ ਦਿਵਸ ਨੂੰ ਮਨਾਉਣ ਅਤੇ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਕਰਨ ਲਈ ਕਰਵਾਈ। ਮੁਹਿੰਮ ਦੌਰਾਨ ਕੁੱਲ 650 ਬੂਟੇ ਲਗਾਏ ਗਏ ਜੋ ਕਿ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਵਰ੍ਹੇਗੰਢ ਦੇ ਪ੍ਰਤੀਕ ਵਜੋਂ ਚੁਣੇ ਗਏ ਸਨ। ਇਹ ਬੂਟੇ ਕਾਲਜ ਕੈਂਪਸ ਅਤੇ ਨਾਲ ਲੱਗਦੇ ਖੇਤਾਂ ਵਿਚ ਲਗਾਏ ਗਏ। ਪ੍ਰਧਾਨਗੀ ਕਰਦਿਆਂ ਡਾ. ਮਨਮੋਹਨਜੀਤ ਸਿੰਘ ਡੀਨ ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੇ ਰੁੱਖਾਂ ਦੀ ਵਾਤਾਵਰਨ ਸੰਤੁਲਨ ਬਣਾਈ ਰੱਖਣ, ਮਿੱਟੀ ਦੀ ਸਿਹਤ ਸੁਧਾਰਨ, ਪਾਣੀ ਦੀ ਸੰਭਾਲ ਅਤੇ ਮਨੁੱਖੀ ਜੀਵਨ ਨੂੰ ਸਹਾਰਾ ਦੇਣ ਵਿਚ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਭਾਰਤੀ ਭੂਮੀ ਰੱਖਿਆ ਸੁਸਾਇਟੀ ਦੇ ਟੀਚਿਆਂ ਅਤੇ ਟਿਕਾਊ ਭੂਮੀ ਤੇ ਪਾਣੀ ਪ੍ਰਬੰਧਨ ਵਿਚ ਇਸ ਦੇ ਯੋਗਦਾਨ ਬਾਰੇ ਵੀ ਵਿਸਥਾਰ ਨਾਲ ਦੱਸਿਆ। ਸਿਲਵੀਕਲਚਰਿਸਟ ਡਾ. ਵਰੁਣ ਅੱਤਰੀ ਨੇ ਵਿਦਿਆਰਥੀਆਂ ਨੂੰ ਬੂਟਿਆਂ ਦੇ ਆਰਥਿਕ ਅਤੇ ਸਮਾਜਿਕ ਲਾਭਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਤੇ ਦੇਖ-ਭਾਲ ਦੇ ਸਰਲ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਵਣ ਮਹਾਉਤਸਵ ਮੁਹਿੰਮ ਵਿਚ ਪੀਏਯੂ ਖੇਤੀਬਾੜੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ, ਅਧਿਆਪਕ ਅਤੇ ਗ਼ੈਰ-ਅਧਿਆਪਕ ਸਟਾਫ਼ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ। ਟੀਮਾਂ ਨੇ ਮਿਲ ਕੇ ਨਵੇਂ ਬੂਟੇ ਲਗਾਏ, ਟਿਕਾਏ ਅਤੇ ਪਾਣੀ ਦਿੱਤਾ ਤਾਂ ਜੋ ਹਰ ਲਗਾਏ ਗਏ ਬੂਟੇ ਨੂੰ ਸ਼ੁਰੂਆਤੀ ਦੇਖ-ਭਾਲ ਮਿਲ ਸਕੇ। ਪ੍ਰੋਗਰਾਮ ਦੇ ਅਖੀਰ ਵਿਚ ਸਾਰਿਆਂ ਨੇ ਸਮੂਹਿਕ ਸਹੁੰ ਚੁੱਕੀ ਕਿ ਉਹ ਨਵੇਂ ਲਗਾਏ ਰੁੱਖਾਂ ਦੀ ਰੱਖਿਆ ਅਤੇ ਪਾਲਣਾ ਕਰਨਗੇ ਅਤੇ ਕੈਂਪਸ ਤੇ ਆਪਣੇ ਖੇਤਰਾਂ ਵਿਚ ਹਰਿਆਲੀ ਨੂੰ ਉਤਸ਼ਾਹਿਤ ਕਰਨਗੇ।