ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ : ਡਾ. ਰਾਕੇਸ਼ ਪਾਲ ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ-ਡਾ. ਰਾਕੇਸ਼ ਪਾਲ
Publish Date: Wed, 30 Sep 2026 04:08 PM (IST)
Updated Date: Wed, 30 Sep 2026 04:09 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਵਿਸ਼ਵ ਰੇਬੀਜ਼ ਦਿਵਸ ਦੇ ਸੰਦਰਭ ਵਿਚ ਰੇਬੀਜ਼ (ਹਲਕਾਅ) ਦੀ ਬਿਮਾਰੀ ਤੋਂ ਬਚਾਅ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਰੇਬੀਜ਼ ਇੱਕ ਗੰਭੀਰ ਅਤੇ ਜਾਨਲੇਵਾ ਵਾਇਰਲ ਬਿਮਾਰੀ ਹੈ, ਜੋ ਮੁੱਖ ਤੌਰ ’ਤੇ ਸੰਕ੍ਰਮਿਤ ਜਾਨਵਰ ਦੀ ਲਾਰ ਰਾਹੀਂ ਮਨੁੱਖ ਵਿਚ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਕੁੱਤੇ ਰੇਬੀਜ਼ ਦੇ ਮਨੁੱਖੀ ਮਾਮਲਿਆਂ ਦਾ ਮੁੱਖ ਸਰੋਤ ਹਨ ਪਰ ਬਿੱਲੀ, ਬਾਂਦਰ ਜਾਂ ਹੋਰ ਸੰਕ੍ਰਮਿਤ ਜਾਨਵਰ ਦੇ ਕੱਟਣ ਜਾਂ ਖਰੋਚਣ ਨਾਲ ਵੀ ਰੇਬੀਜ਼ ਦਾ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰੇਬੀਜ਼ ਦੇ ਲੱਛਣ ਪ੍ਰਗਟ ਹੋਣ ਤੋਂ ਬਾਅਦ ਇਹ ਬਿਮਾਰੀ ਲਗਭਗ ਹਮੇਸ਼ਾ ਜਾਨਲੇਵਾ ਹੁੰਦੀ ਹੈ ਪਰ ਜਾਨਵਰ ਦੇ ਸੰਪਰਕ ਤੋਂ ਤੁਰੰਤ ਬਾਅਦ ਸਹੀ ਇਲਾਜ ਅਤੇ ਟੀਕਾਕਰਨ ਨਾਲ ਇਸ ਤੋਂ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਕੁੱਤੇ ਸਮੇਤ ਹੋਰ ਜਾਨਵਰਾਂ ਦੇ ਵੱਢਣ, ਕੱਟਣ ਜਾਂ ਖਰੋਚਣ ਦੀ ਘਟਨਾ ਨੂੰ ਕਿਸੇ ਵੀ ਹਾਲਤ ਵਿਚ ਅਣਗੌਲਿਆ ਨਾ ਕੀਤਾ ਜਾਵੇ। ਜਾਨਵਰ ਦੇ ਕੱਟਣ ਜਾਂ ਖਰੋਚਣ ਤੋਂ ਬਾਅਦ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵੱਗਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬਿਨਾਂ ਦੇਰੀ ਕੀਤੇ ਨੇੜਲੀ ਸਿਹਤ ਸੰਸਥਾ ਵਿਚ ਪਹੁੰਚ ਕੇ ਡਾਕਟਰੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਵੈਕਸੀਨ ਅਤੇ ਲੋੜ ਅਨੁਸਾਰ ਹੋਰ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ-ਡਵੀਜ਼ਨ ਹਸਪਤਾਲ ਬਲਾਚੌਰ, ਸੀਐੱਚਸੀ ਬੰਗਾ, ਸੀਐੱਚਸੀ ਸੜੋਆ ਅਤੇ ਸੀਐੱਚਸੀ ਮੁਕੰਦਪੁਰ ਸਮੇਤ ਸਰਕਾਰੀ ਸਿਹਤ ਸੰਸਥਾਵਾਂ ਅਤੇ ਆਮ ਆਦਮੀ ਕਲੀਨਿਕਾਂ ਵਿਖੇ ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਦੀ ਸਹੂਲਤ ਉਪਲੱਬਧ ਹੈ। ਲੋਕ ਘਰਾਂ ਵਿਚ ਪਾਲਤੂ ਕੁੱਤੇ ਰੱਖਣ ਵਾਲੇ ਵਿਅਕਤੀ ਆਪਣੇ ਪਾਲਤੂ ਜਾਨਵਰਾਂ ਦਾ ਸਮੇਂ ਸਿਰ ਰੇਬੀਜ਼ ਵਿਰੁੱਧ ਟੀਕਾਕਰਨ ਜ਼ਰੂਰ ਕਰਵਾਉਣ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ, ਮੈਡੀਕਲ ਅਫ਼ਸਰ ਡਾ. ਰਮਨ ਕੁਮਾਰ, ਸਿਵਲ ਸਰਜਨ ਦੇ ਪੀਏ ਅਜੇ ਕੁਮਾਰ, ਨੀਰਜ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।