ਚੀਨੀ ਦੇ ਰੇਟਾਂ 'ਚ ਹੋ ਰਹੇ ਵਾਧੇ ਕਾਰਨ ਮਚੀ ਹਾਹਾਕਾਰ : ਰਾਣਾ ਚੀਨੀ ਅਤੇ ਹੋਰ ਚੀਜਾਂ ਦੇ ਰੇਟਾਂ 'ਚ ਹੋ ਰਹੇ ਵਾਧੇ ਕਾਰਨ ਮਚੀ ਹਾਹਾਕਾਰ-ਰਾਣਾ
Publish Date: Mon, 24 Aug 2026 06:01 PM (IST)
Updated Date: Mon, 24 Aug 2026 06:03 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕਾਰਪੋਰੇਟ ਪੂੰਜੀਵਾਦ ਦੇ ਵਿਕਾਸ ਦੇ ਮਾਡਲ ਜਿਸ ਨੂੰ ਕੇਂਦਰ ਸਰਕਾਰਾਂ ਤੇ ਸੂਬਾ ਸਰਕਾਰਾਂ ਲਾਗੂ ਕਰ ਰਹੀਆਂ ਹਨ, ਨੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬਿਠਾ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਦੌਰਾਨ ਚੀਨੀ 40 ਰੁਪਏ ਤੋਂ 72 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਜਦਕਿ ਦਾਲਾਂ, ਤੇਲ, ਸਬਜ਼ੀਆਂ, ਮਸਾਲੇ, ਫੀਡ ਤੇ ਸੁੱਕੇ ਮੇਵਿਆਂ ਦੇ ਰੇਟਾਂ ਵਿਚ 15 ਤੋਂ 30 ਫ਼ੀਸਦੀ ਦਾ ਵਾਧਾ ਹੋ ਗਿਆ ਹੈ। ਇਸ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਕਾਰਨ ਆਮ ਲੋਕਾਂ ਵਿਚ ਹਾਹਾਕਾਰ ਮੱਚ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਸੁਭਾਅ ਮੁਤਾਬਕ ਪਹਿਲਾਂ ਤਾਂ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਤੋਂ ਮੁੱਕਰਦੀ ਰਹੀ ਹੈ ਪਰ ਹੁਣ ਟਿਕਾਣੇ ਆ ਗਈ ਹੈ। ਸਾਥੀ ਰਾਣਾ ਨੇ ਦੱਸਿਆ ਕਿ ਚੀਨੀ ਦੇ ਰੇਟਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਦਾ ਮੁੱਖ ਕਾਰਨ ਪੈਟਰੋਲ ਵਿਚ ਈਥਾਨੌਲ ਨੂੰ ਮਿਲਾਉਣਾ ਹੈ। ਚੀਨੀ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਰੇਟਾਂ ਵਿਚ ਹੋ ਰਹੇ ਵਾਧੇ ਦਾ ਦੂਜਾ ਕਾਰਨ ਬਲੈਕੀਏ ਵਪਾਰੀਆਂ ਵੱਲੋਂ ਜ਼ਖੀਰੇਬਾਜ਼ੀ ਹੈ ਜੋ ਅਕਸਰ ਸਰਕਾਰਾਂ ਨਾਲ ਮਿਲ ਕੇ ਹੀ ਕਰਦੇ ਹਨ। ਪਿਛਲੇ ਦਸ ਸਾਲਾਂ ਦੌਰਾਨ ਪਹਿਲੀ ਵਾਰ ਹੁਣ ਸਰਕਾਰ ਨੇ ਵਿਦੇਸ਼ਾਂ ਤੋਂ ਕੱਚੀ ਚੀਨੀ ਆਯਾਤ ਕਰਨ ਲਈ ਆਰਡਰ ਦਿੱਤਾ ਹੈ ਜਦਕਿ ਇਹ ਆਰਡਰ ਦੋ ਮਹੀਨੇ ਪਹਿਲਾਂ ਦੇਣਾ ਚਾਹੀਦਾ ਸੀ। ਹੁਣ ਇਹ ਸਾਫ ਹੈ ਕਿ ਚੀਨੀ ਦੇ ਰੇਟਾਂ ਵਿਚ ਹੋਰ ਵਾਧਾ ਹੁੰਦਾ ਜਾਵੇਗਾ ਕਿਉਂਕਿ ਆਯਾਤ ਕੀਤੀ ਚੀਨੀ 30 ਦਿਨ ਤੋਂ ਪਹਿਲਾਂ ਭਾਰਤ ਦੀਆਂ ਮੰਡੀਆਂ ਵਿਚ ਨਹੀਂ ਪੁੱਜ ਸਕਦੀ। ਉਨ੍ਹਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਕਿ ਚੀਨੀ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਬਲੈਕ ਕਰਨ ਵਾਲੇ ਵਪਾਰੀਆਂ ਤੇ ਤੁਰੰਤ ਨਕੇਲ ਕੱਸੀ ਜਾਵੇ। ਸਰਕਾਰਾਂ ਇਹ ਯਕੀਨੀ ਬਣਾਉਣ ਕਿ ਚੀਨੀ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਰੇਟਾਂ ਵਿਚ ਕੋਈ ਵਾਧਾ ਨਾ ਹੋਵੇ। ਇਸ ਮੌਕੇ ਕਰਨੈਲ ਸਿੰਘ ਭੱਲਾ ਕਿਸਾਨ ਆਗੂ ਤੇ ਅਵਤਾਰ ਰਾਮ ਮਜ਼ਦੂਰ ਆਗੂ ਵੀ ਹਾਜ਼ਰ ਸਨ।