ਐਂਟੀਬਾਇਓਟਿਕ ਦੀ ਬੇਲੋੜੀ ਵਰਤੋਂ ਸਿਹਤ ਲਈ ਖ਼ਤਰਾ : ਡਾ. ਗੀਤਾਂਜਲੀ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ-ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ
Publish Date: Tue, 17 Nov 2026 05:37 PM (IST)
Updated Date: Tue, 17 Nov 2026 05:39 PM (IST)
ਵਿਸ਼ਵ ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ ਜਾਗਰੂਕਤਾ ਹਫ਼ਤਾ 18 ਤੋਂ 24 ਤੱਕ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ: ਲੋਕਾਂ ਨੂੰ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਵਰਤੋਂ ਅਤੇ ਇਨ੍ਹਾਂ ਦਵਾਈਆਂ ਪ੍ਰਤੀ ਵਧ ਰਹੇ ਪ੍ਰਤੀਰੋਧ (ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ) ਬਾਰੇ ਜਾਗਰੂਕ ਕਰਨ ਲਈ ਹਰ ਸਾਲ 18 ਤੋਂ 24 ਨਵੰਬਰ ਤੱਕ ਵਿਸ਼ਵ ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਅਤੇ ਗ਼ਲਤ ਵਰਤੋਂ ਭਵਿੱਖ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਇਸ ਲਈ ਇਨ੍ਹਾਂ ਦਵਾਈਆਂ ਦੀ ਵਰਤੋਂ ਸਿਰਫ਼ ਡਾਕਟਰ ਦੀ ਸਲਾਹ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ ਉਹ ਸਥਿਤੀ ਹੈ, ਜਦੋਂ ਬੈਕਟੀਰੀਆ, ਵਾਇਰਸ, ਫੰਗਸ ਅਤੇ ਪਰਜੀਵੀ ਦਵਾਈਆਂ ਦੇ ਪ੍ਰਭਾਵ ਤੋਂ ਬਚਣ ਦੀ ਸਮਰੱਥਾ ਵਿਕਸਿਤ ਕਰ ਲੈਂਦੇ ਹਨ ਅਤੇ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ। ਐਂਟੀਬਾਇਓਟਿਕ ਦਵਾਈਆਂ ਦੀ ਗ਼ਲਤ ਵਰਤੋਂ ਕਾਰਨ ਬੈਕਟੀਰੀਆ ਇਨ੍ਹਾਂ ਪ੍ਰਤੀ ਪ੍ਰਤੀਰੋਧੀ ਬਣ ਸਕਦੇ ਹਨ, ਜਿਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਵਾਇਰਲ ਬਿਮਾਰੀਆਂ ਵਿਚ ਐਂਟੀਬਾਇਓਟਿਕ ਦਵਾਈਆਂ ਲਾਭਦਾਇਕ ਨਹੀਂ ਹੁੰਦੀਆਂ। ਇਸ ਲਈ ਆਪਣੀ ਮਰਜ਼ੀ ਨਾਲ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ। ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਬਿਨਾਂ ਦੇਰੀ ਕੀਤੇ ਯੋਗ ਡਾਕਟਰ ਤੋਂ ਜਾਂਚ ਕਰਵਾਈ ਜਾਵੇ।।ਸਿਵਲ ਸਰਜਨ ਨੇ ਕਿਹਾ ਕਿ ਡਾਕਟਰ ਵੱਲੋਂ ਦੱਸੇ ਅਨੁਸਾਰ ਦਵਾਈ ਦਾ ਕੋਰਸ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਲਾਜ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਦੀ ਕਿਸਮ ਜਾਂ ਖੁਰਾਕ ਵਿਚ ਕੋਈ ਤਬਦੀਲੀ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਪਿਛਲੀ ਬਿਮਾਰੀ ਦੀਆਂ ਬਚੀਆਂ ਹੋਈਆਂ ਦਵਾਈਆਂ ਕਿਸੇ ਹੋਰ ਬਿਮਾਰੀ ਲਈ ਨਾ ਵਰਤੀਆਂ ਜਾਣ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਦੀ ਸਲਾਹ ਜਾਂ ਉਸ ਦੀ ਬਚੀ ਹੋਈ ਦਵਾਈ ਲਈ ਜਾਵੇ। ਮਿਆਦ ਪੁੱਗੀਆਂ ਅਤੇ ਬਚੀਆਂ ਦਵਾਈਆਂ ਦਾ ਨਿਪਟਾਰਾ ਵੀ ਸਹੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਅਤੇ ਖਾਣ ਤੋਂ ਪਹਿਲਾਂ ਅਤੇ ਪਖਾਨੇ ਤੋਂ ਬਾਅਦ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ। ਸਾਫ਼ ਅਤੇ ਸੁਰੱਖਿਅਤ ਪਾਣੀ ਪੀਣ, ਭੋਜਨ ਨੂੰ ਚੰਗੀ ਤਰ੍ਹਾਂ ਪਕਾ ਕੇ ਅਤੇ ਸਹੀ ਢੰਗ ਨਾਲ ਸੰਭਾਲ ਕੇ ਵਰਤਣ ਨਾਲ ਕਈ ਤਰ੍ਹਾਂ ਦੀਆਂ ਲਾਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਚਲਾਏ ਜਾਂਦੇ। ਟੀਕਾਕਰਨ ਪ੍ਰੋਗਰਾਮਾਂ ਦਾ ਲਾਭ ਉਠਾਇਆ ਜਾਵੇ। ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਸਿਹਤ ਸੰਸਥਾਵਾਂ ਵਿੱਚ ਸਫ਼ਾਈ ਅਤੇ ਇਨਫੈਕਸ਼ਨ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ। ਸਿਵਲ ਸਰਜਨ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਨਾ ਕਰਨ ਅਤੇ ਹੋਰਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ, ਕਿਉਂਕਿ ਅੱਜ ਦੀ ਸਾਵਧਾਨੀ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਦਵਾਈਆਂ ਦੀ ਪ੍ਰਭਾਵਸ਼ੀਲਤਾ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ।