ਅਣਪਛਾਤੇ ਚੋਰਾਂ ਵੱਲੋਂ ਏਸੀ ਦਾ ਕੰਪ੍ਰੈਸਰ ਚੋਰੀ ਅਣਪਛਾਤੇ ਚੋਰਾਂ ਵੱਲੋਂ ਏਸੀ ਦਾ ਕੰਪ੍ਰੈਸਰ ਚੋਰੀ
Publish Date: Mon, 28 Sep 2026 05:41 PM (IST)
Updated Date: Tue, 29 Sep 2026 04:04 AM (IST)
ਤਹਿਸੀਲ ਕੰਪਲੈਕਸ ਚ ਹੋ ਰਹੀਆਂ ਚੋਰੀਆਂ ਨੇ ਵਕੀਲਾਂ ਦੀਆਂ ਚਿੰਤਾਵਾਂ ਵਧਾਈਆਂ ਲਖਵਿੰਦਰ ਸੋਨੂੰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ ਦੀ ਪੁਰਾਣੀ ਤਹਿਸੀਲ ਕੰਪਲੈਕਸ ਚ ਬੀਤੇ ਦਿਨੀਂ ਵਸੀਕਾ ਨਵੀਸਾਂ ਦੇ ਚੈਂਬਰਾਂ ਨੂੰ ਲੱਗੀਆਂ ਬਿਜਲੀ ਦੀਆਂ ਤਾਰਾਂ ਅਣਪਛਾਤਿਆਂ ਵੱਲੋਂ ਕੱਟਣ ਦਾ ਮਾਮਲਾ ਹਾਲੇ ਹਲ ਨਹੀਂ ਹੋਇਆ ਸੀ ਕਿ ਦੇਰ ਰਾਤ ਐਡਵੋਕੇਟ ਕ੍ਰਿਸ਼ਨ ਭੁੱਟਾ ਦੇ ਚੈਂਬਰ ਦੇ ਉਪਰੋਂ ਅਣਪਛਾਤਿਆਂ ਵੱਲੋਂ ਏਸੀ ਦਾ ਕੰਪ੍ਰੈਸ਼ਰ ਚੋਰੀ ਕਰ ਲਿਆ ਗਿਆ ਹੈ। ਜਿਸ ਕਾਰਨ ਉਨ੍ਹਾਂ ਦਾ ਕਰੀਬ 25 ਤੋਂ 30 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਐਡਵੋਕੇਟ ਅਨਿਲ ਕਟਾਰੀਆ ਦੇ ਏਸੀ ਦੇ ਕੰਪ੍ਰੈਸ਼ਰ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਏਸੀ ਨਾਂ ਪੁੱਟ ਹੋਣ ਕਾਰਨ ਏਸੀ ਦਾ ਤਾਂਬੇ ਦਾ ਪਾਈਪ ਤੋੜ ਕੇ ਉਸ ਵਿਚੋਂ ਤਾਂਬਾ ਚੋਰੀ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਬਿਜਲੀ ਦਾ ਮੀਟਰ ਵੀ ਤੋੜ ਕੇ ਸੁੱਟ ਦਿੱਤਾ ਗਿਆ ਹੈ। ਐਡਵੋਕੇਟ ਕ੍ਰਿਸ਼ਨ ਭੂੱਟਾ ਅਤੇ ਅਨਿਲ ਕਟਾਰੀਆ ਨੇ ਕਿਹਾ ਕਿ ਪੁਲਿਸ ਨੂੰ ਅਣਪਛਾਤੇ ਚੋਰਾਂ ਨੂੰ ਕਾਬੂ ਕਰਨ ਦੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਹੋ ਰਹੇ ਨੁਕਸਾਨ ਦੀ ਭਰਪਾਈ ਹੋ ਸਕੇ। ਉਨ੍ਹਾਂ ਦੱਸਿਆ ਕਿ ਤਹਿਸੀਲ ਕਾਂਪਲੈਕਸ ਚ ਵਕੀਲਾਂ ਦੇ ਦਫਤਰਾਂ ਦੇ ਨਾਲ ਨਾਲ ਸੇਵਾ ਕੇਂਦਰ, ਪਟਵਾਰ ਖਾਨਾ, ਐੱਸਐੱਸਪੀ, ਡੀਸੀ ਦਫਤਰ ਦੇ ਨਾਲ ਹੋਰ ਵੀ ਸਰਕਾਰੀ ਦਫਤਰ ਹਨ। ਜਿਸ ਕਾਰਨ ਇੰਨ੍ਹਾਂ ਦੀ ਸੁਰਖਿਆ ਵੀ ਖਤਰੇ ਵਿਚ ਜਾਪ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਣਪਛਾਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਜਾਂਚ ਅਫ਼ਸਰ ਨੇ ਮੌਕਾ ਦੇਖਣ ਉਪਰੰਤ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਅਣਪਛਾਤੇ ਚੋਰਾਂ ਨੂੰ ਨੱਥ ਪਾਈ ਜਾਵੇਗੀ। ਪੁਲਿਸ ਵੱਲੋਂ ਵਕੀਲਾਂ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।