ਐੱਸਕੇਐੱਮ ਨੇ ਮੁੱਖ ਮੰਤਰੀ ਦੇ ਨਾਂਅ ਐੰਸਡੀਐਮ ਨੂੰ ਸੌੰਪਿਆ ਮੰਗ ਪੱਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਨਾਂਅ ਐੰਸਡੀਐਮ ਨੂੰ ਸੌੰਪਿਆ ਮੰਗ ਪੱਤਰ
Publish Date: Fri, 13 Nov 2026 03:43 PM (IST)
Updated Date: Fri, 13 Nov 2026 03:45 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਅੱਜ ਐੱਸਡੀਐਮ/ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਮੰਗ ਪੱਤਰ ਸੌਂਪਦਿਆਂ ਪੰਜਾਬ ਦੀਆਂ 400 ਮੰਡੀਆਂ ਵਿੱਚ ਬੰਦ ਕੀਤੀ। ਝੋਨੇ ਦੀ ਸਰਕਾਰੀ ਖਰੀਦ ਤੁਰੰਤ ਚਾਲੂ ਕਰਨ ਅਤੇ ਕਿਸਾਨਾਂ ਦਾ ਦਾਣਾ-ਦਾਣਾ ਖਰੀਦਣ ਦੀ ਪੁਰਜ਼ੋਰ ਮੰਗ ਕੀਤੀ। ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ 180 ਲੱਖ ਟਨ ਦਾ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਖਰੀਦ ਬੰਦ ਕਰਨਾ ਬਿਲਕੁਲ ਗੈਰ-ਵਾਜਬ ਹੈ, ਕਿਉਂਕਿ ਇਸ ਵਾਰ ਕੁਦਰਤੀ ਆਫ਼ਤਾਂ ਤੋਂ ਬਚਾਅ ਕਾਰਨ ਝੋਨੇ ਦਾ ਝਾੜ 220 ਲੱਖ ਟਨ ਤੋਂ ਵੱਧ ਰਹਿਣ ਦਾ ਅਨੁਮਾਨ ਹੈ (ਜਦਕਿ ਸਾਲ 2020-21 ਵਿੱਚ ਵੀ 203.10 ਲੱਖ ਟਨ ਖਰੀਦ ਹੋਈ ਸੀ) ਅਤੇ ਪਛੇਤੀ ਪੂਸਾ 44 ਤੇ 126 ਕਿਸਮ ਦੀ ਆਮਦ ਕਾਰਨ ਫਾਜ਼ਿਲਕਾ, ਮੁਕਤਸਰ, ਮਾਨਸਾ, ਬਠਿੰਡਾ, ਫਰੀਦਕੋਟ, ਮੋਗਾ, ਬਰਨਾਲਾ, ਮਲੇਰਕੋਟਲਾ, ਸੰਗਰੂਰ, ਪਟਿਆਲਾ ਅਤੇ ਲੁਧਿਆਣਾ ਦੀਆਂ ਮੰਡੀਆਂ ਵਿਚ ਹਾਲੇ ਵੀ 35 ਫ਼ੀਸਦੀ ਤੋਂ ਵੱਧ ਝੋਨਾ ਵਿਕਣ ਲਈ ਪਿਆ ਹੈ। ਇਸ ਦੇ ਨਾਲ ਹੀ, ਗੰਨੇ ਦੀ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਅਜੇ ਤੱਕ ਗੰਨੇ ਦਾ ਭਾਅ ਨਾ ਐਲਾਨਣ ਅਤੇ ਚੰਡੀਗੜ੍ਹ ਮੋਰਚੇ ਦੌਰਾਨ (1 ਤੋਂ 7 ਸਤੰਬਰ) ਕੀਤੇ ਵਾਅਦਿਆਂ ਤੋਂ ਮੁੱਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਬੰਦ ਕੀਤੀਆਂ 400 ਮੰਡੀਆਂ ਵਿੱਚ ਝੋਨੇ ਦੀ ਖਰੀਦ ਤੁਰੰਤ ਬਹਾਲ ਕੀਤੀ ਜਾਵੇ, ਗੰਨੇ ਦਾ ਭਾਅ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਧ ਭਾਵ 500 ਰੁਪਏ ਪ੍ਰਤੀ ਕੁਇੰਟਲ ਤੁਰੰਤ ਐਲਾਨਿਆ ਜਾਵੇ, ਗੰਨੇ ਦੀ ਸਾਰੀ ਅਦਾਇਗੀ ਇੱਕ ਕਾਊਂਟਰ ਰਾਹੀਂ ਇੱਕੋ ਵਾਰ ਯਕੀਨੀ ਬਣਾਈ ਜਾਵੇ ਅਤੇ ਪਿਛਲਾ ਸਾਰਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਨਹੀਂ ਤਾਂ ਕਿਸਾਨ ਇਨ੍ਹਾਂ ਮਸਲਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਦੇਰੀ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸੁਖਵਿੰਦਰ ਸਿੰਘ ਬੱਲੋਵਾਲ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ ਗਿਆ ਨਾਲ, ਗੁਰਨੇਕ ਸਿੰਘ ਵਾਈਸ ਪ੍ਰਧਾਨ, ਸਤਵਿੰਦਰ ਸਿੰਘ ਖਟਕੜ ਕਲਾਂ, ਜਸਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਜੀਂਦੋਵਾਲ, ਸਰਨਜੀਤ ਸਿੰਘ ਪ੍ਰੈਸ ਸਕੱਤਰ, ਅਮਰੀਕ ਸਿੰਘ, ਸੰਤੋਖ ਸਿੰਘ ਝੰਡੇਰ, ਹਰਪ੍ਰੀਤ ਸਿੰਘ ਵਾਈਸ ਪ੍ਰਧਾਨ ਬਲਾਕ ਬੰਗਾ, ਅਮਨ ਸਿੰਘ ਆਦਿ ਮੈਂਬਰ ਹਾਜ਼ਰ ਸਨ।