- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣਪਛਾਤਿਆਂ ਵੱਲੋਂ ਦਸ਼ਮੇਸ਼ ਇੰਜੀਨੀਅਰਿੰਗ ਵਰਕਸ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ

ਗੌਰਵ ਗਾਬਾ, ਪੰਜਾਬੀ ਜਾਗਰਣ
ਰਾਹੋਂ : ਜਾਡਲਾ ਰੋਡ ਰਾਹੋਂ ਸਥਿਤ ਦਸ਼ਮੇਸ਼ ਇੰਜੀਨੀਅਰਿੰਗ ਵਰਕਸ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਕਰ ਲਿਆ। ਤੜਕਸਾਰ ਵਾਪਰੀ ਇਸ ਘਟਨਾ ਦਾ ਪਤਾ ਦੁਕਾਨਦਾਰ ਵੱਲੋਂ ਸਵੇਰੇ ਆਪਣੀ ਦੁਕਾਨ ਖੋਲ੍ਹਣ ’ਤੇ ਪਤਾ ਚੱਲਿਆ। ਸ਼ਟਰ ਦੇ ਟੁੱਟੇ ਤਾਲੇ ਦੇਖ ਕੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਦੁਕਾਨਦਾਰ ਅਵਤਾਰ ਸਿੰਘ ਅਤੇ ਪੁੱਤਰ ਹਰਦੀਪ ਸਿੰਘ ਨੇ ਦਸਿਆ ਕਿ ਜਦੋਂ ਉਹ ਸਵੇਰੇ ਦੁਕਾਨ ’ਤੇ ਪਹੁੰਚੇ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਜਾ ਕੇ ਦੇਖਣ 'ਤੇ ਪਤਾ ਲੱਗਾ ਕਿ ਚੋਰ ਦੁਕਾਨ ਵਿਚੋਂ ਕਾਫ਼ੀ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਅਨੁਸਾਰ ਵਾਰਦਾਤ ਤੜਕਸਾਰ ਕਰੀਬ 4 ਵਜੇ ਹੋਈ ਹੋਣ ਦਾ ਖ਼ਦਸ਼ਾ ਹੈ। ਦੁਕਾਨਦਾਰਾਂ ਮੁਤਾਬਕ ਚੋਰ 25 ਕਿਲੋਵਾਟ ਦਾ ਅਲਟਰਨੇਟਰ, ਮੋਟਰ, ਦੋ ਰੈਗੂਲੇਟਰ, ਟਰਾਂਸਫਾਰਮਰ, ਟੂਲ ਕਿੱਟ, ਜਨਰੇਟਰ ਦਾ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ 70 ਹਜ਼ਾਰ ਰੁਪਏ ਦੱਸੀ ਗਈ ਹੈ। ਦੁਕਾਨਦਾਰਾਂ ਨੇ ਇਸ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਦੁਕਾਨਾਂ ਵਿਚ ਮਿਹਨਤ ਨਾਲ ਕਮਾਇਆ ਪੈਸਾ ਲਗਾ ਕੇ ਕਾਰੋਬਾਰ ਚਲਾਉਣ ਵਾਲੇ ਲੋਕਾਂ ਲਈ ਅਜਿਹੀਆਂ ਵਾਰਦਾਤਾਂ ਵੱਡੀ ਮੁਸ਼ਕਲ ਖੜ੍ਹੀ ਕਰਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਚੋਰੀ ਦੀ ਘਟਨਾ ਦੀ ਜਾਂਚ ਕਰਕੇ ਚੋਰਾਂ ਦੀ ਪਛਾਣ ਕੀਤੀ ਜਾਵੇ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ।