ਪਿੰਡ ਗੜੁਪੜ ’ਚ ਘਰ ਦੇ ਗੇਟ ’ਤੇ ਹਮਲਾ ਕਰ ਕੇ ਅਣਪਛਾਤੇ ਹਮਲਾਵਰ ਫ਼ਰਾਰ ਪਿੰਡ ਗੜੁਪੜ 'ਚ ਘਰ ਦੇ ਗੇਟ ਦੇ ਹਮਲਾ ਕਰਕੇ ਅਣਪਛਾਤੇ ਹਮਲਾਵਰ ਫਰਾਰ
Publish Date: Tue, 08 Sep 2026 04:17 PM (IST)
Updated Date: Tue, 08 Sep 2026 04:19 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਿੰਡ ਗੜੁਪੜ ਵਿਖੇ ਸਰਵਰ ਰਾਮ ਪੁੱਤਰ ਗੁਰਦੇਵ ਰਾਮ ਦੇ ਘਰ ਦੇ ਮੇਨ ਗੇਟ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਫ਼ਰਾਰ ਹੋਏ ਹਮਲਾਵਰਾਂ ਖ਼ਿਲਾਫ਼ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਪੀੜਿਤ ਸਰਵਰ ਰਾਮ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 2 ਵਜੇ ਜਦੋਂ ਗਲੀ ਵਿਚ ਕੁੱਤਾ ਭੌਂਕ ਰਿਹਾ ਸੀ ਤਾਂ ਉਨ੍ਹਾਂ ਕੁੱਤੇ ਨੂੰ ਹਟਾਉਣ ਲਈ ਜਦੋਂ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਕੁੱਤਾ ਅਣਪਛਾਤੇ ਨੌਜਵਾਨਾਂ ਨੂੰ ਭੌਂਕ ਰਿਹਾ ਸੀ। ਜਦਕਿ ਉਨ੍ਹਾਂ ਨੂੰ ਦੇਖ ਕੇ ਅਣਪਛਾਤੇ ਨੌਜਵਾਨ ਉਨ੍ਹਾਂ ਵੱਲ ਕਿਰਪਾਨਾ ਲੈ ਕੇ ਭੱਜੇ। ਇਹ ਵੇਖ ਕੇ ਉਹ ਡਰ ਗਏ ਅਤੇ ਆਪਣੇ ਘਰ ਦਾ ਮੇਨ ਗੇਟ ਬੰਦ ਕਰ ਕੇ ਅੰਦਰ ਵੜ ਗਏ ਅਤੇ ਉਨ੍ਹਾਂ ਰੌਲਾ ਪਾ ਦਿੱਤਾ। ਇੰਨੀ ਦੇਰ ’ਚ ਅਣਪਛਾਤੇ 5-6 ਨੌਜਵਾਨ ਕਿਰਪਾਨਾਂ ਨਾਲ ਉਨ੍ਹਾਂ ਦੇ ਮੇਨ ਗੇਟ ’ਤੇ ਹਮਲਾ ਕਰਨ ਲੱਗ ਪਏ। ਸਰਵਰ ਰਾਮ ਦਾ ਰੌਲਾ ਸੁਣ ਕੇ ਗੁਆਂਢੀ ਰਾਮ ਲਾਲ ਅਤੇ ਹੋਰਨਾਂ ਨੇ ਹਮਲਾਵਰਾਂ ਨੂੰ ਰੋਕਣ ਅਤੇ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀ ਪਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸਰਵਰ ਰਾਮ ਨੇ ਦੱਸਿਆ ਕਿ ਜੇਕਰ ਹਮਲਾਵਰ ਘਰ ਵਿਚ ਆ ਵੜਦੇ ਤਾਂ ਉਨ੍ਹਾਂ ਨੇ ਘਰ ਵਿਚ ਸੁੱਤੇ ਪਏ ਉਨ੍ਹਾਂ ਦੇ ਬੱਚਿਆਂ ਸਮੇਤ ਉਨ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਨਾ ਸੀ। ਉਨ੍ਹਾਂ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਪ੍ਰਸ਼ਾਸਨ ਤੋਂ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਕਰਨ ਅਤੇ ਕਥਿਤ ਹਮਲਾਵਰਾਂ ਨੂੰ ਛੇਤੀ ਤੋਂ ਛੇਤੀ ਕਾਬੂ ਕਰ ਕੇ ਸਖਤ ਸਜ਼ਾ ਦਿਵਾਉਣ ਦੀ ਵੀ ਮੰਗ ਕੀਤੀ। ਉਧਰ ਗੁਆਂਢੀ ਰਾਮ ਲਾਲ ਨੇ ਕਿਹਾ ਕਿ ਕਰੀਬ 2 ਵਜੇ ਜਦੋਂ ਉਨ੍ਹਾਂ ਮੇਨ ਗੇਟ ’ਤੇ ਖੜਾਕਾ ਸੁਣਿਆ ਤਾਂ ਉਨ੍ਹਾਂ ਨੇ ਆਪਣੇ ਘਰ ਦੀ ਛੱਤ ਤੋਂ ਦੇਖਿਆ ਤਾਂ ਹਮਲਾਵਰ ਸਰਵਰ ਰਾਮ ਦੇ ਗੇਟ ’ਤੇ ਕਿਰਪਾਨਾਂ ਨਾਲ ਹਮਲਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਰੌਲਾ ਪੈਣ ਕਾਰਨ ਅਤੇ ਲੋਕਾਂ ਨੂੰ ਇਕੱਠੇ ਹੁੰਦਿਆਂ ਦੇਖ ਹਮਲਾਵਰ ਵਾਪਸ ਮੁੜੇ, ਜਦਕਿ ਇਕ ਹਮਲਾਵਰ ਦੁਬਾਰਾ ਕਿਰਪਾਨ ਲੈ ਕੇ ਸਰਵਰ ਰਾਮ ਦੇ ਗੇਟ ’ਤੇ ਹਮਲਾ ਕਰਨ ਲੱਗ ਪਿਆ। ਜਿਸ ਕਾਰਨ ਉਨ੍ਹਾਂ ਉਸ ਨੂੰ ਦਬਕਾ ਮਾਰਿਆ ਕਿ ਠਹਿਰ ਜਾ ਉਸ ਨੂੰ ਆ ਲੈਣ ਦੇ। ਇਹ ਸੁਣ ਕੇ ਸਾਰੇ ਨੌਜਵਾਨ ਮੌਕੇ ਤੋਂ ਕਿਰਪਾਨਾਂ ਨਾਲ ਫ਼ਰਾਰ ਹੋ ਗਏ। ਸਰਵਰ ਰਾਮ ਨੇ ਦੱਸਿਆ ਕਿ ਉਹ ਦੀ ਪਤਨੀ ਜੋ ਕਿ ਆਪਣਾ ਇਲਾਜ ਕਰਵਾਉਣ ਲਈ ਲੁਧਿਆਣਾ ’ਚ ਦਾਖਲ ਹੈ, ਜੇਕਰ ਉਹ ਘਰ ਹੁੰਦੀ ਤਾਂ ਉਸ ਨੂੰ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਉਧਰ ਮੌਕੇ ਦਾ ਜਾਇਜ਼ਾ ਲੈਣ ਪੁੱਜੀ ਪੁਲਿਸ ਨੇ ਸਰਵਰ ਰਾਮ ਦੇ ਬਿਆਨ ’ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।