- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਬੰਗਾ ਤੋਂ ਬਾਲ ਭਿਖਿਆ ਵਿੱਚ ਲੱਗੇ ਹੋਏ ਇੱਕ ਬੱਚੇ ਨੂੰ ਕੀਤਾ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਬਾਲ ਭਿੱਖਿਆ ਖਿਲਾਫ ਪ੍ਰੋਜੈਕਟ ਜੀਵਨ ਜੋਤ 2.0 ਨੂੰ ਜ਼ਿਲ੍ਹੇ ’ਚ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬੰਗਾ ਬਲਾਕ ਵਿਚ ਬਾਲ ਭਿਖਾਰੀਆਂ ਨੂੰ ਰੈਸਕਿਊ ਕਰਨ ਲਈ ਬੱਸ ਸਟੈਂਡ ਰੋਡ, ਨਵਾਂਸ਼ਹਿਰ ਰੋਡ, ਗੜ੍ਹਸ਼ੰਕਰ ਚੌਕ ਅਤੇ ਮੇਨ ਬਾਜ਼ਾਰ ਬੰਗਾ ਤੇ ਬਾਲ ਭਿਖਾਰੀਆਂ ਦੀ ਭਾਲ ਕੀਤੀ ਗਈ। ਚੈਕਿੰਗ ਟੀਮ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨਿੱਜੀ ਤੌਰ ’ਤੇ ਸ਼ਾਮਲ ਸਨ। ਚੈਕਿੰਗ ਦੌਰਾਨ ਟੀਮ ਨੂੰ ਇੱਕ ਬੱਚੀ ਉਮਰ ਤਕਰੀਬਨ 12 ਸਾਲ, ਜੋ ਕਿ ਮੌਕੇ ’ਤੇ ਭੀਖ ਮੰਗਣ ਦੇ ਨਾਲ-ਨਾਲ ਕੁੱਝ ਪੈੱਨ ਵੀ ਵੇਚ ਰਹੀ ਸੀ, ਟੀਮ ਵੱਲੋਂ ਬੱਚੀ ਨੂੰ ਰੈਸਕਿਊ ਕੀਤਾ ਗਿਆ। ਬੱਚੀ ਦੀ ਮੌਕੇ ’ਤੇ ਹੀ ਭੀਖ ਨਾ ਮੰਗਣ ਬਾਰੇ ਅਤੇ ਸਿੱਖਿਆ ਲਈ ਸਕੂਲ ਜਾਣ ਬਾਰੇ ਕੌਂਸਲਿੰਗ ਵੀ ਕੀਤੀ ਅਤੇ ਬੱਚੀ ਨੂੰ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ ਤਾਂ ਜੋ ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੇ ਦੱਸਿਆ ਕਿ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਲਗਾਤਾਰ ਹੀ ਬਾਲ ਭਿਖਿਆ ਸਬੰਧੀ ਚੈਕਿੰਗ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਸਾਲ 2026 ਵਿਚ ਹੁਣ ਤੱਕ ਕੁੱਲ 15 ਬੱਚਿਆਂ (ਦੱਸ ਲੜਕੇ ਅਤੇ ਪੰਜ ਲੜਕੀਆਂ) ਨੂੰ ਬਾਲ ਭਿੱਖਿਆ ਤੋਂ ਹਟਾ ਕੇ ਸਿੱਖਿਆ ਨਾਲ ਜੋੜਿਆ ਜਾ ਚੁੱਕਿਆ ਹੈ। ਅੱਜ ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਆਮ ਜਨਤਾ ਨੂੰ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਅਤੇ ਮਜ਼ਦੂਰੀ ਨਾ ਕਰਵਾਉਣ ਅਤੇ ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਬਾਲ ਸੁਰੱਖਿਆ ਯੂਨਿਟ ਨੂੰ ਚਾਈਲਡ ਹੈਲਪਲਾਈਨ ਨੰਬਰ 1098 ਤੇ ਸੂਚਿਤ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਅਤੇ ਮਜ਼ਦੂਰੀ ਕਰਵਾਣਾ ਕਾਨੂੰਨੀ ਤੌਰ ’ਤੇ ਅਪਰਾਧ ਹੈ। ਬਾਲ ਭਿੱਖਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਪਿਓ ਦੀ ਕਾਊਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਂ-ਪਿਓ ਬੱਚਿਆਂ ਤੋਂ ਭੀਖ ਮੰਗਵਾਉਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ। ਚੈਕਿੰਗ ਟੀਮ ਵਿਚ ਪੁਲਿਸ ਵਿਭਾਗ ਤੋਂ ਅੰਮ੍ਰਿਤ ਪਾਲ ਸਿੰਘ, ਸੰਦੀਪ ਕੌਰ ਸੀਨੀਅਰ ਕਾਂਸਟੇਬਲ, ਸਿਹਤ ਵਿਭਾਗ ਤੋਂ ਦਰਬਾਰ ਸਿੰਘ, ਸੀਡੀਪੀਓ ਦਫ਼ਤਰ ਤੋਂ ਆਂਗਨਵਾੜੀ ਵਰਕਰ ਸੀਮਾ ਰਾਣੀ ਦੇ ਨਾਲ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋ ਸੰਤੋਸ਼ (ਡੀਈਓ) ਅਤੇ ਇੰਦਰਜੀਤ (ਡੀਈਓ) ਵੀ ਮੌਜੂਦ ਸਨ।