ਐਸਲਮ ਸੈਂਟਰ ਸਕੂਲ ’ਚ ਸਪੋਰਟਸ ਡੇਅ ਧੂਮ-ਧਾਮ ਨਾਲ ਮਨਾਇਆ ਐਸਲਮ ਸੈਂਟਰ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਪੋਰਟਸ ਡੇ ਧੂਮ-ਧਾਮ ਨਾਲ ਮਨਾਇਆ
Publish Date: Sat, 21 Nov 2026 04:49 PM (IST)
Updated Date: Sat, 21 Nov 2026 04:52 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਐਸਲਮ ਸੈਂਟਰ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਪੋਰਟਸ ਡੇ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਮਨਾਇਆ ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ, ਸਰੀਰਕ ਸਮਰੱਥਾ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਖੇਡਾਂ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਉਤਸ਼ਾਹ ਦੇਖਣਯੋਗ ਸੀ। ਖੇਡ ਸਮਾਰੋਹ ਦਾ ਆਯੋਜਨ ਸਕੂਲ ਦੀ ਚੇਅਰਪਰਸਨ ਰੇਖਾ ਮਿੱਤਲ ਦੀ ਅਗਵਾਈ ਹੇਠ ਕੀਤਾ।।ਉਨ੍ਹਾਂ ਖੇਡ ਸਮਾਰੋਹ ਦਾ ਉਦਘਾਟਨ ਕਰਦਿਆਂ ਬੱਚਿਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਸਗੋਂ ਬੱਚਿਆਂ ਵਿਚ ਅਨੁਸ਼ਾਸਨ, ਸਹਿਣਸ਼ੀਲਤਾ, ਸਹਿਯੋਗ, ਆਤਮ-ਵਿਸ਼ਵਾਸ ਅਤੇ ਜਿੱਤ-ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਸਕੂਲ ਦੀ ਖੇਡ ਕੋਚ ਅਨੂਪਮਾ ਵਰਮਾ ਨੇ ਸੁਚੱਜੇ ਢੰਗ ਨਾਲ ਸਾਰੀਆਂ ਖੇਡ ਗਤੀਵਿਧੀਆਂ ਦਾ ਸੰਚਾਲਨ ਕੀਤਾ। ਉਨ੍ਹਾਂ ਬੱਚਿਆਂ ਨੂੰ ਖੇਡਾਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਪੂਰੀ ਲਗਨ, ਮਿਹਨਤ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਭਾਗ ਲੈਣ ਦੀ ਸਿੱਖਿਆ ਦਿੱਤੀ। ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਖੇਡਾਂ ਵਿਚ ਸਿਰਫ਼ ਜਿੱਤਣਾ ਹੀ ਮਹੱਤਵ ਪੂਰਨ ਨਹੀਂ ਹੁੰਦਾ, ਸਗੋਂ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਭਾਗ ਲੈਣਾ ਵੀ ਆਪਣੇ ਆਪ ਵਿਚ ਇੱਕ ਵੱਡੀ ਪ੍ਰਾਪਤੀ ਹੈ। ਸਪੋਰਟਸ ਡੇ ਦੌਰਾਨ ਛੋਟੇ ਬੱਚਿਆਂ ਲਈ ਕਈ ਦਿਲਚਸਪ ਅਤੇ ਮਨੋਰੰਜਕ ਖੇਡ ਮੁਕਾਬਲੇ ਕਰਵਾਏ ਜਿਨ੍ਹਾਂ ਵਿਚ ਫਰਾਗ ਰੇਸ, ਬੈਗ ਰੇਸ, ਡੱਕ ਰੇਸ, ਸੈਕ ਰੇਸ, ਲੈਮਨ ਰੇਸ, ਥ੍ਰੀ-ਲੈਗ ਰੇਸ ਅਤੇ ਬਾਲ ਕਲੈਕਟਿੰਗ ਰੇਸ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਛੋਟੇ-ਛੋਟੇ ਬੱਚਿਆਂ ਨੇ ਇਨ੍ਹਾਂ ਖੇਡਾਂ ਵਿਚ ਬੜੇ ਚਾਅ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਦੀ ਮਾਸੂਮ ਮੁਸਕਾਨ, ਖੇਡਾਂ ਪ੍ਰਤੀ ਉਤਸੁਕਤਾ ਅਤੇ ਜਿੱਤਣ ਦੀ ਲਗਨ ਨੇ ਸਮਾਰੋਹ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਇਸੇ ਤਰ੍ਹਾਂ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਵੀ ਕਈ ਰੌਮਾਂਚਕ ਅਤੇ ਦਿਲਚਸਪ ਖੇਡ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿਚ ਕਬੱਡੀ, ਖੋ-ਖੋ, ਸ਼ਾਟ-ਪੁੱਟ ਅਤੇ ਬੈਡਮਿੰਟਨ ਮੁੱਖ ਖੇਡਾਂ ਰਹੀਆਂ। ਸਕੂਲ ਪ੍ਰਿੰ. ਹਰਬੰਸ ਲਾਲ ਨੇ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਸਾਰਿਆਂ ਦੇ ਜੀਵਨ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਖੇਡ ਸਮਾਰੋਹ ਨੂੰ ਸਫਲ ਬਣਾਉਣ ਵਿਚ ਸਕੂਲ ਦੇ ਸਮੂਹ ਅਧਿਆਪਕਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਅਧਿਆਪਕ ਨੀਲਮ, ਗੁਰਪ੍ਰੀਤ, ਸੰਦੀਪ, ਰਸ਼ਮੀ, ਅੰਬਿਕਾ, ਸਿਲਵੀਆ, ਕ੍ਰਿਸ਼ਨਾ, ਜਸਵਿੰਦਰ ਕੌਰ, ਬਲਵਿੰਦਰ ਕੌਰ, ਸੁਨਾਲੀ, ਪੁਨੀਤ, ਹਰੀਸ਼ ਮੌਜੂਦ ਸਨ। ਇਸ ਤਰ੍ਹਾਂ ਇਹ ਸਮਾਰੋਹ ਬੱਚਿਆਂ ਦੇ ਮਨਾਂ ਵਿਚ ਖੇਡਾਂ ਪ੍ਰਤੀ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰਦਿਆਂ ਖੁਸ਼ਨੁਮਾ ਯਾਦਾਂ ਛੱਡ ਗਿਆ।