ਦੋ ਦਿਨਾ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਕਰਵਾਇਆ
ਦੋ ਦਿਨਾ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਕਰਵਾਇਆ
Publish Date: Sat, 21 Feb 2026 06:01 PM (IST)
Updated Date: Sun, 22 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ : ਮੇਰਾ ਯੁਵਾ ਭਾਰਤ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੋਆਬਾ ਗਰੁੱਪ ਆਫ ਕਾਲਜਿਜ਼ ਚ ਦੋ ਦਿਨਾਂ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਕਰਵਾਇਆ। ਮੇਰਾ ਯੁਵਾ ਭਾਰਤ (ਮਾਈ ਭਾਰਤ) ਜੋ ਕਿ ਮਨਿਸਟਰੀ ਆਫ਼ ਯੂਥ ਅਫੇਅਰ ਐਂਡ ਸਪੋਰਟਸ ਦੇ ਅਧੀਨ ਦੋਆਬਾ ਗਰੁੱਪ ਆਫ ਕਾਲਜਿਜ਼ ਵਿਚ ਦੋ ਦਿਨਾ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਸਫਲਤਾ ਪੂਰਵਕ ਕਰਵਾਇਆ ਗਿਆ। ਸਮਾਗਮ ਦੌਰਾਨ ਜ਼ਿਲ੍ਹੇ ਦੇ ਚਾਰ ਬਲਾਕਾਂ ਜਿਨ੍ਹਾਂ ਵਿਚ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਸੜੋਆ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਖੇਡ ਭਾਵਨਾ, ਸਰੀਰਕ ਤੰਦਰੁਸਤੀ ਪੈਦਾ ਕਰਨਾ ਸੀ। ਵਿਦਿਆਰਥੀਆਂ ਨੇ ਐਥਲੈਟਿਕ ਅਤੇ ਹੋਰ ਖੇਡ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਅਤੇ ਜੋਸ਼ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਦੇ ਤੌਰ ’ਤੇ ਵੰਦਨਾ ਲਾਓ ਡਿਪਟੀ ਡਾਇਰੈਕਟਰ ਮਾਈ ਭਾਰਤ ਨੇ ਸ਼ਿਰਕਤ ਕੀਤੀ। ਦੋਆਬਾ ਗਰੁੱਪ ਆਫ ਕਾਲਜਿਜ਼ ਦੇ ਪ੍ਰਬੰਧਕ ਮੰਡਲ ਵਿਚੋਂ ਐੱਚਐੱਸ ਬਾਠ ਪ੍ਰਧਾਨ ਅਤੇ ਮੁੱਖ ਮਹਿਮਾਨ ਐਮਐਸ ਬਾਠ ਚੇਅਰਮੈਨ ਵੀ ਸਮਾਗਮ ਵਿਚ ਸ਼ਾਮਲ ਹੋਏ। ਨਵਪ੍ਰੀਤ ਸਿੰਘ ਸੰਘਾ ਟਰੱਸਟੀ, ਗੁਰਪ੍ਰੀਤ ਸਿੰਘ ਬਾਠ ਟਰੱਸਟੀ, ਡਾ. ਖੁਸ਼ਨੀਤ ਕੌਰ ਬਾਠ ਪ੍ਰਿੰਸੀਪਲ ਤੇ ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ ਵੀ ਹਾਜ਼ਰ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਜੀਵਨ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਲਗਨ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੱਤੀ। ਵੰਦਨਾ ਲਾਓ ਨੇ ਸਰਕਾਰ ਵੱਲੋਂ ਮਾਈ ਭਾਰਤ ਜਿਹੇ ਪਲੇਟ ਫਾਰਮਾਂ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਵਚਨਬੱਧਤਾ ਬਾਰੇ ਜ਼ਿਕਰ ਕੀਤਾ। ਵਿਦਿਆਰਥੀਆਂ ਨੇ ਲੰਬੀ ਛਾਲ, ਸ਼ਾਟ ਪੁੱਟ, 200 ਮੀਟਰ ਦੌੜ ਅਤੇ ਮਨੋਰੰਜਕ ਖੇਡਾਂ ਫੁੱਟਬਾਲ, ਵਾਲੀਬਾਲ ਅਤੇ ਰੱਸਾਕਸੀ ਚ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਅਤੇ ਭਾਗੀਦਾਰਾਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ ਤੇ ਸਮਾਗਮ ਏਕਤਾ, ਖੇਡ ਭਾਵਨਾ ਅਤੇ ਨੌਜਵਾਨ ਸਸ਼ਕਤੀਕਰਨ ਦੇ ਜਜ਼ਬੇ ਨਾਲ ਸੰਪੰਨ ਹੋਇਆ।