ਕੇਸੀ ਪਬਲਿਕ ਸਕੂਲ ’ਚ ਦੋ ਰੋਜ਼ਾ ਬੀਐੱਸਟੀਡੀ ਟ੍ਰੇਨਿੰਗ ਸੰਪੰਨ ਕੇ.ਸੀ. ਪਬਲਿਕ ਸਕੂਲ ਵਿਚ ਸੀਬੀਐੱਸਈ ਦੀ ਦੋ ਰੋਜ਼ਾ ਬੀਐੱਸਟੀਡੀ ਟ੍ਰੇਨਿੰਗ ਸੰਪੰਨ
Publish Date: Thu, 26 Nov 2026 03:43 PM (IST)
Updated Date: Thu, 26 Nov 2026 03:46 PM (IST)
-ਪੰਜਾਬ ਦੇ ਵੱਖੋ-ਵੱਖ ਸਕੂਲਾਂ ਤੋਂ ਲਗਭਗ 70 ਅਧਿਆਪਕਾਂ ਨੇ ਲਿਆ ਹਿਸਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਵਿਚ ਸੀਬੀਐੱਸਈ ਵੱਲੋਂ ਕਰਵਾਈ ਗਈ ਦੋ ਰੋਜ਼ਾ ਬੀਐੱਸਟੀਡੀ (ਬਿਜ਼ਨਸ ਸਟੱਡੀਜ਼) ਟ੍ਰੇਨਿੰਗ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਟ੍ਰੇਨਿੰਗ ਵਿਚ ਪੰਜਾਬ ਦੇ ਵੱਖੋ-ਵੱਖ ਸਕੂਲਾਂ ਤੋਂ ਲਗਭਗ 70 ਅਧਿਆਪਕਾਂ ਨੇ ਹਿਸਾ ਲੈ ਕੇ ਆਪਣੇ ਅਧਿਆਪਨ ਹੁਨਰ ਅਤੇ ਗਿਆਨ ਵਿੱਚ ਵਾਧਾ ਕੀਤਾ। ਟ੍ਰੇਨਿੰਗ ਦੌਰਾਨ ਰਿਸੋਰਸ ਪਰਸਨ ਵਜੋਂ ਸਿਰਸਾ ਤੋਂ ਵਾਈਸ ਪ੍ਰਿੰਸੀਪਲ ਅਤੇ ਐੱਨਆਈਐੱਸਐੱਮ ਫਾਈਨੈਂਸ਼ੀਅਲ ਲਿਟਰੇਸੀ ਕੋਚ ਰਾਜਨ ਕੁਮਾਰ ਅਤੇ ਲੁਧਿਆਣਾ ਤੋਂ ਨੀਰਜ ਆਨੰਦ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਪੂਜਾ ਸ਼ਾਰਦਾ ਨੇ ਸਮੂਹ ਮਹਿਮਾਨਾਂ ਅਤੇ ਹਿਸਾ ਲੈਣ ਵਾਲੇ ਅਧਿਆਪਕਾਂ ਦਾ ਸੁਆਗਤ ਕੀਤਾ। ਇਸ ਉਪਰੰਤ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਰਿਸੋਰਸ ਪਰਸਨਾਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਬਿਜ਼ਨਸ ਸਟੱਡੀਜ਼ ਵਿਸ਼ੇ ਨੂੰ ਵਿਦਿਆਰਥੀਆਂ ਨੂੰ ਸਰਲ ਭਾਸ਼ਾ ਅਤੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਉਦਾਹਰਨਾਂ ਰਾਹੀਂ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ। ਇਸ ਵਿਸ਼ੇ ਤਹਿਤ ਬਿਜਨੈਸ ਦਾ ਅਰਥ ਅਤੇ ਮਹੱਤਵ, ਵਪਾਰ ਦੀਆਂ ਕਿਸਮਾਂ ਅਤੇ ਸੰਗਠਨ, ਬਿਜਨੈਸ ਪ੍ਰਬੰਧਨ ਅਤੇ ਇਸ ਦੇ ਸਿਧਾਂਤ, ਉੱਦਮਤਾ, ਨਵਾਂ ਬਿਜਨੈਸ ਸ਼ੁਰੂ ਕਰਨ ਦੀ ਜਾਣਕਾਰੀ, ਬਿਜਨੈਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਅਤੇ ਨੈਤਿਕਤਾ ਵਰਗੇ ਵਿਸ਼ਿਆਂ ਬਾਰੇ ਪ੍ਰੈਕਟੀਕਲ ਅਤੇ ਮੌਖਿਕ ਤਰੀਕਿਆਂ ਨਾਲ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਅਧਿਆਪਕ ਦਾ ਪੂਰੀ ਤਿਆਰੀ ਨਾਲ ਕਲਾਸ ਵਿੱਚ ਜਾਣਾ ਜ਼ਰੂਰੀ ਹੈ। ਅਧਿਆਪਕ ਨੂੰ ਪਾਠ ਦੀ ਵਿਸ਼ਾ-ਵਸਤੂ, ਮਹੱਤਵਪੂਰਨ ਨੁਕਤਿਆਂ, ਉਦਾਹਰਨਾਂ ਅਤੇ ਗਤੀਵਿਧੀਆਂ ਦੀ ਪਹਿਲਾਂ ਤੋਂ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਵਿਦਿਆਰਥੀਆਂ ਦੇ ਸਵਾਲਾਂ ਅਤੇ ਜਗਿਆਸਾਵਾਂ ਦਾ ਸਹੀ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਨੇ ਨਵੀਆਂ ਅਧਿਆਪਨ ਤਕਨੀਕਾਂ, ਵਿਹਾਰਕ ਗਤੀਵਿਧੀਆਂ ਅਤੇ ਕਲਾਸ ਪ੍ਰਬੰਧਨ ਰਾਹੀਂ ਪੜ੍ਹਾਈ ਨੂੰ ਹੋਰ ਦਿਲਚਸਪ ਬਣਾਉਣ ਦੇ ਤਰੀਕੇ ਵੀ ਸਾਂਝੇ ਕੀਤੇ। ਰਿਸੋਰਸ ਪਰਸਨਾਂ ਨੇ ਅਧਿਆਪਕਾਂ ਨੂੰ ਇਹ ਵੀ ਸਮਝਾਇਆ ਕਿ ਕਿਸੇ ਵੀ ਵਿਦਿਆਰਥੀ ਨਾਲ ਉਸ ਦੇ ਲਿੰਗ, ਭਾਸ਼ਾ ਜਾਂ ਪਹਿਰਾਵੇ ਦੇ ਆਧਾਰ ਤੇ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਨਾ ਚਾਹੀਦਾ ਹੈ।।ਪ੍ਰਿੰ. ਪੂਜਾ ਸ਼ਾਰਦਾ ਨੇ ਕਿਹਾ ਕਿ ਸੀਬੀਐੱਸਈ ਵੱਲੋਂ ਕਰਵਾਈ ਗਈ ਇਹ ਵਰਕਸ਼ਾਪ ਗਿਆਨ ਦਾ ਭੰਡਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਰਿਸੋਰਸ ਪਰਸਨਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਅਮਲ ਵਿੱਚ ਲਿਆਉਂਦੇ ਹੋਏ ਹਰ ਵਿਦਿਆਰਥੀ ਅਤੇ ਸਟਾਫ ਮੈਂਬਰ ਨਾਲ ਬਰਾਬਰ ਦਾ ਵਿਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੀਬੀਐੱਸਈ ਵੱਲੋਂ ਅਧਿਆਪਕਾਂ ਦੇ ਅਕਾਦਮਿਕ ਵਿਕਾਸ ਲਈ ਸਮੇਂ-ਸਮੇਂ ਤੇ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾਂਦੀਆਂ ਹਨ।