- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣਪਛਾਤੇ ਚੋਰ ਵੱਲੋੰ ਬਾੜੇ ਚੋੰ ਦੋ ਝੋਟੀਆਂ ਚੋਰੀ

- ਪਰਿਵਾਰ ਦਾ ਹੋਇਆ 3 ਲੱਖ ਤੋਂ ਵੱਧ ਦਾ ਨੁਕਸਾਨ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪਿੰਡ ਗੁੱਜਰਪੁਰ ਵਿਖੇ ਇਕ ਬਾੜੇ ਵਿਚ ਬੰਨ੍ਹੀਆਂ ਦੋ ਝੋਟੀਆਂ ਨੂੰ ਚੋਰੀ ਕਰ ਕੇ ਲਿਜਾਉਣ ਵਾਲੇ ਅਣਪਛਾਤੇ ਚੋਰਾਂ ਵੱਲੋਂ ਬਾੜੇ ਵਿਚ ਬੰਨ੍ਹੇ ਦੋ ਕੁੱਤਿਆਂ ਨੂੰ ਨਸ਼ੀਲੇ ਬਿਸਕੁਟ ਖਵਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਕਾਰਨ ਪੀੜਤ ਹੰਸ ਰਾਜ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਣਪਛਾਤੇ ਚੋਰਾਂ ਵੱਲੋਂ ਚੋਰੀ ਕੀਤੀਆਂ ਝੋਟੀਆਂ ਦੀ ਕੀਮਤ ਕਰੀਬ 3 ਲੱਖ ਬਣਦੀ ਹੈ। ਜਿਸ ਕਾਰਨ ਉਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ। ਗੁਰਪ੍ਰੀਤ ਨੇ ਦੱਸਿਆ ਕਿ ਉਸ ਦੇ ਪਿਤਾ ਹੰਸ ਰਾਜ ਦੇਰ ਰਾਤ 1 ਵਜੇ ਦੇ ਕਰੀਬ ਬਾੜੇ ਵਿਚ ਗੇੜਾ ਮਾਰ ਕੇ ਗਿਆ ਸੀ। ਉਦੋਂ ਸਭ ਕੁੱਝ ਠੀਕ ਠਾਕ ਸੀ। ਪਰ ਜਦੋਂ ਉਹ ਤੜਕਸਾਰ ਬਾੜੇ ਵਿਚ ਆਏ ਤਾਂ ਦੇਖਿਆ ਕਿ ਅਣਪਛਾਤੇ ਚੋਰਾਂ ਵੱਲੋਂ ਬਾੜੇ ਦਾ ਪਿਛਲੇ ਗੇਟ ਦਾ ਜਿੰਦਰਾ ਭੰਨ੍ਹ ਕੇ ਬਾੜੇ ਵਿਚ ਬੰਨ੍ਹੀਆਂ ਦੋ ਝੋਟੀਆਂ ਚੋਰੀ ਕਰ ਲਈਆਂ ਹਨ।
ਗੁਰਪ੍ਰੀਤ ਨੇ ਦੱਸਿਆ ਕਿ ਉਹ ਰਾਜਾ ਸਾਹਿਬ ਜੀ ਦੇ ਸਾਲਾਨਾ ਬਰਸੀ ਸਮਾਗਮ ਵਿਚ ਸੇਵਾ ਕਰਨ ਲਈ ਗਿਆ ਹੋਇਆ ਸੀ ਕਿ ਸਵੇਰੇ 6 ਵਜੇ ਉਸ ਦੇ ਪਿਤਾ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਪਸ਼ੂ ਚੋਰੀ ਹੋਣ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਿਛਲੇ ਗੇਟ ਰਾਹੀਂ ਜਾ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਅਣਪਛਾਤੇ ਚੋਰ ਉਨ੍ਹਾਂ ਦੇ ਪਸ਼ੂਆਂ ਨੂੰ ਪੈਰਾਂ ਵਿਚ ਪੰਜੇ ਪਾ ਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਰਾਹ ਰਾਹੀਂ ਉਹ ਪਸ਼ੂਆਂ ਨੂੰ ਲੈ ਕੇ ਗਏ ਹਨ ਉਹ ਆਮ ਰਸਤਾ ਨਹੀਂ ਹੈ ਉਹ ਝੋਨੇ ਦੇ ਖੇਤਾਂ ਦੇ ਨਾਲ ਲੱਗਦੇ ਬਨ੍ਹੇਰਿਆਂ ਤੇ ਚਲਦੇ ਹੋਏ ਖੇਤਾਂ ਦੇ ਨਾਲ ਲੱਗਦੇ ਡੰਪ ਜਿੱਥੇ ਦੀ ਜ਼ਮੀਨ ਢਲਾਨ ਵਾਲੀ ਹੈ ਉੱਥੇ ਤੱਕ ਲੈ ਗਏ ਹਨ। ਜਿੱਥੋਂ ਉਨ੍ਹਾਂ ਪਸ਼ੂਆਂ ਨੂੰ ਫੋਰ ਵ੍ਹੀਲਰ ਵਿਚ ਲੱਦ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਉਨ੍ਹਾਂ ਦੀ ਭਾਲ ਕਰ ਰਹੇ ਹਨ ਪਰ ਉਨ੍ਹਾਂ ਦਾ ਕੋਈ ਥਹੁੰ ਪਤਾ ਨਹੀ ਲੱਗ ਰਿਹਾ ਹੈ। ਉਨ੍ਹਾਂ ਪਿੰਡ ਭੀਣ, ਜੱਬੋਵਾਲ, ਪੱਲੀ ਝਿੱਕੀ, ਮੁਬਾਰਕਪੁਰ, ਅਲਾਚੌਰ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਆਪਣੇ ਘਰਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਅਣਪਛਾਤੇ ਚੋਰਾਂ ਬਾਰੇ ਸਹੀ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ ਤਾਂ ਜੋ ਉਨ੍ਹਾਂ ਅਣਪਛਾਤੇ ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਚੋਰੀ ਤੋਂ ਪਹਿਲਾਂ ਪਰਿਵਾਰ ਦੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋਣ ਕਾਰਨ ਪਰਿਵਾਰ ਪਹਿਲਾਂ ਹੀ ਬਹੁਤ ਦੁਖੀ ਸੀ ਪਰ ਹੁਣ ਦੋ ਝੋਟੀਆਂ ਦੇ ਚੋਰੀ ਹੋਣ ਨਾਲ ਉਨ੍ਹਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਇਲਾਕੇ ਵਿਚ ਨਾਕੇ ਲਗਾਉਣ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਮੁਹਿੰਮ ਚਲਾਉਣ ਦੀ ਵੀ ਮੰਗ ਕੀਤੀ ਤਾਂ ਜੋ ਇਲਾਕੇ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।