
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਸਾ-ਕਸ਼ੀ ਟੀਮਾਂ ਨੇ ਸਟੇਟ ਪੱਧਰ ਲਈ ਕੀਤਾ ਕੁਆਲੀਫਾਈ

ਨਰਿੰਦਰ ਮਾਹੀ, ਪੰਜਾਬੀ ਜਾਗਰਣ
ਬੰਗਾ : ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਰੱਸਾ-ਕਸ਼ੀ ਦੀਆਂ ਅੰਡਰ-17 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ ਅਤੇ ਸਟੇਟ ਪੱਧਰ ਲਈ ਆਪਣਾ ਸਥਾਨ ਬਣਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ, ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ ਹੈ। ਸਕੂਲ ਪ੍ਰਿੰ. ਮੰਜੂ ਬਾਲਾ ਨੇ ਦੱਸਿਆ ਕਿ ਰੱਸਾ-ਕਸ਼ੀ ਦੀ ਕੋਚ ਕੁਲਵੰਤ ਕੌਰ ਬੈਂਸ ਦੀ ਅਗਵਾਈ ਹੇਠ ਦੋਵਾਂ ਟੀਮਾਂ ਨੇ ਬੇਹੱਦ ਮਿਹਨਤ ਅਤੇ ਲਗਨ ਨਾਲ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਜਿੱਤ ਦਰਜ ਕੀਤੀ। ਉਨ੍ਹਾਂ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਕੋਚ ਕੁਲਵੰਤ ਕੌਰ ਬੈਂਸ ਦੀ ਮਿਹਨਤ ਅਤੇ ਖਿਡਾਰੀਆਂ ਦੀ ਲਗਨ ਨੂੰ ਜਾਂਦਾ ਹੈ। ਅੰਡਰ-17 ਟੀਮ ਨੇ ਪਹਿਲੇ ਮੈਚ ਵਿਚ ਜਾਡਲਾ ਤੋਂ ਬਾਈ ਮਿਲਣ ਤੋਂ ਬਾਅਦ ਔੜ ਨਾਲ ਮੁਕਾਬਲਾ ਕੀਤਾ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਤੀਜੇ ਮੁਕਾਬਲੇ ਵਿਚ ਮਕੰਦਪੁਰ ਦੀ ਟੀਮ ਨੂੰ ਹਰਾ ਕੇ ਸਟੇਟ ਪੱਧਰ ਲਈ ਆਪਣੀ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਅੰਡਰ-19 ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਨਵਾਂਸ਼ਹਿਰ ਦੀ ਟੀਮ ਨੂੰ ਹਰਾਇਆ ਅਤੇ ਦੂਜੇ ਮੁਕਾਬਲੇ ਵਿਚ ਔੜ ਨੂੰ ਮਾਤ ਦਿੱਤੀ ਅਤੇ ਤੀਜੇ ਮੁਕਾਬਲੇ ਵਿਚ ਸੜੋਆ ਦੀ ਟੀਮ ਨਾਲ ਮੁਕਾਬਲਾ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੈਨ ਸਕੂਲ ਦੀਆਂ ਦੋਵਾਂ ਟੀਮਾਂ ਨੇ ਸਟੇਟ ਪੱਧਰ ’ਤੇ ਪਹੁੰਚ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕਮਲ ਜੈਨ, ਮੈਨੇਜਰ ਸੰਜੀਵ ਜੈਨ, ਵਾਈਸ ਪ੍ਰਧਾਨ ਅਰਪਨ ਜੈਨ ਅਤੇ ਸੈਕਟਰੀ ਅਰੁਣ ਜੈਨ ਨੇ ਸਮੂਹ ਖਿਡਾਰੀਆਂ, ਕੋਚ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਅੱਗੇ ਵੀ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨਗੇ।