ਅੰਬੇਡਕਰ ਨਗਰ ਰੱਤੇਵਾਲ ਦੀ ਪੁੱਟੀ ਗਈ ਸੜਕ ’ਚ ਟਰਾਲੀ ਧੱਸੀ ਅੰਬੇਡਕਰ ਨਗਰ ਰੱਤੇਵਾਲ ਦੀ ਪੁੱਟੀ ਗਈ ਸੜਕ 'ਚ ਟਰਾਲੀ ਧੱਸੀ
Publish Date: Sat, 28 Nov 2026 05:45 PM (IST)
Updated Date: Sat, 28 Nov 2026 05:46 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਗ੍ਰਾਮ ਪੰਚਾਇਤ ਅੰਬੇਡਕਰ ਨਗਰ ਰੱਤੇਵਾਲ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਪੁੱਟੀ ਗਈ ਸੜਕ ਵਿਚ ਸੀਵਰੇਜ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਿਨਾਂ ਦਾ ਕੰਮ ਮਹੀਨਿਆਂ ਵਿਚ ਵੀ ਪੂਰਾ ਨਹੀਂ ਹੋ ਰਿਹਾ, ਜਿਸ ਕਰਕੇ ਆਵਾਜਾਈ ਮਹੀਨਿਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਇਹ ਸੜਕ ਇਕ ਪ੍ਰਸਿੱਧ ਧਾਰਮਿਕ ਅਸਥਾਨ ਸਤਲੋਕ ਧਾਮ ਨੂੰ ਜਾਂਦੀ ਹੈ। ਜਿੱਥੇ ਬਾਹਰ ਦੀ ਸੰਗਤ ਰੋਜ਼ਾਨਾ ਇਸ ਧਾਰਮਿਕ ਅਸਥਾਨ ਤੇ ਨਤਮਸਤਕ ਹੋਣ ਲਈ ਆਉਂਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਆਉਣ-ਜਾਣ ਲਈ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਅਨੁਸਾਰ ਪੁੱਟੀ ਗਈ ਸੜਕ ਵਿਚ ਪੈ ਰਹੇ ਸੀਵਰੇਜ ਦੇ ਕੰਮ ਤੇ ਸਿਰਫ਼ ਇੱਕ-ਦੋ ਬੰਦੇ ਲੇਬਰ ਦੇ ਲਗਾਏ ਜਾਂਦੇ ਹਨ, ਜਿਸ ਨਾਲ ਕੰਮ ਦੀ ਰਫ਼ਤਾਰ ਬਹੁਤ ਹੌਲੀ ਹੈ। ਪੁੱਟੀ ਗਈ ਸੜਕ ਵਿਚ ਖਿੱਲਰਿਆ ਮਲਬਾ ਤੇ ਟੋਏ-ਟਿੱਬੇ ਕਰਕੇ ਰਾਹਗੀਰਾਂ ਨੂੰ ਰੋਜ਼ਾਨਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਸ਼ਾਮ ਪੁੱਟੀ ਗਈ ਸੜਕ ਵਿਚ ਇੱਟਾਂ ਨਾਲ ਭਰੀ ਟਰਾਲੀ ਧੱਸ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪੁੱਟੀ ਗਈ ਸੜਕ ਦੇ ਦੋਨਾਂ ਪਾਸਿਆਂ ਤੇ ਕੋਈ ਵੀ ਸੰਕੇਤਕ ਚਿੰਨ ਨਹੀਂ ਲਗਾਏ ਗਏ। ਜਿਸ ਕਾਰਨ ਇਹ ਇੱਟਾਂ ਦੀ ਭਰੀ ਹੋਈ ਟਰਾਲੀ ਇੱਥੇ ਧਸ ਗਈ। ਸੜਕ ਦੀ ਖ਼ਰਾਬ ਹਾਲਤ ਹੀ ਇਸ ਹਾਦਸੇ ਦਾ ਕਾਰਨ ਬਣੀ। ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਲਈ ਇਸ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਵੀ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਸੜਕ ਦਾ ਕੰਮ ਜਲਦੀ ਪੂਰਾ ਕਰਵਾਇਆ ਜਾਵੇ, ਲੇਬਰ ਵਧਾਈ ਜਾਵੇ। ਤਾਂ ਜੋ ਸੜਕ ਦਾ ਕੰਮ ਜਲਦੀ ਮੁਕੰਮਲ ਹੋ ਜਾਵੇ ਅਤੇ ਆਵਾਜਾਈ ਮੁੜ ਸੁਚਾਰੂ ਹੋ ਸਕੇ।