ਗੁਰੂ ਨਾਨਕ ਮਿਸ਼ਨ ਹਸਪਤਾਲ ’ਚ ਸੱਪ ਦੇ ਡੰਗੇ ਮਰੀਜ਼ਾਂ ਦਾ ਕੀਤਾ ਇਲਾਜ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਕੀਤਾ ਸੱਪ ਦੇ ਡੰਗੇ ਦਾ ਇਲਾਜ
Publish Date: Sat, 29 Aug 2026 03:31 PM (IST)
Updated Date: Sat, 29 Aug 2026 03:34 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੰਗਾ ਤੋਂ ਥੋੜ੍ਹੀ ਦੂਰ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਪ੍ਰਮੁੱਖ ਸਿਹਤ ਕੇਂਦਰ ਬਣ ਗਿਆ ਹੈ। ਹਸਪਤਾਲ ਵਿਖੇ ਪਿਛਲੇ ਦਿਨਾਂ ਦੌਰਾਨ ਜ਼ਹਿਰੀਲੇ ਸੱਪਾਂ ਦੇ ਡੰਗੇ ਦਰਜਨ ਤੋਂ ਵੱਧ ਮਰੀਜ਼ਾਂ ਦਾ ਸਮੇਂ ਸਿਰ ਐਂਟੀ-ਸਨੇਕ ਵੇਨਮ (ਸੱਪ ਦੇ ਜ਼ਹਿਰ ਦਾ ਐਂਟੀਡੋਟ) ਅਤੇ ਵੈਂਟੀਲੇਟਰ ਦੀ ਸਹਾਇਤਾ ਨਾਲ ਸਫਲਤਾਪੂਰਵਕ ਇਲਾਜ ਕੀਤਾ ਹੈ। ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਮਿਆਰੀ ਅਤੇ ਆਧੁਨਿਕ ਮੈਡੀਕਲ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਪ ਡੰਗਣ ਦੇ ਮਾਮਲਿਆਂ ਵਿਚ ਸਮੇਂ ਸਿਰ ਹਸਪਤਾਲ ਪਹੁੰਚਣਾ ਅਤੇ ਤੁਰੰਤ ਡਾਕਟਰੀ ਇਲਾਜ ਸ਼ੁਰੂ ਹੋਣਾ ਮਰੀਜ਼ ਦੀ ਜਾਨ ਬਚਾਉਣ ਲਈ ਬੇਹੱਦ ਮਹੱਤਵ ਪੂਰਨ ਹੈ। ਜਿਸ ਦੀ ਤਾਜ਼ਾ ਮਿਸਾਲ ਹੈ ਕਿ ਬੀਤੇ ਦਿਨੀਂ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਐੱਮਡੀ ਮੈਡੀਸਨ ਕੋਲ ਮਰੀਜ਼ ਸੈਮਸਲ ਆਲਮ ਉਮਰ 24 ਸਾਲ ਆਇਆ, ਜਿਸ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ। ਸੱਪ ਦੇ ਡੱਸਣ ਤੋਂ ਬਾਅਦ ਉਸ ਨੂੰ ਪੇਟ ਦਰਦ, ਉਲਟੀ, ਅੱਖਾਂ ਦਾ ਆਪ-ਮੁਹਾਰੇ ਬੰਦ ਹੋਣਾ ਅਤੇ ਸਾਹ ਲੈਣ ਵਿਚ ਮੁਸ਼ਕਿਲ ਵਰਗੇ ਗੰਭੀਰ ਲੱਛਣਾਂ ਨੇ ਘੇਰ ਲਿਆ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੇ ਸਾਥੀਆਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਪਹੁੰਚਾਇਆ। ਇਸ ਮੌਕੇ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਮੈਡੀਕਲ ਟੀਮ ਨੇ ਮਰੀਜ਼ ਨੂੰ ਚਾਰ ਦਿਨ ਵੈਂਟੀਲੇਟਰ ਦੀ ਸਹਾਇਤਾ ਅਤੇ ਸੱਪ ਦੇ ਡੰਗ ਦੇ ਇਲਾਜ ਲਈ ਲੋੜੀਂਦੀਆਂ ਮਿਆਰੀ ਦਵਾਈਆਂ ਅਤੇ ਐਂਟੀ ਸਨੇਕ ਵੇਨਮ ਨਾਲ ਇਲਾਜ ਕੀਤਾ। ਇਸ ਮੌਕੇ ਡਾ. ਗੁੰਬਰ ਨੇ ਕਿਹਾ ਕਿ ਸੱਪ ਦੇ ਡੰਗਣ ਤੋਂ ਬਾਅਦ ਅੱਖਾਂ ਦਾ ਆਪ-ਮੁਹਾਰੇ ਬੰਦ ਹੋਣਾ, ਪਲਕਾਂ ਦਾ ਝੁਕਣਾ, ਪੇਟ ਦਰਦ, ਉਲਟੀ, ਨਿਗਲਣ ਵਿਚ ਮੁਸ਼ਕਿਲ, ਕਮਜ਼ੋਰੀ ਜਾਂ ਸਾਹ ਲੈਣ ਵਿਚ ਤਕਲੀਫ਼ ਵਰਗੇ ਲੱਛਣ ਦਿਖਾਈ ਦੇਣ ਤਾਂ ਇਨ੍ਹਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਮੌਕੇ ਜਗਜੀਤ ਸਿੰਘ ਸੋਢੀ, ਦਵਿੰਦਰ ਸਿੰਘ ਢਿੱਲੋਂ, ਡਾ. ਜਸਦੀਪ ਸਿੰਘ ਸੈਣੀ, ਮਹਿੰਦਰ ਪਾਲ ਸਿੰਘ, ਦਵਿੰਦਰ ਕੌਰ, ਸੁਨੀਤਾ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰ ਆਦਿ ਹਾਜ਼ਰ ਸਨ।