ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਮੈਡੀਕਲ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਹਸਪਤਾਲ ਵਿਖੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਮੈਡੀਕਲ ਅਫ਼ਸਰਾਂ ਨੂੰ ਦਿੱਤੀ ਸਿਖਲਾਈ
Publish Date: Sat, 28 Nov 2026 04:59 PM (IST)
Updated Date: Sat, 28 Nov 2026 05:01 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਰੇਬੀਜ਼ ਵਰਗੀ ਜਾਨਲੇਵਾ ਬਿਮਾਰੀ ਦੀ ਰੋਕਥਾਮ ਅਤੇ ਜਾਨਵਰਾਂ ਦੇ ਕੱਟਣ ਜਾਂ ਵੱਢਣ ਦੇ ਮਾਮਲਿਆਂ ਵਿਚ ਮਰੀਜ਼ਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ (ਐੱਨਆਰਸੀਪੀ) ਤਹਿਤ ਮੈਡੀਕਲ ਅਫ਼ਸਰਾਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ। ਜਿਸ ਦੌਰਾਨ ਡਾਕਟਰਾਂ ਨੂੰ ਐਂਟੀ ਰੇਬੀਜ਼ ਵੈਕਸੀਨ (ਏਆਰਵੀ) ਅਤੇ ਐਂਟੀ ਰੇਬੀਜ਼ ਸੀਰਮ (ਏਆਰਐੱਸ) ਦੀ ਸਹੀ ਵਰਤੋਂ, ਮਰੀਜ਼ਾਂ ਦੀ ਜਾਂਚ ਅਤੇ ਜਾਨਵਰਾਂ ਦੇ ਕੱਟਣ ਤੋਂ ਬਾਅਦ ਦਿੱਤੇ ਜਾਣ ਵਾਲੇ ਬਚਾਅ ਇਲਾਜ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਰੇਬੀਜ਼ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ, ਪਰ ਸਮੇਂ ਸਿਰ ਸਹੀ ਸਾਵਧਾਨੀਆਂ ਅਤੇ ਪੂਰਾ ਬਚਾਅ ਇਲਾਜ ਕਰਵਾਉਣ ਨਾਲ ਇਸ ਤੋਂ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਸ਼ੱਕੀ ਜਾਨਵਰ ਦੇ ਕੱਟਣ, ਖੁਰਚਣ ਜਾਂ ਜ਼ਖ਼ਮੀ ਚਮੜੀ ਨੂੰ ਚੱਟਣ ਦੀ ਸਥਿਤੀ ਵਿਚ ਬਿਲਕੁਲ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਤੁਰੰਤ ਸਿਹਤ ਸੰਸਥਾ ਵਿਚ ਪਹੁੰਚ ਕਰਨੀ ਚਾਹੀਦੀ ਹੈ। ਸਿਖਲਾਈ ਦੌਰਾਨ ਮੈਡੀਕਲ ਅਫ਼ਸਰਾਂ ਨੂੰ ਦੱਸਿਆ ਕਿ ਜਾਨਵਰ ਦੇ ਕੱਟਣ ਜਾਂ ਖੁਰਚਣ ਦੀ ਸਥਿਤੀ ਵਿਚ ਜ਼ਖ਼ਮ ਨੂੰ ਸਾਬਣ ਅਤੇ ਵਗਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਉਚਿਤ ਐਂਟੀਸੈਪਟਿਕ ਦੀ ਵਰਤੋਂ ਕਰਨੀ ਚਾਹੀਦੀ ਹੈ। ਮਰੀਜ਼ ਦੇ ਸੰਪਰਕ ਦੀ ਸ਼੍ਰੇਣੀ ਅਨੁਸਾਰ ਐਂਟੀ ਰੇਬੀਜ਼ ਵੈਕਸੀਨ ਦੀ ਖੁਰਾਕ ਨਿਰਧਾਰਤ ਸਮੇਂ ਅਤੇ ਸਹੀ ਤਰੀਕੇ ਨਾਲ ਲਗਾਉਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਵੈਕਸੀਨ ਲਗਾਉਣ ਦੀਆਂ ਇੰਟਰਾਡਰਮਲ ਅਤੇ ਇੰਟਰਾਮਸਕੁਲਰ ਵਿਧੀਆਂ, ਸਹੀ ਖੁਰਾਕ, ਨਿਰਧਾਰਤ ਸਮਾਂ-ਸਾਰਣੀ, ਟੀਕਾਕਰਨ ਦਾ ਕੋਰਸ ਪੂਰਾ ਕਰਨ ਅਤੇ ਮਰੀਜ਼ਾਂ ਦੀ ਫਾਲੋਅੱਪ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ। ਡਾਕਟਰਾਂ ਨੂੰ ਹਦਾਇਤ ਕੀਤੀ ਕਿ ਵੈਕਸੀਨ ਹਮੇਸ਼ਾ ਨਿਰਧਾਰਤ ਤਕਨੀਕ ਅਨੁਸਾਰ ਲਗਾਈ ਜਾਵੇ। ਇਸ ਦੇ ਨਾਲ ਹੀ ਸਿਹਤ ਸੰਸਥਾਵਾਂ ਵਿਚ ਐਂਟੀ ਰੇਬੀਜ਼ ਵੈਕਸੀਨ ਅਤੇ ਸੀਰਮ ਦੀ ਉਪਲਬਧਤਾ, ਸਹੀ ਰਿਕਾਰਡ ਰੱਖਣ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਅਗਲੀਆਂ ਖੁਰਾਕਾਂ ਲਈ ਬੁਲਾਉਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਜਾਨਵਰਾਂ ਦੇ ਕੱਟਣ ਵਾਲੇ ਹਰ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਮਰੀਜ਼ ਨੂੰ ਬਿਨਾਂ ਕਿਸੇ ਦੇਰੀ ਤੋਂ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਜਾਨਵਰ ਦੇ ਕੱਟਣ ਜਾਂ ਖੁਰਚਣ ਦੀ ਸੂਰਤ ਵਿਚ ਘਰੇਲੂ ਨੁਸਖਿਆਂ ਜਾਂ ਅੰਧ-ਵਿਸ਼ਵਾਸਾਂ ਦੇ ਸਹਾਰੇ ਨਾ ਰਹਿਣ, ਸਗੋਂ ਜ਼ਖ਼ਮ ਦੀ ਤੁਰੰਤ ਸਫ਼ਾਈ ਕਰਨ ਉਪਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਪਹੁੰਚ ਕੇ ਡਾਕਟਰੀ ਸਲਾਹ ਅਤੇ ਪੂਰਾ ਇਲਾਜ ਪ੍ਰਾਪਤ ਕਰਨ।