ਟ੍ਰੈਫਿਕ ਪੁਲਿਸ ਰਾਹੋਂ ਨੇ ਗਲਤ ਪਾਰਕਿੰਗ ਵਾਹਨਾਂ ਦੇ ਕੱਟੇ ਚਲਾਨ
ਟ੍ਰੈਫਿਕ ਪੁਲਿਸ ਰਾਹੋਂ ਨੇ ਗਲਤ ਪਾਰਕਿੰਗ ਵਾਹਨਾਂ ਦੇ ਕੱਟੇ ਚਲਾਨ
Publish Date: Sun, 22 Feb 2026 07:06 PM (IST)
Updated Date: Mon, 23 Feb 2026 04:13 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਰਾਹੋਂ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦਿਆਂ ਟ੍ਰੈਫਿਕ ਪੁਲਿਸ ਰਾਹੋਂ ਨੇ ਨਗਰ ਕੌਂਸਲ ਰੋਡ ’ਤੇ ਸਖ਼ਤ ਕਾਰਵਾਈ ਕੀਤੀ। ਟ੍ਰੈਫਿਕ ਪੁਲਿਸ ਵੱਲੋਂ ਗ਼ਲਤ ਢੰਗ ਨਾਲ ਪਾਰਕ ਕੀਤੀਆਂ ਗੱਡੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਗੁਰਮੇਲ ਸਿੰਘ ਟ੍ਰੈਫਿਕ ਇੰਚਾਰਜ ਰਾਹੋਂ ਨੇ ਦਸਿਆ ਕੇ ਲਗਭਗ ਸੱਤ ਵਾਹਨਾਂ ਦੇ ਕਰੀਬ ਚਾਲਾਨ ਕੱਟੇ ਗਏ ਹਨ। ਇਹ ਕਾਰਵਾਈ ਨਗਰ ਕੌਂਸਲ ਰੋਡ ਤੇ ਅਕਸਰ ਜਾਮ ਦੀ ਸਥਿਤੀ ਅਤੇ ਆਮ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਰੋਡ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿਚੋਂ ਇਕ ਹੈ। ਇਹ ਰੋਡ ਨਗਰ ਕੌਂਸਲ ਦਫ਼ਤਰ, ਸੇਵਾ ਕੇਂਦਰ, ਅਤੇ ਸ਼ਹਿਰ ਦਾ ਮੇਨ ਰਸਤਾ ਹੋਣ ਕਾਰਨ ਦਿਨ ਭਰ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ। ਇਸ ਦੇ ਬਾਵਜੂਦ ਕਈ ਵਾਹਨ ਚਾਲਕ ਸੜਕ ਦੇ ਉੱਪਰ ਜਾਂ ਨੋ-ਪਾਰਕਿੰਗ ਖੇਤਰ ਵਿਚ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਜਿਸ ਨਾਲ ਸੜਕ ਭੀੜੀ ਹੋ ਜਾਂਦੀ ਹੈ ਅਤੇ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਕਈ ਵਾਰ ਹੰਗਾਮੀ ਸਥਿਤੀ ਵਿਚ ਪੁਲਿਸ ਵਾਹਨਾਂ ਨੂੰ ਵੀ ਰਸਤਾ ਬਣਾਉਣ ਵਿਚ ਦਿੱਕਤਾਂ ਆਉਂਦੀਆਂ ਹਨ ਅਤੇ ਕਈ ਵਾਰ ਲੋਕ ਆਪਸ ਵਿਚ ਰਸਤਾ ਨਾ ਮਿਲਣ ਕਾਰਨ ਉਲਝ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੋਈ ਢੁੱਕਵੀਂ ਜਗ੍ਹਾ ਤੇ ਪਾਰਕਿੰਗ ਨਹੀਂ ਹੈ। ਜਿਸ ਕਾਰਨ ਸ਼ਹਿਰ ਦੇ ਬਾਜ਼ਾਰ ਵਿੱਚ ਆਏ ਗਾਹਕਾਂ ਨੂੰ ਗੱਡੀਆਂ ਪਾਰਕਿੰਗ ਕਰਨ ਵਿਚ ਭਾਰੀ ਮੁਸ਼ਕਿਲ ਆਉਂਦੀ ਹੈ। ਲੋਕਾਂ ਨੇ ਕਿਹਾ ਕਿ ਪੁਲਿਸ ਵੱਲੋਂ ਸੜਕ ਤੇ ਖੜ੍ਹੀ ਕਾਰ ਦਾ ਚਾਲਾਨ ਕਰਕੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਹੋਂ ਦੇ ਬੱਸ ਸਟੈਂਡ ਦੇ ਨਜ਼ਦੀਕ ਕਿਸੇ ਢੁੱਕਵੀਂ ਜਗ੍ਹਾ ਤੇ ਵਾਹਨਾਂ ਦੀ ਪਾਰਕਿੰਗ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਤਾਂ ਜੋ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।