- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ 'ਚ ਮੋਹਲੇਧਾਰ ਬਾਰਿਸ਼ ਨੇ ਖੋਲ੍ਹੀ ਨਗਰ ਕੌਂਸਲ ਦੇ ਸਫਾਈ ਪ੍ਰਬੰਧਾਂ ਦੀ ਪੋਲ

- ਖ਼ਸਤਾਹਾਲ ਸੜਕਾਂ ’ਚ ਖੜ੍ਹੇ ਪਾਣੀ ਕਾਰਨ ਵਾਹਨ ਚਾਲਕ ਤੇ ਲੋਕ ਪਰੇਸ਼ਾਨ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਨਵਾਂਸ਼ਹਿਰ ’ਚ ਸਵੇਰੇ 9.30 ਤੋਂ 11 ਵਜੇ ਤੱਕ ਪਈ ਮੋਹਲੇਧਾਰ ਬਾਰਿਸ਼ ਨੇ ਨਗਰ ਕੌਂਸਲ ਨਵਾਂਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਪਰ ਬਾਰਿਸ਼ ਕਾਰਨ ਸੜਕ ਵਿਚ ਖੜੇ ਪਾਣੀ ਅਤੇ ਲਗੇ ਕੂੜੇ ਦੇ ਢੇਰਾਂ ਕਾਰਨ ਦੁਕਾਨਦਾਰਾਂ, ਵਾਹਨ ਚਾਲਕਾਂ, ਰਾਹਗੀਰਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ। ਪਰੇਸ਼ਾਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਨਗਰ ਕੌਂਸਲ ਨਵਾਂਸ਼ਹਿਰ ਦੇ ਮਾੜੇ ਸਫ਼ਾਈ ਅਤੇ ਸੀਵਰੇਜ ਪ੍ਰਬੰਧਾਂ ’ਤੇ ਸਵਾਲੀਆਂ ਨਿਸ਼ਾਨ ਲਗਾਉਂਦਿਆਂ ਸਮੇਂ ਸਮੇਂ ਸਿਰ ਕੂੜੇ ਦੀ ਲਿਫਟਿੰਗ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਕਰਵਾਉਣ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਆਪਣੇ ਕੰਮ ਵਿਚ ਕੋਤਾਹੀ ਵਰਤਣ ਵਾਲਿਆਂ ਖ਼ਿਲਾਫ਼ ਵੀ ਨਗਰ ਕੌਂਸਲ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਨਵਾਂਸ਼ਹਿਰ ਨੂੰ ਸਾਫ ਅਤੇ ਸਵੱਛ ਬਣਾਇਆ ਜਾ ਸਕੇ। ਇਸ ਮੌਕੇ ਅਵਤਾਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਕੁਮਾਰ, ਹਰੇ ਰਾਮ, ਮਨਜੀਤ ਸਿੰਘ ਨਵਾਂਸ਼ਹਿਰ ’ਚ ਭਾਵੇਂ ਮਾਨਸੂਨ ਦੀ ਜ਼ੋਰਦਾਰ ਬਾਰਿਸ਼ ਹਾਲੇ ਨਹੀਂ ਪਈ ਹੈ। ਪਰ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਵੀ ਸ਼ਹਿਰ ਦੇ ਹਾਲਾਤ ਮਾੜੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਖਸਤਾਹਾਲ ਸੜਕਾਂ ਦੀ ਰਿਪੇਅਰ ਦਾ ਕੰਮ ਵੀ ਪੂਰਾ ਨਾ ਹੋਣ ਕਾਰਨ ਵੀ ਲੋਕਾਂ ਨੂੰ ਖਾਸ ਕਰ ਕੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਖਸਤਾਹਾਲ ਸੜਕਾਂ ਕਾਰਨ ਵਾਹਨ ਨੁਕਸਾਨੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਸੀਵਰੇਜ ਦੀ ਸਫ਼ਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਵੀ ਬਾਰਿਸ਼ ਦਾ ਪਾਣੀ ਕਈ ਕਈ ਦਿਨਾਂ ਤੱਕ ਇਲਾਕੇ ਵਿਚ ਖੜ੍ਹਾ ਰਹਿੰਦਾ ਹੈ। ਜਿਸ ਕਾਰਨ ਮੱਛਰ ਅਤੇ ਮੱਖੀਆਂ ਦੇ ਫੈਲਣ ਦਾ ਖਦਸ਼ਾ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਬਿਮਾਰ ਹੋਣ ਦੇ ਹਾਲਾਤ ਬਣਦੇ ਜਾ ਰਹੇ ਹਨ। ਉਨ੍ਹਾਂ ਬੰਦ ਪਏ ਸੀਵਰੇਜ ਨੂੰ ਸਮੇਂ ਸਿਰ ਖੋਲ੍ਹਣ ਦੀ ਪੁਰਜ਼ੋਰ ਮੰਗ ਵੀ ਕੀਤੀ।
- ਇਨ੍ਹਾਂ ਇਲਾਕਿਆਂ ’ਚ ਖੜ੍ਹਾ ਰਿਹਾ ਬਾਰਿਸ਼ ਦਾ ਪਾਣੀ
ਮੋਹਲੇਧਾਰ ਮੀਂਹ ਨੇ ਤਹਿਸੀਲ ਕੰਪਲੈਕਸ, ਕੁਲਾਮ ਰੋਡ, ਗੜ੍ਹਸ਼ੰਕਰ ਰੋਡ, ਰੇਲਵੇ ਰੋਡ, ਬੰਗਾ ਰੋਡ, ਸਲੋਹ ਰੋਡ, ਗੀਤਾ ਭਵਨ ਰੋਡ, ਐੱਮਸੀ ਰੋਡ, ਕੋਠੀ ਰੋਡ, ਬੱਸ ਅੱਡਾ ਨਵਾਂਸ਼ਹਿਰ ਸਮੇਤ ਸਾਰੇ ਇਲਾਕੇ ਵਿਚ ਪਾਣੀ ਹੀ ਪਾਣੀ ਭਰਾ ਰਿਹਾ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਿਹਾ ਕਿ ਸੀਵਰੇਜ ਬਲਾਕੇਜ ਦੇ ਚਲਦਿਆਂ ਇੱਥੋਂ ਪਾਣੀ ਦੀ ਨਿਕਾਸੀ ਵੀ ਧੀਮੀ ਹੋਣ ਕਾਰਨ ਵੀ ਲੋਕ ਪਰੇਸ਼ਾਨ ਦਿੱਸ ਰਹੇ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਨਵਾਂਸ਼ਹਿਰ ਦੇ ਅਫ਼ਸਰਾਂ ਅਤੇ ਮੁਲਾਜਮਾਂ ਤੋਂ ਇਲਾਕੇ ਵਿਚ ਖੜੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਵਾਉਣ ਦੀ ਪੁਰਜ਼ੋਰ ਮੰਗ ਵੀ ਕੀਤੀ।
- ਕੂੜੇ ਦੇ ਡੰਪ ਨੇੜੇ ਮੂਸਾਪੁਰ ਰੋਡ ’ਤੇ ਖੜ੍ਹਾ ਪਾਣੀ ਵਧਾਉਂਦਾ ਰਿਹਾ ਪਰੇਸ਼ਾਨੀ
ਲੋਕਾਂ ਨੇ ਕਿਹਾ ਕਿ ਅੱਜ ਦੇ ਮੋਹਲੇਧਾਰ ਮੀਂਹ ਕਾਰਨ ਮੂਸਾਪੁਰ ਰੋਡ ਨੇੜੇ ਕੂੜੇ ਦੇ ਡੰਪ ਕੋਲ ਬਾਰਿਸ਼ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਸਾਰਾ ਦਿਨ ਪਾਣੀ ਇਲਾਕੇ ਵਿਚ ਲੋਕਾਂ ਦੀ ਪਰੇਸ਼ਾਨੀ ਵਧਾਉਂਦਾ ਰਿਹਾ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸੜਕ ਵਿਚ ਖੜ੍ਹੇ ਬਾਰਿਸ਼ ਦੇ ਪਾਣੀ ਕਾਰਨ ਵਿਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਮਹਿਲਾ ਵਾਹਨ ਚਾਲਕਾਂ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਉਨ੍ਹਾਂ ਸੜਕ ਵਿਚ ਖੜੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਵਾਉਣ ਦੀ ਵੀ ਮੰਗ ਕੀਤੀ।
- ਨਾਲੀ ਉੱਪਰ ਦੁਕਾਨਦਾਰਾਂ ਵੱਲੋਂ ਬਣਾਈਆਂ ਥੜ੍ਹੀਆਂ ’ਚ ਕੂੜਾ ਫਸਣ ਕਾਰਨ ਰੁਕਦਾ ਹੈ ਪਾਣੀ
ਲੋਕਾਂ ਨੇ ਦੱਸਿਆ ਕਿ ਆਮ ਤੌਰ ਤੇ ਸਫ਼ਾਈ ਸੇਵਕ ਇਹ ਗੱਲ ਆਖਦੇ ਹਨ ਕਿ ਮੁੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਲੰਘਦੀਆਂ ਨਾਲੀਆਂ ਤੇ ਥੜੀਆਂ ਬਣਾਈਆਂ ਗਈਆਂ ਹਨ। ਜਿਸ ਕਾਰਨ ਸਫ਼ਾਈ ਸੇਵਕ ਨਾਲੀਆਂ ਦੀ ਸਫ਼ਾਈ ਕਰਨ ’ਚ ਅਸਮਰਥ ਹਨ। ਲੋਕਾਂ ਨੇ ਮਨਮਰਜ਼ੀ ਨਾਲ ਦੁਕਾਨਦਾਰਾਂ ਵੱਲੋਂ ਬਣਾਈਆਂ ਥੜ੍ਹੀਆਂ ਨੂੰ ਢਾਹੁਣ ਅਤੇ ਸਫਾਈ ਦੇ ਸੁਚਾਰੂ ਪ੍ਰਬੰਧ ਕਰਵਾਉਣ ਦੀ ਪੁਰਜੋਰ ਅਪੀਲ ਵੀ ਕੀਤੀ। ਸਫ਼ਾਈ ਸੇਵਕਾਂ ਦੇ ਦੱਸਣ ਅਨੁਸਾਰ ਦੁਕਾਨਦਾਰਾਂ ਵੱਲੋਂ ਸੁੱਟੇ ਜਾ ਰਹੇ ਪਲਾਸਟਿਕ ਦੇ ਲਿਫਾਫੇ, ਦੁਕਾਨਾਂ ਦੀ ਉਸਾਰੀ ਲਈ ਦੁਕਾਨਾਂ ਅੱਗੇ ਰੱਖਿਆ ਰੇਤਾ, ਕੰਕਰੀਟ, ਇੱਟਾਂ ਅਤੇ ਮਿੱਟੀ ਸਮੇਤ ਹੋਰ ਮਲਬੇ ਨਾਲੀਆਂ ਵਿਚ ਜਾਣ ਕਾਰਨ ਸੀਵਰੇਜ ਬਲਾਕੇਜ ਦੀ ਸਮੱਸਿਆ ਆਉਂਦੀ ਹੈ। ਜਿਸ ਕਾਰਨ ਮੀਂਹ ਦੌਰਾਨ ਬਾਰਿਸ਼ ਦਾ ਪਾਣੀ ਨਾਲੀਆਂ ਚੋਂ ਹੋ ਕੇ ਸੜਕਾਂ ਅਤੇ ਦੁਕਾਨਾਂ ਦੇ ਅੱਗੇ ਖੜ੍ਹਾ ਹੋ ਜਾਂਦਾ ਹੈ। ਲੋਕਾਂ ਨੇ ਦੁਕਾਨਦਾਰਾਂ ਵੱਲੋਂ ਨਾਲੀਆਂ ਤੇ ਬਣਾਈਆਂ ਥੜ੍ਹੀਆਂ ਨੂੰ ਤੋੜਣ ਲਈ ਮੁਹਿੰਮ ਚਲਾਉਣ ਦੀ ਵੀ ਮੰਗ ਕੀਤੀ ਤਾਂ ਜੋ ਨਾਲੀਆਂ ਜਾਮ ਹੋਣ ਕਾਰਨ ਹੋ ਰਹੀਆਂ ਪਰੇਸ਼ਾਨੀਆਂ ਤੋਂ ਨਿਜਾਦ ਮਿਲ ਸਕੇ।
- ਨਵਾਂਸ਼ਹਿਰ ’ਚ ਖੜ੍ਹੇ ਪਾਣੀ ਦੀ ਨਿਕਾਸੀ ਦੇ ਨਾਲ ਮੁੱਖ ਬਾਜ਼ਾਰਾਂ ’ਚ ਫਾਗਿੰਗ ਕਰਵਾਉਣੀ ਜ਼ਰੂਰੀ
ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਥਾਂ-ਥਾਂ ’ਤੇ ਖੜ੍ਹੇ ਬਾਰਿਸ਼ ਦਾ ਪਾਣੀ ਨੂੰ ਚਲਦਾ ਕਰਨ ਅਤੇ ਨਗਰ ਕੌਂਸਲ ਨਵਾਂਸ਼ਹਿਰ ਅਤੇ ਸਿਹਤ ਵਿਭਾਗ ਵੱਲੋਂ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਮਾਰਗਾਂ ਤੇ ਫਾਗਿੰਗ ਕਰਵਾਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਖੜ੍ਹੇ ਪਾਣੀ ਵਿਚ ਪੈਦਾ ਹੋਣ ਵਾਲੇ ਮੱਛਰਾਂ ਦਾ ਸਮੇਂ ਸਿਰ ਖਾਤਮਾ ਕੀਤਾ ਜਾ ਸਕੇ। ਲੋਕਾਂ ਨੇ ਕੂੜੇ ਵਾਲੇ ਡੰਪਾਂ ਤੇ ਵੀ ਡੀਡੀਟੀ ਦਾ ਛਿੜਕਾਅ ਕਰਨ ਦੀ ਪੁਰਜੋਰ ਮੰਗ ਕੀਤੀ ਹੈ। ਤਾਂ ਜੋ ਉੱਥੋਂ ਉੱਠ ਰਹੀ ਬਦਬੂ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।
- ਬਾਰਿਸ਼ ਕਾਰਨ ਕਿਸਾਨ ਖੁਸ਼
ਝੋਨੇ ਦੀ ਫਸਲ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੇ ਚਿਹਰੇ ਅੱਜ ਮੀਂਹ ਕਾਰਨ ਖਿੜ ਗਏ ਹਨ। ਕਿਸਾਨ ਅਮਰੀਕ ਸਿੰਘ, ਹਰਜੀਤ ਸਿੰਘ, ਸੋਹਣ ਸਿੰਘ, ਕਮਲਜੀਤ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਮੌਨਸੂਨ ਮਿਹਰਬਾਨ ਰਿਹਾ ਤਾਂ ਝੋਨੇ, ਹਰੇ ਚਾਰੇ, ਮੱਕੀ ਦੀ ਫਸਲ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਸਾਰੀਆਂ ਫਸਲਾਂ ਦਾ ਉਤਪਾਦਨ ਵੱਧ ਹੋਣ ਨਾਲ ਕਿਸਾਨ ਖੁਸ਼ਹਾਲ ਹੋ ਸਕਣਗੇ।