ਢਾਹਾਂ ਸਾਹਿਤ ਇਨਾਮ ਦੇ ਫਾਈਨਲ ’ਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਢਾਹਾਂ ਸਾਹਿਤ ਇਨਾਮ ਦੇ ਫਾਈਨਲ 'ਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ
Publish Date: Wed, 19 Aug 2026 04:38 PM (IST)
Updated Date: Wed, 19 Aug 2026 04:39 PM (IST)
- ਐਂਬਰ ਹੁਸੈਨੀ, ਰਾਜਪ੍ਰੀਤ ਕੌਰ ਬੈਨੀਪਾਲ ਅਤੇ ਅਕਮਲ ਸ਼ਹਿਜ਼ਾਦ ਘੁੰਮਣ ਦੀਆਂ ਰਚਨਾਵਾਂ ਅੰਤਿਮ ਮੁਕਾਬਲੇ ’ਚ - ਪਹਿਲੀ ਵਾਰ ਦੋ ਮਹਿਲਾ ਸਾਹਿਤਕਾਰ ਫਾਈਨਲ ’ਚ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਮਾਂ-ਬੋਲੀ ਪੰਜਾਬੀ ਸਾਹਿਤ ਨੂੰ ਸਮਰਪਿਤ ਅੰਤਰਰਾਸ਼ਟਰੀ ਸਨਮਾਨ ਢਾਹਾਂ ਪੰਜਾਬੀ ਸਾਹਿਤ ਇਨਾਮ-2026 ਦੇ (51000 ਕੈਨੇਡੀਅਨ ਡਾਲਰ) ਦੇ ਅੰਤਿਮ ਪੜਾਅ ਵਿਚ ਪਹੁੰਚੀਆਂ ਤਿੰਨ ਪੰਜਾਬੀ ਪੁਸਤਕਾਂ ਅਤੇ ਉਨ੍ਹਾਂ ਦੇ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸਰੀ ਲਾਇਬ੍ਰੇਰੀ ਦੀ ਨਿਊਟਨ ਸ਼ਾਖਾ ਵਿਖੇ ਹੋਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਇਨਾਮ ਦੇ ਬਾਨੀ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਸਾਲ 2026 ਦੇ ਤਿੰਨ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਸਾਲ 51,000 ਕੈਨੇਡੀਅਨ ਡਾਲਰ ਦੀ ਕੁੱਲ ਇਨਾਮੀ ਰਾਸ਼ੀ ਵਾਲੇ ਇਸ ਅੰਤਰਰਾਸ਼ਟਰੀ ਸਨਮਾਨ ਲਈ ਬੀਬੀ ਐਂਬਰ ਹੁਸੈਨੀ (ਸਰਗੋਧਾ, ਪੰਜਾਬ, ਪਾਕਿਸਤਾਨ) ਦੇ ਨਾਵਲ ਨਵਾਂ ਪਿੰਡ , ਸ੍ਰੀ ਅਕਮਲ ਸ਼ਹਿਜ਼ਾਦ ਘੁੰਮਣ (ਇਸਲਾਮਾਬਾਦ) ਦੇ ਨਾਵਲ ਪਰਛਾਵਾਂ ਅਤੇ ਬੀਬੀ ਰਾਜਪ੍ਰੀਤ ਕੌਰ ਬੈਨੀਪਾਲ (ਖੰਨਾ, ਪੰਜਾਬ, ਭਾਰਤ) ਦੇ ਕਹਾਣੀ ਸੰਗ੍ਰਹਿ ਕਬਰਾਂ ਵਿਚ ਉੱਗੇ ਫੁੱਲ ਨੂੰ ਫਾਈਨਲ ਵਿਚ ਚੁਣਿਆ ਗਿਆ ਹੈ। ਢਾਹਾਂ ਸਾਹਿਤ ਇਨਾਮ ਦਾ ਸ਼ਾਨਦਾਰ ਸਨਮਾਨ ਸਮਾਗਮ 18 ਨਵੰਬਰ 2026 ਨੂੰ ਸਰੀ ਦੇ ਨੌਰਥ ਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਹੋਵੇਗਾ। ਇਸ ਮੌਕੇ ਤਿੰਨ ਫਾਈਨਲਿਸਟ ਪੁਸਤਕਾਂ ਵਿਚੋਂ ਇੱਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਮੁੱਖ ਇਨਾਮ ਪ੍ਰਦਾਨ ਕੀਤਾ ਜਾਵੇਗਾ, ਜਦਕਿ ਬਾਕੀ ਦੋ ਫਾਈਨਲਿਸਟਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 6 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਜੇਤੂ ਪੁਸਤਕਾਂ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਪੀਅੰਤਰਨ ਕਰਨ ਲਈ ਦਿੱਤੀ ਜਾਵੇਗੀ। ਇਸ ਉਪਰਾਲੇ ਦਾ ਮਕਸਦ ਪੰਜਾਬੀ ਸਾਹਿਤ ਦੀਆਂ ਉੱਤਮ ਰਚਨਾਵਾਂ ਨੂੰ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣਾ ਹੈ। ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਦਾ ਉਦੇਸ਼ ਮਾਂ ਬੋਲੀ ਪੰਜਾਬੀ ਵਿਚ ਰਚੇ ਪੰਜਾਬੀ ਸਾਹਿਤ ਦਾ ਵਿਸ਼ਵ ਪੱਧਰ ’ਤੇ ਪ੍ਰਚਾਰ ਅਤੇ ਪਸਾਰ ਕਰਨਾ, ਪੰਜਾਬੀ ਗਲਪ ਦੀਆਂ ਨਵੀਆਂ ਉੱਤਮ ਰਚਨਾਵਾਂ ਲਈ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਅਤੇ ਸਰਹੱਦੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਗਲਪ ਅੱਜ ਸਿਰਫ਼ ਇੱਕ ਖੇਤਰ ਜਾਂ ਦੇਸ਼ ਤੱਕ ਸੀਮਤ ਨਹੀਂ ਰਿਹਾ, ਸਗੋਂ ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਨਵੇਂ ਵਿਸ਼ਿਆਂ, ਨਵੇਂ ਅਨੁਭਵਾਂ ਅਤੇ ਨਵੇਂ ਸਾਹਿਤਕ ਅੰਦਾਜ਼ ਨਾਲ ਲਗਾਤਾਰ ਵਿਕਸਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਢਾਹਾਂ ਸਾਹਿਤ ਇਨਾਮ ਨੇ ਸਰਹੱਦਾਂ ਤੋਂ ਉੱਪਰ ਉੱਠ ਕੇ ਪੰਜਾਬੀ ਦੇ ਉੱਘੇ ਅਤੇ ਉੱਭਰਦੇ ਲੇਖਕਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਢਾਹਾਂ ਸਾਹਿਤ ਇਨਾਮ-2026 ਲਈ ਭਾਰਤ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂਕੇ ਸਮੇਤ ਵੱਖ-ਵੱਖ ਦੇਸ਼ਾਂ ਤੋਂ 62 ਪੁਸਤਕਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚੋਂ ਜਿਊਰੀ ਦੇ ਮੈਂਬਰਾਂ ਵੱਲੋਂ ਤਿੰਨ ਪੁਸਤਕਾਂ ਨੂੰ ਫਾਈਨਲ ਲਈ ਚੁਣਿਆ। ਉਨ੍ਹਾਂ ਦੱਸਿਆ ਕਿ ਇਨਾਮ ਦੇ ਇਤਿਹਾਸ ਵਿਚ ਪਹਿਲੀ ਵਾਰ ਦੋ ਮਹਿਲਾ ਸਾਹਿਤਕਾਰ ਫਾਈਨਲ ਵਿਚ ਪਹੁੰਚੀਆਂ ਹਨ। ਬੀਬੀ ਐਂਬਰ ਹੁਸੈਨੀ ਅਤੇ ਬੀਬੀ ਰਾਜਪ੍ਰੀਤ ਕੌਰ ਬੈਨੀਪਾਲ ਦੀਆਂ ਰਚਨਾਵਾਂ ਨੇ ਅੰਤਿਮ ਤਿੰਨਾਂ ਵਿਚ ਆਪਣੀ ਥਾਂ ਬਣਾਈ ਹੈ, ਜੋ ਪੰਜਾਬੀ ਸਾਹਿਤ ਵਿਚ ਮਹਿਲਾ ਲੇਖਣੀ ਦੀ ਮਜ਼ਬੂਤ ਅਤੇ ਲਗਾਤਾਰ ਵਧ ਰਹੀ ਭੂਮਿਕਾ ਨੂੰ ਪ੍ਰਗਟਾਉਂਦਾ ਹੈ। ਇਸ ਮੌਕੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਜਨਾਬ ਰਾਏ ਅਜ਼ੀਜ਼ ਉੱਲਾ ਖਾਨ, ਸਾਧੂ ਬਿਨਿੰਗ, ਅਜਮੇਰ ਰੋਡੇ, ਪ੍ਰੋ. ਰਘਬੀਰ ਸਿੰਘ ਸਿਰਜਨਾ, ਢਾਹਾਂ ਇਨਾਮ ਕੋਆਰਡੀਨੇਟਰ ਹਰਿੰਦਰ ਕੌਰ ਢਾਹਾਂ, ਸਾਬਕਾ ਮੰਤਰੀ ਬੀਬੀ ਰਚਨਾ ਸਿੰਘ, ਪ੍ਰੋ. ਗੁਰਿੰਦਰ ਮਾਨ, ਡਾ. ਰਤਿੰਦਰ ਕੌਰ ਸਾਈਮਨ ਫਰੇਜ਼ਰ ਯੂਨੀਵਰਸਿਟੀ, ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਸੁਰਜੀਤ ਗਿੱਲ, ਤੇਰਾ ਸਿੰਘ ਰਾਇਲ ਬੈਂਕ, ਡਾ. ਸੈਫ ਖਾਲਿਦ ਤੋਂ ਇਲਾਵਾ ਸਾਹਿਤ ਪ੍ਰੇਮੀ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਦੇ ਪੰਜਾਬੀ ਅਧਿਆਪਕ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਚ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ। ਇਹ ਇਨਾਮ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਡਿਪਾਰਟਮੈਂਟ ਆਫ਼ ਏਸ਼ੀਅਨ ਸਟੱਡੀਜ਼ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਸੀ। ਇਸ ਵੱਕਾਰੀ ਇਨਾਮ ਦੇ ਬਾਨੀ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਅਤੇ ਉਨ੍ਹਾਂ ਦੀ ਪਤਨੀ ਰੀਟਾ ਢਾਹਾਂ ਹਨ। ਸਾਲ 2013 ਵਿਚ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਖੇ ਸਥਾਪਿਤ ਹੋਇਆ ਇਹ ਇਨਾਮ ਅੱਜ ਪੰਜਾਬੀ ਗਲਪ ਲਈ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਮਹੱਤਵ ਪੂਰਨ ਪਛਾਣ ਬਣ ਚੁੱਕਾ ਹੈ। ਹੁਣ ਪੰਜਾਬੀ ਸਾਹਿਤ ਪ੍ਰੇਮੀਆਂ ਦੀਆਂ ਨਜ਼ਰਾਂ 18 ਨਵੰਬਰ 2026 ’ਤੇ ਟਿਕੀਆਂ ਹਨ, ਜਦੋਂ ਨੌਰਥ ਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਚ ਹੋਣ ਵਾਲੇ ਸ਼ਾਨਦਾਰ ਸਮਾਰੋਹ ਦੌਰਾਨ 2026 ਦੇ 25 ਹਜ਼ਾਰ ਕੈਨੇਡੀਅਨ ਡਾਲਰ ਦੇ ਢਾਹਾਂ ਪੰਜਾਬੀ ਸਾਹਿਤ ਇਨਾਮ ਦੇ ਜੇਤੂ ਦਾ ਐਲਾਨ ਹੋਵੇਗਾ।