- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਖੌਤੀ ਸਿੱਖਿਆ ਕ੍ਰਾਂਤੀ ਦੀ ਹਵਾ ਕੱਢ ਰਹੀਆਂ ਹਨ ਹਜ਼ਾਰਾਂ ਖਾਲੀ ਅਸਾਮੀਆਂ-ਡੀਟੀਐਫ਼

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਇੱਕ ਵਾਰ ਫੇਰ ਪੰਜਾਬ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦਾ ਢੋਲ ਵਜਾਉਣ ਦੀ ਤਿਆਰੀ ਕਰ ਰਹੀ ਹੈ। 27 ਅਕਤੂਬਰ ਤੋਂ 3 ਨਵੰਬਰ ਤੱਕ ਸਕੂਲਾਂ ਵਿੱਚ ਆਪਣੇ ਰਾਜਨੀਤਕ ਮਨਸੂਬੇ ਪੂਰੇ ਕਰਨ ਲਈ ਸਿੱਖਿਆ ਕ੍ਰਾਂਤੀ ਦਾ ਡਰਾਮਾ ਕਰ ਰਹੀ ਹੈ ਪਰ ਸਰਕਾਰ ਦੀ ਇਸ ਅਖੌਤੀ ਸਿਖਿਆ ਕ੍ਰਾਂਤੀ ਦੀ ਫੂਕ ਸਕੂਲਾਂ ਵਿੱਚ ਖਾਲੀ ਪਈਆਂ ਹਜ਼ਾਰਾਂ ਪੋਸਟਾਂ ਕੱਢ ਰਹੀਆਂ ਹਨ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੂਬੇ ਦੇ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ 1927 ਵਿੱਚੋ 1153 ਪੋਸਟਾਂ ਖਾਲੀ ਪਈਆਂ ਹਨ। ਜਿਸ ਦੀ ਪ੍ਰਤੀਸ਼ਤਤਾ 60 ਫ਼ੀਸਦੀ ਬਣਦੀ ਹੈ। ਮਾਨਸਾ ਅਤੇ ਨਵਾਂਸ਼ਹਿਰ ਵਿਚ 80 ਫ਼ੀਸਦੀ ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ। ਮੋਗਾ ਬਰਨਾਲਾ ਅਤੇ ਤਰਨਤਾਰਨ ਵਿਚ 75 ਫ਼ੀਸਦੀ ਤੋਂ ਵਧ ਸਕੂਲਾਂ ਵਿਚ ਪ੍ਰਿੰਸੀਪਲ ਨਹੀਂ ਹਨ। ਜਥੇਬੰਦੀ ਦੇ ਵੱਖ-ਵੱਖ ਨੁਮਾਇੰਦਿਆਂ ਅਨੁਸਾਰ ਅਨੇਕਾਂ ਵਾਰ ਡੀਐੱਸਈ ਦਫਤਰ ਜਾ ਕੇ ਮੰਗ ਕਰ ਕੇ ਆਈਆਂ ਹਨ ਕਿ ਸਕੂਲਾਂ ਵਿਚ ਵਿਗੜੇ ਪ੍ਰਬੰਧਕੀ ਮਹੌਲ ਨੂੰ ਠੀਕ ਕਰਨ ਲਈ ਪ੍ਰਿੰਸੀਪਲਾਂ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ। ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਿੰਸੀਪਲਾਂ ਸਮੇਤ ਸਾਰੇ ਕੈਡਰਾਂ ਦੀਆਂ ਪ੍ਰੋਮੋਸ਼ਨਾਂ ਅਤੇ ਭਰਤੀਆਂ ਤੁਰੰਤ ਕੀਤੀਆਂ ਜਾਣ।