
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਲਈ ਇਹ ਮਾਣ ਦਾ ਪਲ ਹੈ–ਰਾਜਿੰਦਰ ਸਿੰਘ ਗਿੱਲ

- ਭਾਰਤ ਲਈ ਇਹ ਮਾਣ ਦਾ ਪਲ ਹੈ : ਰਾਜਿੰਦਰ ਸਿੰਘ ਗਿੱਲ
- ਟ੍ਰੀਸਾ ਜੌਲੀ-ਗਾਇਤਰੀ ਗੋਪੀਚੰਦ ਨੇ ਜਿੱਤਿਆ ਇਤਿਹਾਸਕ ਕਾਂਸੀ ਦਾ ਤਮਗਾ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਵੱਲੋਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਪ੍ਰਿੰਸੀਪਲ ਰਾਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦਿੱਲੀ ਵਿਖੇ 17 ਤੋਂ 23 ਅਗਸਤ 2026 ਤੱਕ ਕਰਵਾਈ ਜਾ ਰਹੀ ਬੀਡਬਲਯੂਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਕੇ ਦੇਸ਼ ਦਾ ਮਾਣ ਵਧਾਇਆ। ਪ੍ਰਿੰ. ਗਿੱਲ ਨੇ ਦੱਸਿਆ ਕਿ ਭਾਰਤ ਲਈ ਇਹ ਮਾਣ ਦਾ ਪਲ ਹੈ। ਖ਼ਾਸ ਤੌਰ ’ਤੇ ਭਾਰਤ ਦੀ ਮਹਿਲਾ ਡਬਲਜ਼ ਜੋੜੀ ਟ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੇ ਇਤਿਹਾਸਕ ਕਾਂਸੀ ਦਾ ਤਮਗਾ ਜਿੱਤ ਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਇਆ। ਇਹ 2011 ਤੋਂ ਬਾਅਦ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮਹਿਲਾ ਡਬਲਜ਼ ਤਮਗਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ਵ ਪੱਧਰੀ ਮੈਗਾ ਈਵੈਂਟ ਨੂੰ ਲਾਈਵ ਦੇਖਣ ਲਈ ਟਿਕਟਾਂ ਮੁਹੱਈਆ ਕਰਵਾਈਆਂ ਗਈਆਂ ਸਨ। ਗਿੱਲ ਨੇ ਕਿਹਾ ਕਿ ਕੁਝ ਭਾਰਤੀ ਖਿਡਾਰੀਆਂ ਨੂੰ ਬਹੁਤ ਹੀ ਕਰੀਬੀ ਮੁਕਾਬਲਿਆਂ ਵਿਚ ਕੁਝ ਅੰਕਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਨੂੰ ਉਨ੍ਹਾਂ ਨੇ ਹਾਰਡ ਲੱਕ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਹਾਰਾਂ ਤੋਂ ਵੀ ਖਿਡਾਰੀ ਬਹੁਤ ਕੁਝ ਸਿੱਖਦੇ ਹਨ ਅਤੇ ਇਹੀ ਤਜਰਬਾ ਭਵਿੱਖ ਦੀਆਂ ਵੱਡੀਆਂ ਜਿੱਤਾਂ ਦੀ ਨੀਂਹ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਨੂੰ ਲਾਈਵ ਦੇਖਣਾ ਉਨ੍ਹਾਂ ਦਾ ਛੇਵਾਂ ਅੰਤਰਰਾਸ਼ਟਰੀ ਬੈਡਮਿੰਟਨ ਅਨੁਭਵ ਹੈ। ਲੰਬੇ ਸਮੇਂ ਤੋਂ ਬੈਡਮਿੰਟਨ ਨਾਲ ਜੁੜੇ ਹੋਣ ਕਰ ਕੇ ਅਜਿਹੇ ਵਿਸ਼ਵ ਪੱਧਰੀ ਮੁਕਾਬਲਿਆਂ ਦਾ ਤਜ਼ਰਬਾ ਉਨ੍ਹਾਂ ਦੀ ਖੇਡ ਪ੍ਰਤੀ ਸਮਝ, ਦ੍ਰਿਸ਼ਟੀ, ਸ਼ਖ਼ਸੀਅਤ ਅਤੇ ਪ੍ਰੋਫਾਈਲ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਤੋਂ ਪ੍ਰਾਪਤ ਤਜ਼ਰਬੇ ਨੂੰ ਸ਼ਹੀਦ ਭਗਤ ਸਿੰਘ ਬੈਡਮਿੰਟਨ ਅਕੈਡਮੀ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਨਾਲ ਜੁੜੇ ਨੌਜਵਾਨ ਖਿਡਾਰੀਆਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਰਹੇਗਾ। ਇਸ ਮੌਕੇ ਰਾਜਿੰਦਰ ਸਿੰਘ ਗਿੱਲ ਨੇ ਇੱਕ ਵਾਰ ਫਿਰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਖਿਡਾਰੀਆਂ ਅਤੇ ਖੇਡ ਪ੍ਰਬੰਧਕਾਂ ਨੂੰ ਅਜਿਹੇ ਵੱਡੇ ਅੰਤਰਰਾਸ਼ਟਰੀ ਮੰਚਾਂ ਨਾਲ ਜੋੜਨਾ ਪੰਜਾਬ ਵਿੱਚ ਬੈਡਮਿੰਟਨ ਦੇ ਵਿਕਾਸ ਲਈ ਬਹੁਤ ਮਹਤਵਪੂਰਨ ਕਦਮ ਹੈ। ਉਨ੍ਹਾਂ ਰਿਤਿਨ ਖੰਨਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਇਹ ਮੌਕਾ ਸਿਰਫ਼ ਇੱਕ ਅੰਤਰਰਾਸ਼ਟਰੀ ਮੁਕਾਬਲਾ ਦੇਖਣ ਦਾ ਮੌਕਾ ਨਹੀਂ, ਸਗੋਂ ਵਿਸ਼ਵ ਪੱਧਰੀ ਖਿਡਾਰੀਆਂ ਦੀ ਤਕਨੀਕ, ਰਣਨੀਤੀ, ਫਿਟਨੈਂਸ ਅਤੇ ਮੈਚ ਟੈਂਪਰਾਮੈਂਟ ਨੂੰ ਨੇੜੇ ਤੋਂ ਸਮਝਣ ਦਾ ਬੇਮਿਸਾਲ ਅਨੁਭਵ ਹੈ। ਇਸ ਅਨੁਭਵ ਦਾ ਲਾਭ ਆਉਣ ਵਾਲੇ ਨੌਜਵਾਨ ਖਿਡਾਰੀਆਂ ਅਤੇ ਕੋਚਾਂ ਨੂੰ ਜ਼ਰੂਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਉਣਾ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਭਾਰਤੀ ਖਿਡਾਰੀਆਂ ਨੇ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਦੇ ਸਾਹਮਣੇ ਸ਼ਾਨਦਾਰ ਹੌਸਲੇ ਅਤੇ ਜਜ਼ਬੇ ਨਾਲ ਖੇਡਿਆ। ਖ਼ਾਸ ਤੌਰ ’ਤੇ ਆਯੂਸ਼ ਸ਼ੈੱਟੀ ਨੇ ਵਿਸ਼ਵ ਨੰਬਰ-1 ਅਤੇ ਡਿਫੈਂਡਿੰਗ ਚੈਂਪੀਅਨ ਚੀਨ ਦੇ ਸ਼ੀ ਯੂਕੀ ਨੂੰ ਪਹਿਲੇ ਰਾਊਂਡ ਵਿੱਚ ਹਰਾਕੇ ਵੱਡਾ ਉਲਟਫੇਰ ਕੀਤਾ। ਇਸੇ ਤਰ੍ਹਾਂ ਸਤਵਿਕਸਾਈਰਾਜ ਰੰਕੀਰੇੱਡੀ-ਚਿਰਾਗ ਸ਼ੈੱਟੀ, ਪੀ.ਵੀ. ਸਿੰਧੂ, ਲਕਸ਼ਯ ਸੇਨ, ਐੱਚਐੱਸ ਪ੍ਰਣਯ ਅਤੇ ਹੋਰ ਭਾਰਤੀ ਖਿਡਾਰੀਆਂ ਨੇ ਵੀ ਆਪਣੀ ਕਾਬਲੀਅਤ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਜਿੰਦਰ ਸਿੰਘ ਗਿੱਲ ਪ੍ਰਿੰਸੀਪਲ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਖਿਡਾਰੀਆਂ ਅਤੇ ਖੇਡ ਪ੍ਰਬੰਧਕਾਂ ਨੂੰ ਅਜਿਹੇ ਵਿਸ਼ਵ ਪੱਧਰੀ ਮੁਕਾਬਲਿਆਂ ਨਾਲ ਜੋੜਨਾ ਪੰਜਾਬ ਵਿਚ ਬੈਡਮਿੰਟਨ ਦੇ ਵਿਕਾਸ ਲਈ ਇੱਕ ਸ਼ਲਾਘਾਯੋਗ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਬੈਡਮਿੰਟਨ ਦਾ ਭਵਿੱਖ ਬਹੁਤ ਉਜਲਾ ਹੈ ਅਤੇ ਸਾਨੂੰ ਆਪਣੇ ਨੌਜਵਾਨ ਖਿਡਾਰੀਆਂ ਤੇ ਪੂਰਾ ਵਿਸ਼ਵਾਸ ਹੈ।