ਅੱਜ ਔਰਤਾਂ ਦੇ ਹੱਕਾਂ ਪ੍ਰਤੀ ਬੇਹੱਦ ਸੰਜੀਦਗੀ ਦਿਖਾਉਣ ਦੀ ਲੋੜ : ਐਡਵੋਕੇਟ ਅਮਨ ਅਰੋੜਾ ਅੱਜ ਔਰਤਾਂ ਦੇ ਹੱਕਾਂ ਪ੍ਰਤੀ ਬੇਹੱਦ ਸੰਜੀਦਗੀ ਦਿਖਾਉਣ ਦੀ ਲੋੜ - ਐਡਵੋਕੇਟ ਅਮਨ ਅਰੋੜਾ
Publish Date: Fri, 06 Nov 2026 06:19 PM (IST)
Updated Date: Fri, 06 Nov 2026 06:20 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਔਰਤਾਂ ਨਾਲ ਸਦੀਆਂ ਤੋਂ ਵਿਤਕਰਾ ਹੁੰਦਾ ਆ ਰਿਹਾ ਹੈ। ਅਜਿਹਾ ਵਿਤਕਰਾ ਉਸ ਮਹਾਨ ਭਾਰਤ ਚ ਹੋ ਰਿਹਾ ਹੈ। ਜਿੱਥੇ ਸ਼ਕਤੀ ਲਈ ਦੁਰਗਾ ਮਾਤਾ, ਦੌਲਤ ਲਈ ਲਕਸ਼ਮੀ ਅਤੇ ਕਲਾ ਲਈ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੇਸ਼ੇ ਵਜੋਂ ਵਕੀਲ ਅਤੇ ਉੱਘੀ ਸਮਾਜ ਸੇਵੀ ਸ਼ਖਸ਼ੀਅਤ ਐਡਵੋਕੇਟ ਅਮਨ ਅਰੋੜਾ ਨੇ ਕੀਤਾ। ਐਡਵੋਕੇਟ ਅਰੋੜਾ ਨੇ ਭਾਵਕ ਹੁੰਦਿਆਂ ਕਿਹਾ ਜੇ ਭਾਰਤ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ, ਤਾਂ ਪਤਾ ਚੱਲਦਾ ਹੈ ਕਿ ਸਮਾਜ ਵਿਚ ਔਰਤ ਨੂੰ ਕਦੇ ਵੀ ਮਰਦ ਦੀ ਬਰਾਬਰੀ ਦਾ ਹੱਕ ਪ੍ਰਾਪਤ ਨਹੀਂ ਹੋਇਆ। ਉਸ ਦੇ ਲਈ ਪਤੀ ਹਮੇਸ਼ਾ ਪਰਮੇਸ਼ਰ ਜਾਂ ਮਾਲਕ ਹੀ ਰਿਹਾ ਹੈ। ਔਰਤ ਦਾ ਮੁੱਖ ਕਾਰਜ ਘਰ ਦੀ ਚਾਰਦੀਵਾਰੀ ਤਕ ਸੀਮਤ ਰੱਖਿਆ ਗਿਆ ਹੈ। ਪਤਨੀ ਦੇ ਮਰਨ ਪਿੱਛੋਂ ਪਤੀ ਦੂਜਾ ਵਿਆਹ ਕਰਵਾਉਣ ਦਾ ਹੱਕਦਾਰ ਸੀ, ਇਕ ਪਤਨੀ ਦੇ ਹੁੰਦਿਆਂ ਦੂਜੀ ਪਤਨੀ ਵੀ ਲਿਆ ਸਕਦਾ ਸੀ ਪਰ ਵਿਧਵਾ ਹੋਈ ਔਰਤ ਕੋਲੋਂ ਜਿਊਣ ਦੇ ਸਾਰੇ ਹੱਕ ਖੋਹ ਲਏ ਜਾਂਦੇ ਸਨ। ਆਜ਼ਾਦੀ ਪਿੱਛੋਂ ਸਾਡੇ ਸੰਵਿਧਾਨ ਵਿਚ ਔਰਤਾਂ ਨੂੰ ਬਰਾਬਰੀ ਦੇ ਹੱਕ ਦਿੱਤੇ ਗਏ ਹਨ, ਪਰ ਸਮਾਜਿਕ ਤੌਰ ਉੱਤੇ ਅਜੇ ਵੀ ਮਰਦ ਉਸ ਦੀ ਬਰਾਬਰੀ ਕਬੂਲਣ ਲਈ ਤਿਆਰ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਡਰਨ ਯੁਗ ਵਿਚ ਲੋੜ ਵੇਲੇ ਮਾਤਾ ਪਿਤਾ ਦੀ ਸੇਵਾ ਮੁੰਡਿਆਂ ਨਾਲੋ ਕੁੜੀਆਂ ਦੇ ਹੱਕ ਵਿਚ ਜਿਆਦਾ ਆਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਰਾਸ਼ਟਰਪਤੀ ਇਕ ਔਰਤ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਵੀ ਔਰਤ ਬੈਠ ਚੁੱਕੀ ਹੈ। ਮੁੱਖ ਮੰਤਰੀ ਅਤੇ ਹੋਰ ਅਹੁਦਿਆਂ ਉੱਤੇ ਵੀ ਔਰਤਾਂ ਪੁੱਜੀਆਂ ਹਨ। ਪੜ੍ਹਾਈ, ਖੇਡਾਂ ਅਤੇ ਦੁਨੀਆਂ ਦੇ ਹਰ ਖੇਤਰ ਵਿਚ ਮਰਦਾਂ ਤੋਂ ਅੱਗੇ ਹੋਣ ਦੇ ਬਾਵਜੂਦ ਔਰਤ ਨੂੰ ਬਰਾਬਰੀ ਪ੍ਰਾਪਤ ਨਹੀਂ ਹੋਈ ਹੈ। ਪੰਚਾਇਤਾਂ ਵਿਚ ਪੰਚਾਂ ਤੇ ਸਰਪੰਚਾਂ ਦੀਆਂ ਕੁਝ ਕੁਰਸੀਆਂ ਔਰਤਾਂ ਲਈ ਰਾਖਵੀਆਂ ਕੀਤੀਆਂ ਹਨ। ਪਰ ਵੇਖਣ ਵਿਚ ਆਇਆ ਹੈ ਕਿ ਬਹੁਤੇ ਥਾਵਾਂ ਤੇ ਔਰਤਾਂ ਦਾ ਨਾਮ ਕਾਗਜ਼ਾਂ ਤਕ ਹੀ ਸੀਮਤ ਹੈ। ਅੰਤ ਵਿੱਚ ਐਡਵੋਕੇਟ ਅਰੋੜਾ ਨੇ ਔਰਤਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਔਰਤਾਂ ਨੂੰ ਹੀ ਪਹਿਲਕਦਮੀ ਕਰਨੀ ਹੋਵੇਗੀ।