ਟਿਕਟ ਦੇ ਐਲਾਨ ਤੋਂ ਬਾਅਦ ਲੋਕ ਮਿਲਣੀਆਂ ਦਾ ਰੁਝਾਨ ਘਟਿਆ ਟਿਕਟ ਦੇ ਐਲਾਨ ਤੋਂ ਬਾਅਦ ਲੋਕ ਮਿਲਣੀਆਂ ਦਾ ਰੁਝਾਨ ਘਟਿਆ
Publish Date: Sun, 15 Nov 2026 04:27 PM (IST)
Updated Date: Mon, 16 Nov 2026 04:01 AM (IST)
ਆਮ ਆਦਮੀ ਪਾਰਟੀ ਨੇ ਦੂਜੀ ਵਾਰ ਖੇਡਿਆ ਵਿਧਾਇਕਾ ਸੰਤੋਸ਼ ਕਟਾਰੀਆ ਤੇ ਦਾਅ, ਪਾਰਟੀ ਅੰਦਰਲੇ ਸਿਆਸੀ ਸਮੀਕਰਨਾਂ ਤੇ ਚਰਚਾ ਤੇਜ਼ ਟਿਕਟ ਮਿਲਦਿਆਂ ਹੀ ਕਿਉਂ ਮੱਠੀ ਪਈਆਂ ਆਪ ਦੀਆਂ ਲੋਕ ਮਿਲਣੀਆਂ? ਬਲਾਚੌਰ ਵਿਚ ਪੁਰਾਣੇ ਵਰਕਰਾਂ ਦੀ ਨਾਰਾਜ਼ਗੀ ਅਤੇ ਅੰਦਰੂਨੀ ਸਿਆਸੀ ਸਮੀਕਰਨ ਬਣ ਸਕਦੇ ਹਨ 2027 ਦੀ ਚੋਣ ਵਿੱਚ ਚੁਣੌਤੀ ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਬਲਾਚੌਰ ਵਿਧਾਨ ਸਭਾ ਹਲਕੇ ਵਿਚ ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਅਤੇ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਜੁਟੇ ਹੋਏ ਹਨ। ਇਹ ਰੁਝਾਨ ਕਿਸੇ ਇੱਕ ਪਾਰਟੀ ਤੱਕ ਸੀਮਤ ਨਹੀਂ, ਸਗੋਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਪੋ-ਆਪਣੇ ਪੱਧਰ ਤੇ ਸਰਗਰਮੀਆਂ ਕਰ ਰਹੇ ਹਨ। ਹਲਕਾ ਇੰਚਾਰਜੀਆਂ ਅਤੇ ਸਿਆਸੀ ਜ਼ਿੰਮੇਵਾਰੀਆਂ ਮਿਲਣ ਦੇ ਬਾਵਜੂਦ ਕਈ ਆਗੂਆਂ ਦੀਆਂ ਅੰਦਰਖਾਤੇ ਸਰਗਰਮੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ। ਤਾਂ ਬਲਾਚੌਰ ਹਲਕੇ ਵਿਚ ਪਿੰਡ ਪੱਧਰ ਤੇ ਲੋਕ ਮਿਲਣੀਆਂ ਅਤੇ ਸਿਆਸੀ ਪ੍ਰੋਗਰਾਮ ਕਰਵਾਉਣ ਦੇ ਮਾਮਲੇ ਵਿਚ ਇਸ ਪਾਰਟੀ ਦੇ ਆਗੂ ਸਭ ਤੋਂ ਵੱਧ ਸਰਗਰਮ ਦਿਖਾਈ ਦਿੱਤੇ। ਇਨ੍ਹਾਂ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਸ਼ਿਵਕਰਨ ਚੇਚੀ, ਚੇਅਰਮੈਨ ਸੇਠੀ ਉਧਨਵਾਲ ਅਤੇ ਗੁੱਜਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਸਮੇਤ ਕਈ ਆਗੂ ਸ਼ਾਮਲ ਰਹੇ। ਇਹ ਆਗੂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਮੁਲਾਕਾਤਾਂ ਕਰਦੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਰਹੇ। ਹਾਲਾਂਕਿ, ਇਨ੍ਹਾਂ ਲੋਕ ਮਿਲਣੀਆਂ ਨੂੰ ਲੈ ਕੇ ਹਲਕੇ ਵਿਚ ਇੱਕ ਹੋਰ ਤਰ੍ਹਾਂ ਦੀ ਚਰਚਾ ਵੀ ਰਹੀ ਕਿ ਕੀ ਇਹ ਪ੍ਰੋਗਰਾਮ ਸੱਚਮੁੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੀਤੇ ਜਾ ਰਹੇ ਸਨ ਜਾਂ ਇਨ੍ਹਾਂ ਦੇ ਪਿੱਛੇ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ, ਟਿਕਟ ਦੀ ਦਾਅਵੇਦਾਰੀ ਪੇਸ਼ ਕਰਨ ਅਤੇ ਸੋਸ਼ਲ ਮੀਡੀਆ ਤੇ ਆਪਣੀ ਸਰਗਰਮੀ ਦਿਖਾਉਣ ਦਾ ਮਕਸਦ ਵੀ ਸੀ? ਜਿਵੇਂ ਹੀ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ, ਉਸ ਤੋਂ ਬਾਅਦ ਲੋਕ ਮਿਲਣੀਆਂ ਦਾ ਰੁਝਾਨ ਕਾਫ਼ੀ ਘਟਦਾ ਦਿਖਾਈ ਦੇਣ ਲੱਗਾ। ਇਸ ਤਬਦੀਲੀ ਨੇ ਸਿਆਸੀ ਹਲਕਿਆਂ ਵਿਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਵਿੱਚ ਇਹ ਚਰਚਾ ਵੀ ਹੈ ਕਿ ਕੀ ਟਿਕਟ ਦੇ ਐਲਾਨ ਨਾਲ ਹੀ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਗਈਆਂ ਹਨ ਜਾਂ ਫਿਰ ਪਹਿਲਾਂ ਵਾਂਗ ਲੋਕਾਂ ਤੱਕ ਪਹੁੰਚਣ ਦੀ ਲੋੜ ਹੁਣ ਮਹਿਸੂਸ ਨਹੀਂ ਕੀਤੀ ਜਾ ਰਹੀ? ਕੁਝ ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਰਹੀ ਕਿ ਪਾਰਟੀ ਹਾਈਕਮਾਂਡ ਵੱਲੋਂ ਵੱਖ-ਵੱਖ ਆਗੂਆਂ ਨੂੰ ਸਰਗਰਮ ਰੱਖਣ ਦਾ ਇੱਕ ਮਕਸਦ ਪਾਰਟੀ ਦੇ ਪ੍ਰਚਾਰ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣਾ ਵੀ ਹੋ ਸਕਦਾ ਸੀ। ਹੁਣ ਸਵਾਲ ਇਹ ਹੈ ਕਿ ਇਨ੍ਹਾਂ ਆਗੂਆਂ ਵੱਲੋਂ ਕੀਤੀਆਂ ਗਈਆਂ ਲੋਕ ਮਿਲਣੀਆਂ ਦਾ ਪਾਰਟੀ ਨੂੰ ਕਿੰਨਾ ਸਿਆਸੀ ਲਾਭ ਹੋਇਆ? ਕੀ ਇਹ ਸਰਗਰਮੀਆਂ ਪਾਰਟੀ ਦੀ ਮਜ਼ਬੂਤੀ ਦਾ ਆਧਾਰ ਬਣਨਗੀਆਂ ਜਾਂ ਫਿਰ ਇਨ੍ਹਾਂ ਦਾ ਲਾਭ ਕਿਸੇ ਹੋਰ ਸਿਆਸੀ ਧਿਰ ਨੂੰ ਮਿਲ ਸਕਦਾ ਹੈ? ਜੇਕਰ ਇਹ ਲੋਕ ਮਿਲਣੀਆਂ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਨਾਲ ਜੁੜਨ ਦੀ ਮੁਹਿੰਮ ਦਾ ਹਿੱਸਾ ਸਨ। ਤਾਂ ਉਮੀਦਵਾਰ ਦੇ ਐਲਾਨ ਤੋਂ ਬਾਅਦ ਵੀ ਇਹ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਸੀ। ਕਿਉਂਕਿ ਚੋਣਾਂ ਸਿਰਫ਼ ਟਿਕਟਾਂ ਦੇ ਐਲਾਨ ਨਾਲ ਨਹੀਂ ਜਿੱਤੀਆਂ ਜਾਂਦੀਆਂ, ਸਗੋਂ ਜ਼ਮੀਨੀ ਪੱਧਰ ਤੇ ਵਰਕਰਾਂ ਦੀ ਸਰਗਰਮੀ ਅਤੇ ਲੋਕਾਂ ਨਾਲ ਲਗਾਤਾਰ ਸੰਪਰਕ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਵਾਰ ਬਲਾਚੌਰ ਹਲਕੇ ਵਿਚ ਆਮ ਆਦਮੀ ਪਾਰਟੀ ਸਾਹਮਣੇ ਅੰਦਰੂਨੀ ਚੁਣੌਤੀਆਂ ਵੀ ਘੱਟ ਨਹੀਂ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਲਈ ਜਿਨ੍ਹਾਂ ਪੁਰਾਣੇ ਵਰਕਰਾਂ ਅਤੇ ਨੌਜਵਾਨ ਆਗੂਆਂ ਨੇ ਜ਼ਮੀਨੀ ਪੱਧਰ ਤੇ ਮਿਹਨਤ ਕੀਤੀ ਸੀ ਅਤੇ ਪਾਰਟੀ ਪੂਰੇ ਪੰਜਾਬ ਵਿਚ 92 ਸੀਟਾਂ ਜਿੱਤਣ ਦੇ ਬਾਵਜੂਦ ਬਲਾਚੌਰ ਹਲਕੇ ਦੀ ਸੀਟ ਬਹੁਤ ਹੀ ਘੱਟ ਫਾਸਲੇ ਨਾਲ ਜਿੱਤ ਸਕੀ ਸੀ। ਉਨ੍ਹਾਂ ਵਿੱਚੋਂ ਕੁਝ ਅੱਜ ਪਾਰਟੀ ਤੋਂ ਦੂਰੀ ਬਣਾਈ ਬੈਠੇ ਹਨ, ਕੁਝ ਚੁੱਪ ਹਨ ਅਤੇ ਕੁਝ ਨੇ ਆਪਣਾ ਵੱਖਰਾ ਸਿਆਸੀ ਰਾਹ ਚੁਣ ਲਿਆ ਹੈ। ਇਸ ਸੰਦਰਭ ਵਿੱਚ ਸੇਠੀ ਸਰਪੰਚ ਥੋਪੀਆ, ਸਵਰਗੀ ਪ੍ਰੇਮ ਕੁਮਾਰ ਭੀਮਾ ਅਤੇ ਰਣਵੀਰ ਚੇਚੀ ਵਰਗੇ ਆਗੂਆਂ ਦੀ ਭੂਮਿਕਾ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਆਗੂਆਂ ਅਤੇ ਉਨ੍ਹਾਂ ਦੀਆਂ ਟੀਮਾਂ ਨੇ 2022 ਦੀਆਂ ਚੋਣਾਂ ਦੌਰਾਨ ਪਾਰਟੀ ਲਈ ਸਰਗਰਮੀ ਨਾਲ ਕੰਮ ਕੀਤਾ ਸੀ। ਸੇਠੀ ਸਰਪੰਚ ਵੱਲੋਂ ਪਿਛਲੇ ਦਿਨੀਂ ਵਿਧਾਇਕਾ ਖ਼ਿਲਾਫ਼ ਦੋਸ਼ ਲਗਾਏ ਜਾਣ ਤੋਂ ਬਾਅਦ ਵੀ ਸਿਆਸੀ ਚਰਚਾ ਛਿੜੀ ਹੋਈ ਹੈ। ਦੂਜੇ ਪਾਸੇ, ਰਣਵੀਰ ਚੇਚੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਿਆਸੀ ਸਰਗਰਮੀ ਵੀ ਦਿਖਾ ਰਹੇ ਹਨ। ਰਣਵੀਰ ਚੇਚੀ ਵੱਲੋਂ ਅਕਸਰ ਇਹ ਗੱਲ ਉਭਾਰੀ ਜਾਂਦੀ ਰਹੀ ਹੈ ਕਿ ਸਾਲ 2022 ਵਿਚ ਬਲਾਚੌਰ ਸੀਟ ਤੇ ਪਾਰਟੀ ਦੀ ਜਿੱਤ ਪਿੱਛੇ ਟੀਮ ਵਰਕ ਅਤੇ ਵਰਕਰਾਂ ਦੀ ਮਿਹਨਤ ਦਾ ਵੱਡਾ ਯੋਗਦਾਨ ਸੀ। ਉਸ ਸਮੇਂ ਪਾਰਟੀ ਨਵੀਂ-ਨਵੀਂ ਹੋਂਦ ਵਿੱਚ ਆਈ ਸੀ ਅਤੇ ਵਰਕਰਾਂ ਵਿਚ ਨਵਾਂ ਜੋਸ਼ ਸੀ। ਦੂਜੇ ਪਾਸੇ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਦਾ ਸੋਸ਼ਲ ਮੀਡੀਆ ਉੱਤੇ ਪਾਈਂ ਪੋਸਟ ਜੋ ਇਸ ਤਰ੍ਹਾਂ ਸੀ। ਜਦੋਂ ਸਾਲਾਂ ਦੀ ਮਿਹਨਤ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਤਾਂ ਖਾਮੋਸ਼ੀ ਵੀ ਬਹੁਤ ਕੁਝ ਬਿਆਨ ਕਰਦੀ ਹੈ। ਕਾਫੀ ਚਰਚਾ ਵਿਚ ਰਹੀ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ? ਸਕਦਾ ਹੈ ਕਿ ਇਸ ਵਾਰ ਸਿਆਸੀ ਹਾਲਾਤ ਪਹਿਲਾਂ ਵਰਗੇ ਨਹੀਂ ਹਨ। ਹੁਣ ਪਾਰਟੀ ਨੂੰ ਨਾ ਸਿਰਫ਼ ਵਿਰੋਧੀ ਧਿਰਾਂ ਨਾਲ ਮੁਕਾਬਲਾ ਕਰਨਾ ਪਵੇਗਾ, ਸਗੋਂ ਆਪਣੇ ਅੰਦਰਲੇ ਸਿਆਸੀ ਸਮੀਕਰਨਾਂ ਅਤੇ ਨਾਰਾਜ਼ ਵਰਕਰਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਵਾਰ ਬਲਾਚੌਰ ਹਲਕੇ ਦੀ ਸਿਆਸਤ ਵਿਚ ਇੱਕ ਹੋਰ ਦਿਲਚਸਪ ਤਬਦੀਲੀ ਇਹ ਵੀ ਦੇਖਣ ਨੂੰ ਮਿਲੀ ਕਿ ਟਿਕਟ ਦੇ ਐਲਾਨ ਤੋਂ ਪਹਿਲਾਂ ਹਲਕੇ ਦੇ ਕਈ ਪਿੰਡਾਂ ਅਤੇ ਕਸਬਿਆਂ ਵਿਚ ਪੋਸਟਰਾਂ ਤੇ ਫਲੈਕਸ ਬੋਰਡਾਂ ਦੀ ਭਰਮਾਰ ਦਿਖਾਈ ਦਿੰਦੀ ਸੀ। ਆਗੂਆਂ ਦੀਆਂ ਲੋਕ ਮਿਲਣੀਆਂ ਅਤੇ ਸਿਆਸੀ ਪ੍ਰੋਗਰਾਮਾਂ ਦੇ ਨਾਲ ਨਵੇਂ-ਨਵੇਂ ਫਲੈਕਸ ਲਗਾਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਸੀ। ਇਸ ਨਾਲ ਫਲੈਕਸ ਬੋਰਡ ਤਿਆਰ ਕਰਨ ਵਾਲੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਚੰਗਾ ਚੱਲ ਰਿਹਾ ਸੀ। ਪਰ ਟਿਕਟ ਦੇ ਐਲਾਨ ਤੋਂ ਬਾਅਦ ਇਹ ਰੌਣਕ ਵੀ ਪਹਿਲਾਂ ਦੇ ਮੁਕਾਬਲੇ ਘਟਦੀ ਦਿਖਾਈ ਦੇ ਰਹੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਲਾਚੌਰ ਦੀ ਸੀਟ ਮੁੜ ਆਪਣੇ ਨਾਮ ਕਰ ਸਕੇਗੀ ? ਕੀ ਪਾਰਟੀ ਆਪਣੇ ਪੁਰਾਣੇ ਵਰਕਰਾਂ ਅਤੇ ਨਾਰਾਜ਼ ਆਗੂਆਂ ਨੂੰ ਮੁੜ ਇੱਕ ਮੰਚ ਤੇ ਲਿਆ ਸਕੇਗੀ? ਕੀ ਲੋਕ ਮਿਲਣੀਆਂ ਦਾ ਸਿਲਸਿਲਾ ਮੁੜ ਸ਼ੁਰੂ ਹੋਵੇਗਾ ਜਾਂ ਫਿਰ ਚੋਣਾਂ ਨੇੜੇ ਆਉਣ ਤੇ ਹੀ ਸਿਆਸੀ ਸਰਗਰਮੀਆਂ ਤੇਜ਼ ਹੋਣਗੀਆਂ ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ, ਪਰ ਮੌਜੂਦਾ ਸਿਆਸੀ ਹਾਲਾਤ ਇਹ ਸੰਕੇਤ ਜ਼ਰੂਰ ਦੇ ਰਹੇ ਹਨ ਕਿ 2027 ਦੀ ਚੋਣ ਆਮ ਆਦਮੀ ਪਾਰਟੀ ਲਈ ਬਲਾਚੌਰ ਹਲਕੇ ਵਿੱਚ ਪਹਿਲਾਂ ਜਿੰਨੀ ਆਸਾਨ ਨਹੀਂ ਹੋਵੇਗੀ।