ਪਿੰਡ ਬੱਲੋਵਾਲ ’ਚ ਤੀਆਂ ਦਾ ਤਿਉਹਾਰ ਮਨਾਇਆ ਪਿੰਡ ਬੱਲੋਵਾਲ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Sun, 09 Aug 2026 04:42 PM (IST)
Updated Date: Sun, 09 Aug 2026 04:44 PM (IST)
- ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ : ਡਾ. ਐੱਸਕੇ ਸੁੱਖੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਪਿੰਡ ਬੱਲੋਵਾਲ ਵਿਖੇ ਗ੍ਰਾਮ ਪੰਚਾਇਤ ਦੇ ਸਰਪੰਚ ਬਲਜੀਤ ਸਿੰਘ, ਸਮੂਹ ਨਗਰ ਨਿਵਾਸੀ ਅਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਜ਼ਿਲ੍ਹਾ ਪਰਿਸ਼ਦ ਮੈਂਬਰ ਸੋਹਣ ਲਾਲ ਢੰਡਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ, ਉਨ੍ਹਾਂ ਕਿਹਾ ਕਿ ਪੰਜਾਬੀ ਵਿਰਸਾ ਦੁਨੀਆ ਭਰ ਵਿਚ ਅਮੀਰ ਵਿਰਸੇ ਵਜੋਂ ਜਾਣਿਆ ਜਾਂਦਾ ਹੈ। ਇਸ ਕਰਕੇ ਸਾਨੂੰ ਇਸ ਤੋਂ ਦੂਰ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਉੱਪਰ ਮਾਣ ਹੋਣਾ ਚਾਹੀਦਾ ਹੈ। ਸਾਵਣ ਮਹੀਨੇ ਧੀਆਂ ਭੈਣਾਂ ਰਲ-ਮਿਲ ਕੇ ਪੀਂਘਾ ਝੂਟਦੀਆਂ, ਗਿੱਧੇ ਭੰਗੜੇ ਪਾਕੇ ਖੁਸ਼ੀ ਮਨਾਉਂਦੀਆਂ ਹਨ। ਤੀਆਂ ਦਾ ਤਿਉਹਾਰ ਮਨਾਉਂਦੀਆਂ ਸਨ। ਅੱਜ ਵੀ ਲੋੜ ਹੈ ਕਿ ਅਸੀਂ ਹਰ ਪਿੰਡ ਵਿਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਈਏ ਅਤੇ ਧੀਆਂ ਭੈਣਾਂ ਨੂੰ ਬਣਦਾ ਮਾਣ ਸਤਿਕਾਰ ਦਈਏ। ਉਨ੍ਹਾਂ ਕਿਹਾ ਕਿ ਅੱਜ ਉਹੀ ਪੰਜਾਬ ਜਿੱਥੇ ਕਦੇ ਦੁੱਧ ਦੇ ਦਰਿਆ ਵਗਦੇ ਸਨ, ਅੱਜ ਪੰਜਾਬ ਦੇ ਲੋਕ ਪੈਕਟਾਂ ਵਾਲਾ ਦੁੱਧ ਪੀਣ ਲਈ ਮਜਬੂਰ ਹਨ। ਅੱਜ ਪਿੰਡਾਂ ਵਿੱਚੋਂ ਚਾਟੀਆਂ, ਮਧਾਣੀਆਂ, ਤੌੜੀਆਂ ਅਤੇ ਚਰਖੇ ਅਲੋਪ ਹੋ ਚੁੱਕਕੇ ਹਨ। ਲੋੜ ਹੈ ਇਸ ਅਮੀਰ ਵਿਰਸੇ ਨੂੰ ਸਾਂਭਣ ਦੀ। ਇਸ ਮੌਕੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੇ ਰਹਿਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸੇ ਉਪਰਾਲੇ ਦੀ ਇੱਕ ਕੜੀ ਹੈ। ਵਿਧਾਇਕ ਡਾ. ਐੱਸਕੇ ਸੁੱਖੀ ਵੱਲੋਂ ਪਿੰਡ ਦੇ ਸਰਪੰਚ ਬਲਜੀਤ ਸਿੰਘ, ਸਮੂਹ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਕੰਮ ਦੀ ਵਧਾਈ ਦਿੱਤੀ ਅਤੇ ਪ੍ਰਸ਼ੰਸਾ ਕੀਤੀ। ਇਸ ਖੁਸ਼ੀ ਦੇ ਮੌਕੇ ਉਨ੍ਹਾਂ ਨੇ ਪਿੰਡ ਦੀਆਂ ਧੀਆਂ ਭੈਣਾਂ ਵਾਸਤੇ ਓਪਨ ਜਿਮ ਦਾ ਐਲਾਨ ਕਰਦੇ ਕਿਹਾ ਤੇ ਇਸ ਵਾਸਤੇ ਡੇਢ ਲੱਖ ਰੁਪਏ ਦੀ ਗਰਾਂਟ ਜਾਰੀ ਕਰਵਾਈ ਜਾਵੇਗੀ। ਇਸ ਮੌਕੇ ਪਿੰਡ ਦੀਆਂ ਧੀਆਂ ਭੈਣਾਂ ਨੇ ਰੰਗ ਬਿਰੰਗੀਆਂ ਫ਼ਲਕਾਰੀਆਂ ਵਿਚ ਸੱਜ-ਧੱਜ ਕੇ ਖੁਭ ਧਮਾਲਾਂ ਪਾਈਆਂ। ਬਲਜੀਤ ਸਿੰਘ ਸਰਪੰਚ ਵੱਲੋਂ ਡਾ. ਐੱਸਕੇ ਸੁੱਖੀ ਅਤੇ ਹੋਰ ਪਤਵੰਤਿਆ ਦਾ ਧੰਨਵਾਦ ਕਰਦਿਆਂ ਸਰੋਪੇ ਪਾ ਕੇ ਸਨਮਾਨਿਤ ਕੀਤਾ।