ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ : ਸਰਪੰਚ ਨਿੱਘੀ 'ਚ 'ਤੀਆਂ ਦਾ ਤਿਉਹਾਰ'ਮਨਾਇਆ
Publish Date: Wed, 12 Aug 2026 05:39 PM (IST)
Updated Date: Wed, 12 Aug 2026 05:41 PM (IST)
- ਨਿੱਘੀ ’ਚ ਤੀਆਂ ਦਾ ਤਿਉਹਾਰ ਮਨਾਇਆ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਨਿੱਘੀ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਰੰਗਤਾਂ ਨੂੰ ਜੀਵੰਤ ਕੀਤਾ। ਚਰਨਜੀਤ ਚੀਨੂੰ ਚੇਚੀ ਦੇ ਗ੍ਰਹਿ ਵਿਖੇ ਰੱਖੇ ਇਸ ਤੀਆਂ ਦੇ ਪ੍ਰੋਗਰਾਮ ਦੌਰਾਨ ਗਿੱਧਾ, ਬੋਲੀਆਂ ਅਤੇ ਲੋਕ-ਗੀਤਾਂ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਤੀਆਂ ਦੇ ਰਵਾਇਤੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਅਤੇ ਮਹਿਲਾਵਾਂ ਨੇ ਪੰਜਾਬੀ ਵਿਰਸੇ ਦੀ ਖੂਬਸੂਰਤੀ ਨੂੰ ਪੇਸ਼ ਕੀਤਾ। ਇਸ ਮੌਕੇ ਸਰਪੰਚ ਮਿੰਦੋ ਚੇਚੀ, ਪੰਚ ਸੰਤੋਸ਼ ਚੇਚੀ ਅਤੇ ਸਰੋਜ ਦੇਵੀ ਨੇ ਪੁਰਾਣੀਆਂ ਪੰਜਾਬੀ ਰਵਾਇਤਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ, ਜੋ ਮਹਿਲਾਵਾਂ ਨੂੰ ਆਪਸੀ ਮਿਲਵਰਤਣ, ਖੁਸ਼ੀਆਂ ਸਾਂਝੀਆਂ ਕਰਨ ਅਤੇ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਅਜਿਹੇ ਸਮਾਗਮ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਪੂੜੀਆਂ ਛੋਲਿਆਂ ਦਾ ਲੰਗਰ ਵੀ ਲਗਾਇਆ ਗਿਆ। ਪ੍ਰੋਗਰਾਮ ਦੇ ਅਖੀਰ ਵਿਚ ਪ੍ਰਬੰਧਕਾਂ ਨੇ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਔਰਤਾਂ, ਮੁਟਿਆਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਸਮੂਹ ਪਿੰਡ ਵਾਸੀਆਂ ਨੇ ਭਵਿੱਖ ਵਿਚ ਵੀ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਮਿੰਦੋ ਚੇਚੀ, ਮੀਨੂੰ ਮੋਨੂੰ, ਸਰੋਜ ਰਾਣੀ, ਨੀਲਮ, ਦਰਸ਼ਨਾ, ਪੰਮੀ, ਬਿੰਦਰ, ਰਜਨੀ, ਬਨੀਤ, ਭਾਵਨਾ, ਪੁਨੀਤ, ਮਮਨਦੀਪ, ਛਿੰਦੋ, ਜਿੰਦੋ, ਮਨਜੀਤ, ਸੱਤਿਆ ਦੇਵੀ, ਗੀਤਾ, ਬੇਵੀ, ਕਾਂਤਾ ਦੇਵੀ, ਊਸ਼ਾ, ਸੁਮਨ, ਬਿੰਦਰ, ਸ਼ਾਂਤੀ, ਕਮਲੇਸ਼, ਰੇਸ਼ਮਾ ਅਤੇ ਸੀਮਾ ਸਮੇਤ ਵੱਡੀ ਗਿਣਤੀ ’ਚ ਮੁਟਿਆਰਾਂ ਤੇ ਬਜ਼ੁਰਗ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।