- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਾਜ ਮੰਡੀ 'ਚ ਝੋਨੇ ਦੀ ਲਿਫਟਿੰਗ ਦੀ ਸੁਸਤ ਰਫ਼ਤਾਰ ਨੇ ਆੜ੍ਹਤੀਆਂ ਦੇ ਸਾਹ ਸੂਤੇ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਰਾਹੋਂ ਸ਼ਹਿਰ ਦੀ ਅਨਾਜ ਮੰਡੀ 'ਚ ਝੋਨੇ ਦੀ ਲਗਾਤਾਰ ਹੋ ਰਹੀ ਆਮਦ ਦੇ ਵਿਚਕਾਰ ਲਿਫਟਿੰਗ ਦੀ ਸੁਸਤ ਰਫ਼ਤਾਰ ਨੇ ਮੰਡੀ ਦੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਆੜ੍ਹਤੀਆਂ ਦੇ ਅਨੁਸਾਰ ਰੋਜ਼ਾਨਾ ਤਕਰੀਬਨ ਔਸਤਨ 50 ਹਜ਼ਾਰ ਦੇ ਕਰੀਬ ਝੋਨੇ ਦੀ ਆਮਦ ਹੋ ਰਹੀ ਹੈ ਪਰ ਇਸ ਦੇ ਮੁਕਾਬਲੇ ਲਿਫਟਿੰਗ ਬਹੁਤ ਘੱਟ ਹੋਣ ਕਾਰਨ ਮੰਡੀ ਵਿਖੇ ਝੋਨੇ ਦੇ ਢੇਰ, ਬੋਰੀਆਂ ਦੇ ਅੰਬਾਰ ਲਗਾਤਾਰ ਵਧ ਰਹੇ ਹਨ। ਜਿਸ ਕਾਰਨ ਮੰਡੀ ਵਿਚ ਝੋਨੇ ਨੂੰ ਸੰਭਾਲਣ ਲਈ ਥਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ। ਕਈ ਥਾਵਾਂ ’ਤੇ ਫ਼ਸਲ ਨੂੰ ਤਰਪਾਲਾਂ ਨਾਲ ਢਕ ਕੇ ਰੱਖਿਆ ਗਿਆ ਹੈ ਪਰ ਮੌਸਮ ਦੇ ਬਦਲਦੇ ਮਿਜ਼ਾਜ ਅਤੇ ਬਰਸਾਤ ਦੀ ਸੰਭਾਵਨਾ ਨੇ ਆੜ੍ਹਤੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਜੇਕਰ ਅਚਾਨਕ ਮੀਂਹ ਪੈ ਜਾਂਦਾ ਹੈ ਤਾਂ ਖੁੱਲ੍ਹੇ ਵਿਚ ਪਈ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਤਰਾ ਬਣ ਸਕਦਾ ਹੈ।।ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਪਰਮਾਰ ਅਤੇ ਪ੍ਰਤੀਕ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀਬਖ਼ਸ਼ ਢੰਗ ਨਾਲ ਨਹੀਂ ਚੱਲ ਰਿਹਾ। ਇੱਕ ਪਾਸੇ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀ ਵਿਚ ਪਹੁੰਚ ਰਹੇ ਹਨ, ਦੂਜੇ ਪਾਸੇ ਪਹਿਲਾਂ ਤੋਂ ਪਈ ਫ਼ਸਲ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ, ਭੀੜ ਅਤੇ ਢੇਰ ਵਧਦੇ ਜਾ ਰਹੇ ਹਨ। ਆੜ੍ਹਤੀਆਂ ਲਈ ਫ਼ਸਲ ਦੀ ਸੰਭਾਲ ਕਰਨੀ ਦਿਨੋਂ-ਦਿਨ ਔਖੀ ਹੁੰਦੀ ਜਾ ਰਹੀ ਹੈ। ਮੰਡੀ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੂੰ ਆਪਣੀ ਫ਼ਸਲ ਦੀ ਖ਼ਰੀਦ ਅਤੇ ਅਗਲੀ ਕਾਰਵਾਈ ਲਈ ਮੰਡੀ ਵਿਚ ਬੈਠ ਕੇ ਲੰਮੇ ਸਮੇਂ ਲਈ ਉਡੀਕ ਕਰਨੀ ਪੈ ਰਹੀ ਹੈ। ਘਰ-ਬਾਰ ਛੱਡ ਕੇ ਮੰਡੀ ਵਿਚ ਸਮਾਂ ਬਿਤਾਉਣਾ ਕਿਸਾਨਾਂ ਲਈ ਮੁਸ਼ਕਲ ਬਣਿਆ ਹੋਇਆ ਹੈ। ਰਾਹੋਂ ਮੰਡੀ ਦੇ ਆੜ੍ਹਤੀਆਂ ਦੀ ਮੰਗ ਹੈ ਕਿ ਝੋਨੇ ਦੀ ਲਿਫਟਿੰਗ ਵਿਚ ਤੁਰੰਤ ਤੇਜ਼ੀ ਲਿਆਂਦੀ ਜਾਵੇ, ਖ਼ਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਮੰਡੀ ਵਿਚ ਪਈ ਫ਼ਸਲ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਮੰਡੀ ਵਿਖੇ ਮੌਜ਼ੂਦ ਕਿਸਾਨਾਂ ਨੇ ਕਿਹਾ ਕਿ ਸੰਬੰਧਤ ਅਧਿਕਾਰੀ, ਕਿਸਾਨਾਂ ਅਤੇ ਆੜਤੀਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲਿਫਟਿੰਗ ਦੀ ਰਫ਼ਤਾਰ ਵਧਾਉਣ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਇਸ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।