ਮੌਸਮ ਮਾਹਿਰਾਂ ਦੀ ਮੀਂਹ ਸੂਚਨਾ ਤੋਂ ਬਾਅਦ ਵੀ ਗਰਮੀ ਦਾ ਕਹਿਰ ਬਰਕਰਾਰ ਮੌਸਮ ਮਾਹਿਰਾਂ ਦੀ ਮੀਂਹ ਸੂਚਨਾ ਤੋਂ ਬਾਅਦ ਵੀ ਗਰਮੀ ਦਾ ਕਹਿਰ ਬਰਕਰਾਰ
Publish Date: Mon, 14 Sep 2026 06:20 PM (IST)
Updated Date: Tue, 15 Sep 2026 04:05 AM (IST)
ਗਰਮੀ ਤੋੰ ਬਚਣ ਲਈ ਮੁਟਿਆਰਾਂ ਮੁੰਹ ਸਿਰ ਲਪੇਟ ਕੇ ਸਫਰ ਕਰਨ ਲਈ ਮਜ਼ਬੂਰ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਭਾਵੇਂ ਮੌਸਮ ਵਿਭਾਗ ਦੇ ਮਾਹਿਰਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਮੀਂਹ ਪੈਣ ਦਾ ਐਲਾਨ ਜਾਰੀ ਕੀਤਾ ਜਾ ਰਿਹਾ ਹੈ ਪਰ ਨਵਾਂਸ਼ਹਿਰ ਚ ਮੀਂਹ ਨਾ ਪੈਣ ਕਾਰਨ ਲੋਕਾਂ ਦੀਆਂ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ। ਵੱਧੀ ਗਰਮੀ ਕਾਰਨ ਲੋਕਾਂ ਦਾ ਆਪਣੇ ਕੰਮਕਾਰ ਤੋਂ ਜਾਣਾ ਅਤੇ ਵਾਪਸ ਆਉਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖ ਬਾਣੀ ਤੋਂ ਬਾਅਦ ਵੀ ਮੀਂਹ ਅਤੇ ਬੱਦਲਵਾਹੀ ਨਾ ਹੋਣ ਕਾਰਨ ਨਵਾਂਸ਼ਹਿਰ ਚ ਅੱਜ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਤੱਕ ਰਿਹਾ। ਜਿਸ ਕਾਰਨ ਦਿਨ ਦੇ ਸਮੇਂ ਸਰਕਾਰੀ, ਗੈਰ ਸਰਕਾਰੀ ਦਫਤਰਾਂ, ਦੁਕਾਨਾਂ ਅਤੇ ਘਰਾਂ ਵਿਚ ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਏਅਰਕੰਡੀਸ਼ਨ ਚਲਾਏ ਗਏ ਜਿਸ ਕਾਰਨ ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲੀ। ਪਰ ਬਿਜਲੀ ਦੀ ਖਪਤ ਆਮ ਦਿਨਾਂ ਵਾਂਗ ਵੱਧ ਰਹੀ। ਇਸੇ ਤਰ੍ਹਾਂ ਮੁੱਖ ਬਾਜ਼ਾਰਾਂ ਵਿਚ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਸਾਰਾ ਦਿਨ ਠੰਢੇ, ਗੋਲ ਗੱਪੇ ਸਮੇਤ ਹੋਰਨਾਂ ਖਾਣ ਪੀਣ ਵਾਲੀਆਂ ਚੀਜਾਂ ਵੱਖ ਵੱਖ ਏਜੰਸੀਆਂ ਰਾਹੀਂ ਆਪਣੇ ਦਫਤਰਾਂ ਅਤੇ ਘਰਾਂ ਵਿਚ ਮੰਗਵਾਉਂਦੇ ਨਜਰ ਆਏ। ਮੌਸਮ ਮਾਹਿਰਾਂ ਅਨੁਸਾਰ 15 ਸਤੰਬਰ ਤੋਂ 17 ਸਤੰਬਰ ਤੱਕ ਮੌਸਮ ਵਿਚ ਤਬਦੀਲੀ ਆਉਣ ਦੀ ਉਮੀਦ ਹੈ। ਇਨ੍ਹਾਂ ਤਿੰਨ ਦਿਨਾਂ ਦੌਰਾਨ, ਅੰਸ਼ਕ ਤੌਰ ਤੇ ਬੱਦਲਵਾਈ ਅਤੇ ਹਲਕੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ 15 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 35.0 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25.1 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। 16 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਰਹਿਣ। 17 ਸਤੰਬਰ ਨੂੰ ਤਾਪਮਾਨ ਥੋੜ੍ਹਾ ਘਟ ਕੇ ਵੱਧ ਤੋਂ ਵੱਧ 33.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 23.2 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਵੀ ਆਸ ਹੈ। 18 ਸਤੰਬਰ ਤੋਂ 20 ਸਤੰਬਰ ਤੱਕ ਮੌਸਮ ਖੁਸ਼ਕ ਰਹਿਣ ਅਤੇ ਅਸਮਾਨ ਸਾਫ਼ ਰਹਿਣ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਜਿਸ ਕਾਰਨ ਤਾਪਮਾਨ ਦੁਬਾਰਾ ਵਧਣਾ ਸ਼ੁਰੂ ਹੋ ਜਾਵੇਗਾ। 18, 19 ਅਤੇ 20 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 32.0, 34.7 ਅਤੇ 35.1 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਜਦਕਿ ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਜੇਕਰ ਮੀਂਹ ਜਾਂ ਬੱਦਲਵਾਹੀ ਹੁੰਦੀ ਹੈ ਤਾਂ ਇਸ ਦਾ ਲਾਭ ਬਿਜਲੀ ਦੀ ਖਪਤ ਘੱਟਣ ਕਾਰਨ ਪਾਵਰਕਾਮ ਦੀ ਪਰੇਸ਼ਾਨੀਆਂ ਘੱਟਣ ਦੀ ਉਮੀਦ ਹੈ। ਮੱਕੀ ਦੀ ਕਟਾਈ ਦੌਰਾਨ ਮੀਂਹ ਵਧਾ ਸਕਦਾ ਹੈ ਕਿਸਾਨਾਂ ਦੀ ਪਰੇਸ਼ਾਨੀਉਧਰ ਖੇਤਾਂ ਵਿਚ ਝੋਨੇ ਅਤੇ ਮੱਕੀ ਸਮੇਤ ਹਰੇ ਚਾਰੇ ਦੀ ਫਸਲ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਮੀਂਹ ਕਾਰਨ ਖੇਤਾਂ ਵਿਚ ਖੜੀ ਮੱਕੀ ਦੀ ਫਸਲ ਵੱਧ ਪਾਣੀ ਕਾਰਨ ਬਰਬਾਦ ਹੋ ਗਈ ਸੀ। ਪਰ ਹੁਣ ਜਦੋਂ ਖੇਤਾਂ ਵਿਚ ਖੜੀ ਮੱਕੀ ਦੀ ਫਸਲ ਦੀ ਕਟਾਈ ਅਤੇ ਛੱਲੀ ਦੀ ਤੁੜਾਈ ਦਾ ਕੰਮ ਚਲ ਰਿਹਾ ਹੈ ਅਤੇ ਕਿਸਾਨ ਮੱਕੀ ਦੀ ਫਸਲ ਸਾਂਭਣ ਦੇ ਉਪਰਾਲੇ ਕਰ ਰਹੇ ਹਨ। ਅਜਿਹੇ ਵਿਚ ਜੇਕਰ ਮੀਂਹ ਪੈਂਦਾ ਹੈ ਤਾਂ ਉਸ ਦਾ ਅਸਰ ਮੱਕੀ ਦੀ ਫਸਲ ਦੀ ਕਟਾਈ ਅਤੇ ਛੱਲੀ ਦੀ ਤੁੜਵਾਈ ਦੇ ਪੈ ਸਕਦਾ ਹੈ। ਕਿਸਾਨ ਸੋਹਣ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡਾਂ ਵਿਚ ਮੱਕੀ ਦੀ ਫਸਲ ਨੂੰ ਖੇਤਾਂ ਵਿਚ ਮਸ਼ੀਨ ਨਾਲ ਕੁਤਰ ਕੇ ਅਚਾਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਵਿਚ ਰੁੱਝੇ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਖੜੀ ਮੱਕੀ ਦਾ ਪੂਰਾ ਮੁੱਲ ਦੇਣ ਕਾਰਨ ਹੁਣ ਕਿਸਾਨ ਖੇਤਾਂ ਵਿਚ ਖੜੀ ਸਾਰੀ ਮੱਕੀ ਵੇਚਦੇ ਨਜ਼ਰ ਆ ਰਹੇ ਹਨ। ਜੇਕਰ ਇਹੇ ਆਲਮ ਰਿਹਾ ਤਾਂ ਬਾਜਾਰ ਵਿਚ ਮੱਕੀ ਨਾ ਮਿਲਣ ਕਾਰਨ ਉਸ ਦੇ ਰੇਟ ਹੋਰ ਵੀ ਤੇਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੱਕੀ ਦੀ ਕਿੱਲਤ ਕਾਰਨ ਹੁਣ ਮੱਕੀ ਦਾ ਆਟਾ 45-50 ਰੁਪਏ ਕਿਲੋ ਤੱਕ ਵਿਕਣ ਦੀ ਉਮੀਦ ਕੀਤੀ ਜਾ ਰਹੀ ਹੈ। ਜਦਕਿ ਵੱਧੀ ਠੰਢ ਦੇ ਸੀਜਨ ਦੌਰਾਨ ਮੱਕੀ ਤੋਂ ਤਿਆਰ ਕੀਤਾ ਜਾ ਰਿਹਾ ਅਚਾਰ ਪਸ਼ੂਆਂ ਲਈ ਖਰੀਦਣ ਵਾਲੇ ਕਿਸਾਨਾਂ ਨੂੰ ਇਹ ਕਿਸ ਰੇਟ ਤੇ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸੇ ਤਰ੍ਹਾਂ ਮੱਕੀ ਦੀ ਕਾਸ਼ਤ ਕਰਨ ਉਪਰੰਤ ਕਿਸਾਨਾਂ ਵੱਲੋਂ ਆਲੂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਆਪਣੀ ਫਸਲ ਦੀ ਲੋੜ ਮੁਤਾਬਿਕ ਕਿਸਾਨ ਮੀਂਹ ਦੀ ਉੜੀਕ ਕਰ ਰਿਹਾ ਹੈ ਜਦਕਿ ਖੇਤਾਂ ਵਿਚ ਖੜੀ ਫਸਲ ਦੀ ਕਟਾਈ ਵਿਚ ਰੁਝਿਆ ਕਿਸਾਨ ਮੀਂਹ ਨਾ ਪੈਣ ਦੀ ਅਰਦਾਸਾਂ ਕਰ ਰਿਹਾ ਹੈ।