- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੌਖੀ ਨਹੀਂ 2027 ਦੀ ਵਿਧਾਨ ਸ਼ਭਾ ਚੋਣਾਂ ਦੀ ਰਾਹ

ਹਰਦੀਪ ਚੌਧਰੀ, ਪੰਜਾਬੀ ਜਾਗਰਣ
ਪੋਜੇਵਾਲ ਸਰਾਂ : ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਲਾਚੌਰ ਹਲਕੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਆਗੂ ਲੋਕਾਂ ਨਾਲ ਰਾਬਤਾ ਕਾਇਮ ਕਰਨ, ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਅਤੇ ਆਪੋ-ਆਪਣੀ ਦਾਅਵੇਦਾਰੀ ਪੇਸ਼ ਕਰਨ ਵਿਚ ਲੱਗੇ ਹੋਏ ਹਨ। ਹਲਕੇ ਵਿਚ ਨੌਜਵਾਨ ਅਤੇ ਤਜ਼ਰਬੇਕਾਰ ਆਗੂਆਂ ਦੀ ਭਰਮਾਰ ਹੈ, ਜਦਕਿ ਕਈ ਪਾਰਟੀਆਂ ਵਿਚ ਸੰਭਾਵੀਂ ਉਮੀਦਵਾਰਾਂ ਦੇ ਨਾਂ ਚਰਚਾ ਵਿਚ ਹਨ। ਦੂਜੇ ਪਾਸੇ ਵੋਟਰਾਂ ਦੀ ਚੁੱਪੀ ਕਾਰਨ ਸਿਆਸੀ ਸਮੀਕਰਨਾਂ ਬਾਰੇ ਸਪੱਸ਼ਟ ਅੰਦਾਜ਼ਾ ਲਗਾਉਣਾ ਮੁਸ਼ਕਿਲ ਬਣਿਆ ਹੋਇਆ ਹੈ। ਬਲਾਚੌਰ ਦੀ ਸਿਆਸਤ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਸਬੰਧ ਵੀ ਇਸੇ ਹਲਕੇ ਨਾਲ ਹੈ। ਅਜਿਹੇ ਵਿਚ 2027 ਦੀਆਂ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੀ ਚੋਣ, ਪਾਰਟੀਆਂ ਦੀ ਅੰਦਰੂਨੀ ਏਕਤਾ ਅਤੇ ਲੋਕਾਂ ਦਾ ਸਮਰਥਨ ਅਹਿਮ ਮੁੱਦੇ ਬਣੇ ਹੋਏ ਹਨ। ਐਡਵੋਕੇਟ ਰਾਜਵਿੰਦਰ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸੰਜੀਵ ਚੇਚੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਸੁਰਜੀਤ ਭਾਟੀਆ, ਚੌਧਰੀ ਅਸ਼ੋਕ ਬਜਾੜ, ਚੌਧਰੀ ਰਮਨ ਨੰਦ ਲਾਲ, ਚੌਧਰੀ ਨਤੀਸ਼ ਨੰਦ ਲਾਲ, ਐਡਵੋਕੇਟ ਨਵਰਾਜ ਸਿੰਘ, ਸਤਨਾਮ ਜਲਾਲਪੁਰ ਸਾਬਕਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਚੌਧਰੀ ਜਸਵਿੰਦਰ ਵਿੱਕੀ ਕਾਠਗੜ੍ਹ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਕਰਨਵੀਰ ਕਟਾਰੀਆ, ਅਸ਼ੋਕ ਕਟਾਰੀਆ, ਮੌਜੂਦਾ ਵਿਧਾਇਕ ਸੰਤੋਸ਼ ਕਟਾਰੀਆ, ਸੰਦੀਪ ਸੋਨੂੰ ਭਾਟੀਆ ਦੇ ਨਾਂਅ ਮੁੱਖ ਹਨ।
- ‘ਆਪ’ ’ਚ ਕਈ ਚਿਹਰੇ, ਉਮੀਦਵਾਰ ਦੀ ਚੋਣ ਬਣੇਗੀ ਚੁਣੌਤੀ
ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਬਲਾਚੌਰ ਹਲਕੇ ਵਿਚ ਕਈ ਆਗੂ ਸਰਗਰਮ ਹਨ। ਮੌਜੂਦਾ ਵਿਧਾਇਕਾ ਸੰਤੋਸ਼ ਕਟਾਰੀਆ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਲੋਕਾਂ ਵਿਚ ਵਿਚਰ ਰਹੇ ਹਨ। ਉਨ੍ਹਾਂ ਦੇ ਪਤੀ ਅਸ਼ੋਕ ਕਟਾਰੀਆ ਅਤੇ ਪੁੱਤਰ ਕਰਨਵੀਰ ਕਟਾਰੀਆ ਦੀ ਸਿਆਸੀ ਸਰਗਰਮੀ ਵੀ ਹਲਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਏ ਹਨ। ਦੂਜੇ ਪਾਸੇ ਸਤਨਾਮ ਜਲਾਲਪੁਰ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵੀ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਲੋਕਾਂ ਨਾਲ ਸੰਪਰਕ ਬਣਾਈ ਰੱਖ ਰਹੇ ਹਨ। ਆਪ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ ਨੇ ਵੀ ਥੋੜ੍ਹੇ ਸਮੇਂ ਵਿੱਚ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਨਾਲ ਪਛਾਣ ਬਣਾਈ ਹੈ। ਉਨ੍ਹਾਂ ਵੱਲੋਂ ਅਹਿਮ ਅਹੁਦੇ ਹਾਸਲ ਕਰਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਨੇੜਤਾ ਨੂੰ ਵੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਮੰਨਿਆ ਜਾਂਦਾ ਹੈ।।ਉਨ੍ਹਾਂ ਵੱਲੋਂ ਬੱਚਿਆਂ ਨੂੰ ਯੂਪੀਐੱਸਸੀ ਦੀ ਤਿਆਰੀ ਨਾਲ ਜੋੜਨ ਲਈ ਸ਼ੁਰੂ ਕੀਤਾ ਗਿਆ ਉਪਰਾਲਾ ਵੀ ਚਰਚਾ ਵਿਚ ਹੈ।।ਇਸ ਤੋਂ ਇਲਾਵਾ ਸ਼ਿਵ ਕਰਨ ਚੇਚੀ, ਗੁੱਜਰ ਵੈੱਲਫੇਅਰ ਦੇ ਚੇਅਰਮੈਨ ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ ਅਤੇ ਸੇਠੀ ਉਧਨਵਾਲ ਵੀ ਵੱਖ-ਵੱਖ ਪਿੰਡਾਂ ਵਿੱਚ ਲੋਕ ਮਿਲਣੀ ਅਤੇ ਮੀਟਿੰਗਾਂ ਰਾਹੀਂ ਲੋਕ ਸੰਪਰਕ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। ਅਜਿਹੇ ਹਾਲਾਤ ਵਿਚ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ਲਈ ਕਿਸ ਆਗੂ 'ਤੇ ਭਰੋਸਾ ਜਤਾਉਂਦੀ ਹੈ।।ਪਾਰਟੀ ਦੇ ਕਈ ਆਗੂ ਆਪੋ-ਆਪਣੇ ਪੱਧਰ 'ਤੇ ਸਰਗਰਮ ਹਨ ਅਤੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਵਿਚ ਲੱਗੇ ਹੋਏ ਹਨ। ਇਸ ਲਈ ਉਮੀਦਵਾਰ ਦੀ ਚੋਣ ਪਾਰਟੀ ਲਈ ਇੱਕ ਅਹਿਮ ਫ਼ੈਸਲਾ ਹੋਵੇਗੀ।
- ਕਾਂਗਰਸ ਵੱਲੋਂ ਅਜੇ ਮੰਗੂਪੁਰ ਅਤੇ ਜਸਵਿੰਦਰ ਵਿੱਕੀ ਚੌਧਰੀ ਦੀ ਚਰਚਾ
ਕਾਂਗਰਸ ਪਾਰਟੀ ਵਿਚ ਵੀ ਬਲਾਚੌਰ ਹਲਕੇ ਤੋਂ ਕਈ ਆਗੂ ਆਪਣੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦੇ ਪੁੱਤਰ ਅਜੇ ਮੰਗੂਪੁਰ ਜੋ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ, ਸਮਾਜਿਕ ਅਤੇ ਲੋਕ ਮੁੱਦਿਆਂ ਨੂੰ ਲੈ ਕੇ ਸਰਗਰਮ ਹਨ। ਉਹ ਸੋਸ਼ਲ ਮੀਡੀਆ ਰਾਹੀਂ ਵੀ ਵੱਖ-ਵੱਖ ਮਸਲੇ ਉਠਾਉਂਦੇ ਰਹਿੰਦੇ ਹਨ ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕੀਤੇ ਪ੍ਰਦਰਸ਼ਨ ਨੂੰ ਵੀ ਪਾਰਟੀ ਦੀ ਸਿਆਸੀ ਸਰਗਰਮੀ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਅਜੇ ਮੰਗੂਪੁਰ ਨੂੰ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਨੇੜਤਾ ਰੱਖਣ ਵਾਲੇ ਆਗੂਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਨਾਂ ਸੰਭਾਵੀ ਉਮੀਦਵਾਰਾਂ ਵਿੱਚ ਚਰਚਾ ਅਧੀਨ ਹੈ। ਦੂਜੇ ਪਾਸੇ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦੇ ਪੋਤਰੇ ਜਸਵਿੰਦਰ ਵਿੱਕੀ ਚੌਧਰੀ ਵੀ ਕਾਂਗਰਸ ਦੇ ਸਰਗਰਮ ਆਗੂਆਂ ਵਿਚ ਸ਼ਾਮਲ ਹਨ। ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਣ ਅਤੇ ਵੱਖ-ਵੱਖ ਜਥੇਬੰਦਕ ਅਹੁਦਿਆਂ 'ਤੇ ਕੰਮ ਕਰਨ ਕਾਰਨ ਉਨ੍ਹਾਂ ਕੋਲ ਸਿਆਸੀ ਤਜਰਬਾ ਹੈ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਆਗੂਆਂ ਵਿਚ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਦੀ ਨਵੀਂ ਪੀੜ੍ਹੀ ਵਿਚ ਫਰਹੀਨ ਚੇਚੀ ਵੀ ਸਰਗਰਮ ਹਨ, ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਯੂਥ ਕਾਂਗਰਸ ਵਿੱਚ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਜਸਵਿੰਦਰ ਵਿੱਕੀ ਚੌਧਰੀ ਸੋਸ਼ਲ ਮੀਡੀਆ ਰਾਹੀਂ ਸੜਕਾਂ ਦੀ ਮਾੜੀ ਹਾਲਤ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੇ ਮੁੱਦੇ ਉਠਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵਾਲੀਵਾਲ ਖੇਡ ਨਾਲ ਜੋੜਨ ਲਈ ਉਨ੍ਹਾਂ ਵੱਲੋਂ 'ਲਹਿਰ' ਨਾਮੀ ਵਾਲੀਵਾਲ ਲੀਗ ਸ਼ੁਰੂ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਕਾਂਗਰਸ ਵਿਚ ਵੀ ਇੱਕ ਤੋਂ ਵੱਧ ਆਗੂ ਸਰਗਰਮ ਹਨ। ਆਉਣ ਵਾਲੇ ਸਮੇਂ ਵਿੱਚ ਪਾਰਟੀ ਕਿਸ ਆਗੂ ਨੂੰ ਟਿਕਟ ਦਿੰਦੀ ਹੈ, ਇਹ ਪਾਰਟੀ ਦੀ ਰਣਨੀਤੀ ਅਤੇ ਅੰਦਰੂਨੀ ਸਿਆਸੀ ਸਮੀਕਰਨਾਂ 'ਤੇ ਨਿਰਭਰ ਕਰੇਗਾ।
- ਭਾਜਪਾ ’ਚ ਵੀ ਕਈ ਦਾਅਵੇਦਾਰ
ਭਾਰਤੀ ਜਨਤਾ ਪਾਰਟੀ ਵੀ ਬਲਾਚੌਰ ਹਲਕੇ ਵਿਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜੋ ਜ਼ਿਲ੍ਹਾ ਭਾਜਪਾ ਪ੍ਰਧਾਨ ਹਨ, ਲੰਮੇ ਸਿਆਸੀ ਤਜਰਬੇ ਵਾਲੇ ਆਗੂ ਮੰਨੇ ਜਾਂਦੇ ਹਨ। ਉਹ ਸਾਲ 2012 ਵਿਚ ਕਾਂਗਰਸ ਦੀ ਟਿਕਟ 'ਤੇ ਬਲਾਚੌਰ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਉਨ੍ਹਾਂ ਦਾ ਪੁਰਾਣਾ ਚੋਣ ਤਜਰਬਾ ਅਤੇ ਸਿਆਸੀ ਸਰਗਰਮੀ ਹਲਕੇ ਵਿੱਚ ਚਰਚਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ ਦਾ ਨਾਂਅ ਚਰਚਾ ਵਿਚ ਹੈ। ਉਨ੍ਹਾਂ ਦੇ ਪਿਤਾ ਸੁਰਜੀਤ ਭਾਟੀਆ ਸਾਲ 1997 ਵਿਚ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ। ਇਸ ਤਰ੍ਹਾਂ ਸੰਦੀਪ ਭਾਟੀਆ ਦੇ ਪਰਿਵਾਰ ਦਾ ਵੀ ਸਿਆਸੀ ਪਿਛੋਕੜ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਵਿੱਚ ਕਿਹੜੀ ਰਣਨੀਤੀ ਅਪਣਾਉਂਦੀ ਹੈ ਅਤੇ ਸੰਭਾਵੀ ਦਾਅਵੇਦਾਰਾਂ ਵਿੱਚੋਂ ਕਿਸ ਨੂੰ ਮੌਕਾ ਦਿੱਤਾ ਜਾਂਦਾ ਹੈ। ਪਾਰਟੀ ਦੀ ਜਥੇਬੰਦਕ ਤਾਕਤ, ਲੋਕਾਂ ਨਾਲ ਸੰਪਰਕ ਅਤੇ ਉਮੀਦਵਾਰ ਦੀ ਚੋਣ ਇਸ ਸਿਆਸੀ ਪ੍ਰਕਿਰਿਆ ਦੇ ਅਹਿਮ ਪੱਖ ਹੋਣਗੇ।
- ਸ਼੍ਰੋਮਣੀ ਅਕਾਲੀ ਦਲ ਲਈ ਵੀ ਚੁਣੌਤੀਪੂਰਨ ਹੋਵੇਗੀ 2027 ਦੀ ਰਾਹ
ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇੱਕ ਸਮਾਂ ਸੀ ਜਦੋਂ ਸਵਰਗੀ ਚੌਧਰੀ ਨੰਦ ਲਾਲ ਦੀ ਸਰਪ੍ਰਸਤੀ ਹੇਠ ਪਾਰਟੀ ਨੇ ਬਲਾਚੌਰ ਹਲਕੇ ਵਿਚ ਲੰਮਾ ਸਮਾਂ ਆਪਣਾ ਸਿਆਸੀ ਦਬਦਬਾ ਕਾਇਮ ਰੱਖਿਆ। ਚੌਧਰੀ ਨੰਦ ਲਾਲ ਦਾ ਹਲਕੇ ਦੀ ਸਿਆਸਤ ਵਿਚ ਅਹਿਮ ਸਥਾਨ ਰਿਹਾ ਹੈ ਅਤੇ ਉਨ੍ਹਾਂ ਨਾਲ ਜੁੜਿਆ ਪਾਰਟੀ ਕੇਡਰ ਅੱਜ ਵੀ ਸਿਆਸੀ ਚਰਚਾ ਦਾ ਹਿੱਸਾ ਹੈ। ਇਸ ਵਾਰ ਪਾਰਟੀ ਨੇ ਹਲਕਾ ਇੰਚਾਰਜ ਸੰਦੀਪ ਹਨੀ ਟੋਸਾ 'ਤੇ ਭਰੋਸਾ ਜਤਾਇਆ ਹੈ। ਹਾਲਾਂਕਿ ਉਨ੍ਹਾਂ ਲਈ ਸਿਆਸੀ ਰਾਹ ਸੁਖਾਲਾ ਬਣਾਉਣ ਵਾਸਤੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਚੌਧਰੀ ਨੰਦ ਲਾਲ ਪਰਿਵਾਰ ਵਿਚਕਾਰ ਤਾਲਮੇਲ ਅਤੇ ਏਕਤਾ ਅਹਿਮ ਮੰਨੀ ਜਾ ਰਹੀ ਹੈ। ਭਾਵੇਂ ਪਾਰਟੀ ਵੱਲੋਂ ਕੀਤੀ ਗਈ ਰੈਲੀ ਨੂੰ ਸਫਲ ਦੱਸਿਆ ਜਾ ਰਿਹਾ ਹੈ, ਪਰ ਰੈਲੀ ਦੌਰਾਨ ਸਵਰਗੀ ਚੌਧਰੀ ਨੰਦ ਲਾਲ ਜੀ ਦੇ ਪੋਸਟਰ ਨਾ ਲੱਗੇ ਹੋਣ ਕਾਰਨ ਉਨ੍ਹਾਂ ਦੇ ਸਮਰਥਕਾਂ ਵੱਲੋਂ ਰੋਸ ਪ੍ਰਗਟਾਉਣ ਦੀ ਗੱਲ ਵੀ ਸਾਹਮਣੇ ਆਈ। ਇਸ ਘਟਨਾ ਨੂੰ ਪਾਰਟੀ ਦੇ ਅੰਦਰੂਨੀ ਸਿਆਸੀ ਸਮੀਕਰਨਾਂ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ। ਪਾਰਟੀ ਲਈ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਚੌਧਰੀ ਨੰਦ ਲਾਲ ਜੀ ਨਾਲ ਜੁੜੇ ਲਗਭਗ 25 ਸਾਲਾਂ ਦੇ ਸਿਆਸੀ ਕੇਡਰ ਅਤੇ ਸਮਰਥਕਾਂ ਨੂੰ ਕਿਵੇਂ ਨਾਲ ਲੈ ਕੇ ਚੱਲਿਆ ਜਾਵੇ। ਆਉਣ ਵਾਲੇ ਸਮੇਂ ਵਿਚ ਪਾਰਟੀ ਅੰਦਰ ਏਕਤਾ, ਸੀਨੀਅਰ ਆਗੂਆਂ ਦੀ ਭੂਮਿਕਾ ਅਤੇ ਚੌਧਰੀ ਨੰਦ ਲਾਲ ਪਰਿਵਾਰ ਨਾਲ ਸਾਂਝ ਦੀ ਸਥਿਤੀ ਮਹੱਤਵਪੂਰਨ ਰਹੇਗੀ। ਜੇਕਰ ਪਾਰਟੀ ਆਪਣੇ ਵੱਖ-ਵੱਖ ਧੜਿਆਂ ਵਿਚਕਾਰ ਤਾਲਮੇਲ ਕਾਇਮ ਰੱਖਣ ਅਤੇ ਪੁਰਾਣੇ ਸਮਰਥਕਾਂ ਨੂੰ ਨਾਲ ਜੋੜਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਉਸ ਦੀ ਚੋਣ ਰਣਨੀਤੀ ਦਾ ਅਹਿਮ ਹਿੱਸਾ ਹੋ ਸਕਦਾ ਹੈ। ਇਸ ਲਈ 2027 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਅੰਦਰੂਨੀ ਏਕਤਾ ਵੀ ਚਰਚਾ ਦਾ ਵਿਸ਼ਾ ਬਣੀ ਰਹੇਗੀ।
- ਬਸਪਾ ਵੀ ਉਤਾਰ ਸਕਦੀ ਹੈ ਨਵਾਂ ਚਿਹਰਾ
ਬਹੁਜਨ ਸਮਾਜ ਪਾਰਟੀ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਲਾਚੌਰ ਹਲਕੇ ਤੋਂ ਕਿਸੇ ਨਵੇਂ ਚਿਹਰੇ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਸਿਆਸੀ ਹਲਕਿਆਂ ਵਿਚ ਐਡਵੋਕੇਟ ਨਵਰਾਜ ਸਿੰਘ ਦੇ ਨਾਂਅ ਦੀ ਚਰਚਾ ਹੋ ਰਹੀ ਹੈ, ਜਿਨ੍ਹਾਂ ਨੂੰ ਪਾਰਟੀ ਵੱਲੋਂ ਪੰਜਾਬ ਦਾ ਜ਼ੋਨ ਕੋਆਰਡੀਨੇਟਰ ਵੀ ਲਗਾਇਆ ਹੈ। ਇਸ ਤੋਂ ਇਲਾਵਾ ਦਲਬਾਗ ਸਿੰਘ ਮਹਿੰਦੀਪੁਰ, ਭੁਪਿੰਦਰ ਬੇਗਮਪੁਰ, ਵਿਜੇ ਮੇਨਕਾ ਅਤੇ ਚਰਨਜੀਤ ਸੁਮਨ ਦੇ ਨਾਂ ਵੀ ਚਰਚਾ ਵਿਚ ਹਨ। ਜੇਕਰ ਬਸਪਾ ਕਿਸੇ ਨਵੇਂ ਚਿਹਰੇ ਨੂੰ ਮੌਕਾ ਦਿੰਦੀ ਹੈ ਤਾਂ ਇਸ ਨਾਲ ਹਲਕੇ ਦੀ ਸਿਆਸਤ ਵਿੱਚ ਕਿਹੋ ਜਿਹੀ ਚਰਚਾ ਸ਼ੁਰੂ ਹੁੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਹਾਲਾਂਕਿ, ਪਾਰਟੀ ਦੇ ਉਮੀਦਵਾਰ ਬਾਰੇ ਅੰਤਿਮ ਫ਼ੈਸਲਾ ਉਸ ਦੀ ਰਣਨੀਤੀ ਅਤੇ ਅਧਿਕਾਰਤ ਐਲਾਨ 'ਤੇ ਨਿਰਭਰ ਕਰੇਗਾ। ਫਿਲਹਾਲ ਬਸਪਾ ਦੇ ਸੰਭਾਵੀ ਦਾਅਵੇਦਾਰਾਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਜਾਰੀ ਹੈ।
- ਜ਼ਿਲ੍ਹਾ ਪ੍ਰਧਾਨਾਂ ਦੀ ਹਲਕੇ ਨਾਲ ਸਾਂਝ ਵੀ ਚਰਚਾ ’ਚ
ਬਲਾਚੌਰ ਹਲਕੇ ਦੀ ਸਿਆਸਤ ਦਾ ਇੱਕ ਦਿਲਚਸਪ ਪਹਿਲੂ ਇਹ ਹੈ ਕਿ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਸਬੰਧ ਵੀ ਇਸੇ ਹਲਕੇ ਨਾਲ ਹੈ। ਇਸ ਕਾਰਨ ਤਿੰਨਾਂ ਪਾਰਟੀਆਂ ਦੀਆਂ ਸਰਗਰਮੀਆਂ ਅਤੇ ਸੰਭਾਵੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਚਰਚਾ ਤੇਜ਼ ਹੈ। ਇੱਕ ਪਾਸੇ ਨੌਜਵਾਨ ਆਗੂ ਆਪਣੀ ਪਛਾਣ ਬਣਾਉਣ ਵਿਚ ਲੱਗੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਤਜਰਬੇਕਾਰ ਆਗੂ ਆਪਣੇ ਪੁਰਾਣੇ ਸਿਆਸੀ ਆਧਾਰ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀਆਂ ਦੀ ਅੰਦਰੂਨੀ ਏਕਤਾ, ਲੋਕਾਂ ਨਾਲ ਸੰਪਰਕ, ਜਥੇਬੰਦਕ ਮਜ਼ਬੂਤੀ ਅਤੇ ਉਮੀਦਵਾਰਾਂ ਦੀ ਚੋਣ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਵਿੱਚ ਅਹਿਮ ਰਹਿਣਗੇ।
- ਪੋਸਟਰ ਵਾਰ ਤੋਂ ਲੈ ਕੇ ਉਮੀਦਵਾਰਾਂ ਦੀ ਚੋਣ ਤੱਕ ਹਰ ਪਾਸੇ ਸਿਆਸੀ ਹਲਚਲ
ਕੁੱਲ ਮਿਲਾ ਕੇ ਬਲਾਚੌਰ ਹਲਕੇ ਵਿੱਚ ਸਿਆਸੀ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀਆਂ ਸਰਗਰਮੀਆਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਪੋਸਟਰ ਵਾਰ ਵੀ ਦੇਖਣ ਨੂੰ ਮਿਲ ਰਹੀ ਹੈ। ਹਰ ਪਾਰਟੀ ਆਪਣੇ ਆਗੂਆਂ ਦੀ ਮੌਜੂਦਗੀ ਦਰਸਾਉਣ ਅਤੇ ਲੋਕਾਂ ਨਾਲ ਆਪਣਾ ਸੰਪਰਕ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਲਾਚੌਰ ਹਲਕੇ ਵਿੱਚ ਨੌਜਵਾਨ ਆਗੂਆਂ ਦੀ ਭਰਮਾਰ, ਸੀਨੀਅਰ ਆਗੂਆਂ ਦਾ ਤਜਰਬਾ, ਪਾਰਟੀਆਂ ਦੇ ਅੰਦਰੂਨੀ ਸਮੀਕਰਨ, ਸੰਭਾਵੀ ਨਵੇਂ ਚਿਹਰੇ ਅਤੇ ਵੋਟਰਾਂ ਦੀ ਚੁੱਪੀ ਨੂੰ ਦੇਖਦਿਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਹਰੇਕ ਪਾਰਟੀ ਲਈ ਆਪਣੇ ਵਰਕਰਾਂ ਨੂੰ ਇਕਜੁੱਟ ਰੱਖਣਾ, ਲੋਕਾਂ ਦੇ ਮੁੱਦਿਆਂ ਨੂੰ ਸਮਝਣਾ ਅਤੇ ਆਪਣੀ ਚੋਣ ਰਣਨੀਤੀ ਤੈਅ ਕਰਨਾ ਮਹੱਤਵਪੂਰਨ ਰਹੇਗਾ।।ਬਲਾਚੌਰ ਦੀ ਸਿਆਸੀ ਜੰਗ ਵਿੱਚ ਕੌਣ ਮੈਦਾਨ ਵਿੱਚ ਉਤਰੇਗਾ ਅਤੇ ਵੋਟਰ ਕਿਸ ਨੂੰ ਆਪਣਾ ਸਮਰਥਨ ਦੇਣਗੇ? ਇਸ ਦਾ ਫ਼ੈਸਲਾ ਆਖ਼ਰਕਾਰ ਚੋਣਾਂ ਦੌਰਾਨ ਹਲਕੇ ਦੇ ਵੋਟਰ ਹੀ ਕਰਨਗੇ।