ਰੇਹੜੀ ਵਰਕਰ ਯੂਨੀਅਨ 26 ਦੀ ਮੋਗਾ ਰੈਲੀ ’ਚ ਕਰੇਗੀ ਭਰਵੀਂ ਸ਼ਮੂਲੀਅਤ ਰੇਹੜੀ ਵਰਕਰ ਯੂਨੀਅਨ 26 ਦੀ ਮੋਗਾ ਰੈਲੀ 'ਚ ਕਰੇਗੀ ਭਰਵੀਂ ਸ਼ਮੂਲੀਅਤ
Publish Date: Tue, 08 Sep 2026 03:55 PM (IST)
Updated Date: Tue, 08 Sep 2026 03:58 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਇੰਡੀਅਨ ਫੈੱਡਰੇਸ਼ਨ ਆਫ ਟਰੇਡ ਯੂਨੀਅਨਜ਼ ਦੇ ਆਗੂਆਂ ਨੇ ਰੇਹੜੀ ਵਰਕਰ ਯੂਨੀਅਨ ਦੇ ਵਰਕਰਾਂ ਨੂੰ ਭਾਜਪਾ-ਆਰਐੱਸਐੱਸ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਡੱਟਣ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਰੇਹੜੀ ਵਰਕਰ ਯੂਨੀਅਨ ਨਵਾਂਸ਼ਹਿਰ ਦੀ ਮੀਟਿੰਗ 26 ਸਤੰਬਰ ਨੂੰ ਸੀਪੀਆਈ ਐੱਮਐੱਲ ਨਿਊ ਡੈਮੋਕ੍ਰੇਸੀ ਵੱਲੋਂ ਮੋਗਾ ਵਿਖੇ ਕੇਂਦਰ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਸਬੰਧੀ ਕੀਤੀ ਗਈ। ਇਫਟੂ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ ਅਤੇ ਇਫਟੂ ਦੇ ਜ਼ਿਲ੍ਹਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਉੱਤੇ ਫਾਸ਼ੀ ਹੱਲੇ ਬੋਲ ਰਹੀ ਹੈ। ਜੋ ਬਹੁਪੱਖੀ ਅਤੇ ਬਹੁਪਰਤੀ ਹਨ। ਇਸ ਸਰਕਾਰ ਦਾ ਇਹ ਫਾਸ਼ੀਵਾਦ ਦੋ ਥੰਮਾਂ ਉੱਤੇ ਖੜ੍ਹਾ ਹੈ। ਇਸ ਸਰਕਾਰ ਵੱਲੋਂ ਵੋਟਾਂ ਦੀ ਵਿਸ਼ੇਸ਼ ਸੁਧਾਈ ਦੇ ਨਾਂਅ ’ਤੇ ਘੱਟ ਗਿਣਤੀਆਂ ਕੋਲੋਂ ਵੋਟ ਦਾ ਹੱਕ ਅਤੇ ਅਤੇ ਨਾਗਰਿਕਤਾ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਕੇਂਦਰ ਸਰਕਾਰ ਸੰਵਿਧਾਨ ਅਤੇ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ। ਚਾਰ ਕਿਰਤ ਕੋਡ ਲਿਆਕੇ ਕਿਰਤੀ ਵਰਗ ਨੂੰ ਸਤਹੀਣ ਕਰ ਕੇ ਕਾਰਪੋਰੇਟ ਲਈ ਕਿਰਤੀਆਂ ਦੀ ਲੁੱਟ ਲਈ ਰਾਹ ਮੋਕਲਾ ਕਰ ਰਹੀ ਹੈ। ਇਸ ਸਰਕਾਰ ਵੱਲੋਂ ਲੋਕ ਘੋਲਾਂ ਨੂੰ ਜਬਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਤਾਜ਼ਾ ਉਦਾਹਰਨ ਵਿਦਿਆਰਥੀਆਂ ਦਾ ਜੰਤਰ ਮੰਤਰ ਦਿੱਲੀ ਦਾ ਘੋਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦੇ ਫਾਸ਼ੀਵਾਦ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। ਸਾਡੀ ਚੁੱਪ ਸਾਡੇ ਲਈ ਘਾਤਕ ਸਿੱਧ ਹੋਵੇਗੀ। ਰੇਹੜੀ ਵਰਕਰਾਂ ਨੇ 26 ਸਤੰਬਰ ਨੂੰ ਹੜਤਾਲ ਕਰ ਕੇ ਵੱਡੀ ਗਿਣਤੀ ਵਿਚ ਮੋਗਾ ਰੈਲੀ ਲਈ ਵਹੀਰਾਂ ਘੱਤਣ ਦਾ ਫੈਸਲਾ ਕੀਤਾ। ਇਸ ਮੀਟਿੰਗ ਨੂੰ ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ, ਚੇਅਰਮੈਨ ਹਰੀ ਲਾਲ, ਕਿਸ਼ੋਰ ਕੁਮਾਰ, ਮੁਕੇਸ਼ ਕੁਮਾਰ, ਰਾਜੂ, ਸਰਵੇਸ਼ ਗੁਪਤਾ, ਆਜ਼ਾਦ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।