ਰੇਬੀਜ਼ ਦਾ ਵਾਇਰਸ ਹੋ ਸਕਦਾ ਹੈ ਜਾਨਲੇਵਾ, ਪਰ ਸਮੇਂ ਸਿਰ ਸਾਵਧਾਨੀ ਨਾਲ ਬਚਾਅ ਸੰਭਵ : ਸਿਵਲ ਸਰਜਨ ਰੇਬੀਜ਼ ਦਾ ਵਾਇਰਸ ਹੋ ਸਕਦਾ ਹੈ ਜਾਨਲੇਵਾ, ਪਰ ਸਮੇਂ ਸਿਰ ਸਾਵਧਾਨੀ ਨਾਲ ਬਚਾਅ ਸੰਭਵ: ਸਿਵਲ ਸਰਜਨ
Publish Date: Sun, 27 Sep 2026 07:51 PM (IST)
Updated Date: Mon, 28 Sep 2026 04:09 AM (IST)
-ਸਿਹਤ ਵਿਭਾਗ ਵੱਲੋਂ ਮਨਾਇਆ ਜਾਵੇਗਾ ਵਿਸ਼ਵ ਰੇਬੀਜ਼ ਦਿਵਸ, ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਤੇ ਜ਼ਖਮ ਨੂੰ ਤੁਰੰਤ 15 ਮਿੰਟ ਤੱਕ ਸਾਬਣ ਤੇ ਵਗਦੇ ਪਾਣੀ ਨਾਲ ਧੋਵੋ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 28 ਸਤੰਬਰ 2026 ਨੂੰ ਵਿਸ਼ਵ ਰੇਬੀਜ਼ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਵਿਸ਼ਵ ਰੇਬੀਜ਼ ਦਿਵਸ ਦਾ ਥੀਮ ‘ਮਿਲ ਕੇ ਮਜ਼ਬੂਤ’ ਹੈ, ਜਿਸ ਦਾ ਉਦੇਸ਼ ਰੇਬੀਜ਼ ਦੀ ਰੋਕਥਾਮ ਲਈ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਸਥਾਨਕ ਸੰਸਥਾਵਾਂ, ਸਕੂਲਾਂ, ਐਨੀਮਲ ਵੈਲਫੇਅਰ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਹਲਕਾਅ (ਰੇਬੀਜ਼) ਦੀ ਬਿਮਾਰੀ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਰੇਬੀਜ਼ ਇੱਕ ਗੰਭੀਰ ਵਾਇਰਲ ਬਿਮਾਰੀ ਹੈ, ਜੋ ਆਮ ਤੌਰ ਤੇ ਸੰਕ੍ਰਮਿਤ ਜਾਨਵਰ ਦੇ ਕੱਟਣ ਜਾਂ ਲਾਰ ਦੇ ਜ਼ਖਮ/ਮਿਊਕਸ ਮੈਮਬਰੇਨ ਨਾਲ ਸੰਪਰਕ ਰਾਹੀਂ ਫੈਲ ਸਕਦੀ ਹੈ। ਕੁੱਤੇ ਮਨੁੱਖੀ ਰੇਬੀਜ਼ ਦੇ ਸੰਕਰਮਣ ਦਾ ਮੁੱਖ ਸਰੋਤ ਹਨ, ਹਾਲਾਂਕਿ ਹੋਰ ਸੰਕ੍ਰਮਿਤ ਜਾਨਵਰਾਂ ਤੋਂ ਵੀ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰੇਬੀਜ਼ ਦੇ ਲੱਛਣ ਪ੍ਰਗਟ ਹੋਣ ਤੋਂ ਬਾਅਦ ਇਹ ਬਿਮਾਰੀ ਲਗਭਗ ਹਮੇਸ਼ਾ ਘਾਤਕ ਸਾਬਿਤ ਹੁੰਦੀ ਹੈ, ਪਰ ਜਾਨਵਰ ਦੇ ਕੱਟਣ ਤੋਂ ਤੁਰੰਤ ਬਾਅਦ ਸਹੀ ਮੁੱਢਲੀ ਸਹਾਇਤਾ ਅਤੇ ਡਾਕਟਰੀ ਇਲਾਜ ਟੀਕਾਕਰਨ ਨਾਲ ਰੇਬੀਜ਼ ਤੋਂ ਬਚਾਅ ਸੰਭਵ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕੁੱਤੇ ਜਾਂ ਕਿਸੇ ਹੋਰ ਸੰਭਾਵਿਤ ਸੰਕ੍ਰਮਿਤ ਜਾਨਵਰ ਦੇ ਕੱਟਣ ਜਾਂ ਖਰੋਚ ਲੱਗਣ ਦੀ ਸੂਰਤ ਵਿੱਚ ਜ਼ਖਮ ਨੂੰ ਤੁਰੰਤ ਵਗਦੇ ਪਾਣੀ ਅਤੇ ਸਾਬਣ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬਿਨਾਂ ਦੇਰੀ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਪਹੁੰਚ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਾਨਵਰ ਦੇ ਕੱਟਣ ਤੇ ਜ਼ਖਮ ਤੇ ਮਿਰਚਾਂ, ਤੇਲ, ਚੂਨਾ ਜਾਂ ਕਿਸੇ ਵੀ ਤਰ੍ਹਾਂ ਦੇ ਦੇਸੀ ਨੁਸਖ਼ੇ ਨਹੀਂ ਲਗਾਉਣੇ ਚਾਹੀਦੇ ਅਤੇ ਨਾ ਹੀ ਇਲਾਜ ਵਿੱਚ ਦੇਰੀ ਕਰਨੀ ਚਾਹੀਦੀ ਹੈ। ਡਾਕਟਰ ਦੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਵੈਕਸੀਨੇਸ਼ਨ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੁੱਤਿਆਂ ਦਾ ਨਿਯਮਿਤ ਐਂਟੀ-ਰੇਬੀਜ਼ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਜਾਨਵਰਾਂ ਦੀ ਜ਼ਿੰਮੇਵਾਰ ਦੇਖਭਾਲ ਕਰਨ। ਇਸ ਦੇ ਨਾਲ ਹੀ ਆਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਰੇਬੀਜ਼ ਕੰਟਰੋਲ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਰੇਬੀਜ਼ ਹਫ਼ਤੇ ਦੌਰਾਨ ਜ਼ਿਲ੍ਹੇ ਵਿੱਚ ਰੇਬੀਜ਼ ਦੀ ਰੋਕਥਾਮ ਸਬੰਧੀ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਅਧੀਨ ਸਿਹਤ ਸੰਸਥਾਵਾਂ ਵਿੱਚ ਰੇਬੀਜ਼ ਸਬੰਧੀ ਜਾਗਰੂਕਤਾ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਯਕੀਨੀ ਬਣਾਉਣ। ਸਿਵਲ ਸਰਜਨ ਨੇ ਕਿਹਾ ਕਿ ਰੇਬੀਜ਼ ਦੀ ਰੋਕਥਾਮ ਕਿਸੇ ਇੱਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਸਥਾਨਕ ਸੰਸਥਾਵਾਂ, ਸਕੂਲਾਂ, ਸੰਸਥਾਵਾਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਨਾਲ ਹੀ ਇਸ ਬਿਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਅੰਤ ਵਿਚ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਾਨਵਰ ਦੇ ਕੱਟਣ ਨੂੰ ਕਦੇ ਵੀ ਹਲਕੇ ਵਿੱਚ ਨਾ ਲੈਣ, ਜ਼ਖਮ ਨੂੰ ਤੁਰੰਤ ਸਾਬਣ ਤੇ ਵਗਦੇ ਪਾਣੀ ਨਾਲ 15 ਮਿੰਟ ਤੱਕ ਧੋਣ ਅਤੇ ਬਿਨਾਂ ਦੇਰੀ ਡਾਕਟਰੀ ਸਲਾਹ ਲੈਣ। ਸਮੇਂ ਸਿਰ ਸਾਵਧਾਨੀ ਹੀ ਰੇਬੀਜ਼ ਤੋਂ ਬਚਾਅ ਦਾ ਸਭ ਤੋਂ ਮਹੱਤਵਪੂਰਨ ਕਦਮ ਹੈ।