ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Publish Date: Wed, 30 Sep 2026 05:26 PM (IST)
Updated Date: Wed, 30 Sep 2026 05:27 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ ਵਿਸ਼ੇ ’ਤੇ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪਿੰਡ ਰੈਲਮਾਜਰਾ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ। ਇਸ ਦੌਰਾਨ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਿੱਖਿਆ ਮਾਹਿਰਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਦਰਸ਼ਨ, ਬਾਣੀ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਤੇ ਵਿਚਾਰ ਸਾਂਝੇ ਕਰਦਿਆਂ ਸਮਾਜ ਵਿਚ ਬਰਾਬਰੀ, ਭਾਈਚਾਰੇ, ਆਪਸੀ ਸਦਭਾਵਨਾ ਅਤੇ ਸਮਾਜਿਕ ਨਿਆਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੈਮੀਨਾਰ ਦੌਰਾਨ ਸੰਤ ਸਮਾਜ ਵੱਲੋਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਕੇਵਲ ਸਿੰਘ, ਚਰਨਛੋਹ ਸੱਚਖੰਡ ਬੇਗਮਪੁਰਾ, ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਸੁਰਿੰਦਰ ਸਿੰਘ ਅਤੇ ਆਲ ਇੰਡੀਆ ਆਦਿ-ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਗੁਰੂ ਜੀ ਦੇ ਜੀਵਨ, ਦਰਸ਼ਨ, ਸਿਖਿਆਵਾਂ ਅਤੇ ਉਨਾਂ ਦੀ ਅੱਜ ਦੇ ਯੁੱਗ ਵਿਚ ਮਹੱਤਤਾ ਤੇ ਵਿਸਤਾਰ ਨਾਲ ਚਾਨਣ ਪਾਇਆ। ਸੰਤ ਕੇਵਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ, ਸੱਚੇ ਮਾਰਗ ਤੇ ਚੱਲਣ ਅਤੇ ਹਰ ਮਨੁੱਖ ਨਾਲ ਬਰਾਬਰੀ ਤੇ ਸਨਮਾਨ ਦਾ ਵਿਹਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਵੱਲੋਂ ਦਰਸਾਇਆ ਬੇਗਮਪੁਰਾ ਦਾ ਸੰਕਲਪ ਅਜਿਹੇ ਸਮਾਜ ਦੀ ਪ੍ਰੇਰਨਾ ਦਿੰਦਾ ਹੈ, ਜਿੱਥੇ ਕਿਸੇ ਕਿਸਮ ਦਾ ਭੇਦਭਾਵ, ਡਰ ਜਾਂ ਅਨਿਆਂ ਨਾ ਹੋਵੇ। ਸੰਤ ਸੁਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਸਮੁੱਚੀ ਮਨੁੱਖਤਾ ਨੂੰ ਪਿਆਰ, ਭਾਈਚਾਰੇ ਅਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸਿਰਫ਼ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਰੋਜ਼ਾਨਾ ਜੀਵਨ ਵਿਚ ਅਪਣਾਉਣ ਨਾਲ ਸਮਾਜ ਵਿਚ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਹੋਰ ਮਜ਼ਬੂਤ ਹੋ ਸਕਦੀ ਹੈ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਮਨੁੱਖੀ ਗਰਿਮਾ ਅਤੇ ਸਮਾਜਿਕ ਨਿਆਂ ’ਤੇ ਆਧਾਰਿਤ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਵੀ ਬੇਹੱਦ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਜੀਵਨ ਅਤੇ ਬਾਣੀ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਸਿੱਖਿਆ, ਮਿਹਨਤ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮਾਰਗ ’ਤੇ ਅੱਗੇ ਵਧ ਸਕਦੇ ਹਨ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਮਨੁੱਖਤਾ ਦੀ ਸੇਵਾ, ਸਮਾਜਿਕ ਬਰਾਬਰੀ, ਮਿਹਨਤ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਗੁਰੂ ਜੀ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿੱਥੇ ਕਿਸੇ ਵੀ ਵਿਅਕਤੀ ਨਾਲ ਜਾਤ, ਵਰਗ ਜਾਂ ਕਿਸੇ ਹੋਰ ਆਧਾਰ ’ਤੇ ਭੇਦਭਾਵ ਨਾ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ ਸਿਰਫ਼ ਅਧਿਆਤਮਿਕ ਮਾਰਗ ਦਰਸ਼ਨ ਹੀ ਨਹੀਂ ਦਿੰਦੀ, ਸਗੋਂ ਸਮਾਜਿਕ ਜੀਵਨ ਨੂੰ ਬਿਹਤਰ ਬਣਾਉਣ ਦੀ ਵੀ ਪ੍ਰੇਰਨਾ ਦਿੰਦੀ ਹੈ, ਜੋ ਕਿਸੇ ਇੱਕ ਵਰਗ, ਸਮਾਜ ਤੇ ਧਰਮ ਨਾਲ ਸੰਬੰਧਿਤ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਇਨ੍ਹਾਂ ਨੂੰ ਆਪਣੇ ਵਿਹਾਰ ਅਤੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਦੀਆਂ ਪਹਿਲਾਂ ਮਨੁੱਖਤਾ ਨੂੰ ਬਰਾਬਰੀ ਅਤੇ ਆਪਸੀ ਸਨਮਾਨ ਦਾ ਸੰਦੇਸ਼ ਦਿੱਤਾ, ਜਿਸ ਦੀ ਸਾਰਥਕਤਾ ਅੱਜ ਵੀ ਓਨੀ ਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਵਿਚਾਰਧਾਰਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਵਿੱਦਿਅਕ ਸੰਸਥਾਵਾਂ ਵਿਚ ਅਜਿਹੇ ਵਿਚਾਰ-ਵਟਾਂਦਰੇ ਬੇਹੱਦ ਮਹੱਤਵ ਪੂਰਨ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਸਮਾਜ ਵਿਚ ਉਸਾਰੂ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਏਕਤਾ, ਪਿਆਰ, ਭਾਈਚਾਰੇ ਅਤੇ ਬਰਾਬਰੀ ਦਾ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਸੰਦੇਸ਼ ਨੂੰ ਸਿਰਫ਼ ਧਾਰਮਿਕ ਜਾਂ ਅਧਿਆਤਮਿਕ ਨਜ਼ਰੀਏ ਨਾਲ ਹੀ ਨਹੀਂ, ਸਗੋਂ ਸਮਾਜਿਕ ਜੀਵਨ ਦੇ ਸੰਦਰਭ ਵਿਚ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਰਾਹੀਂ ਆਪਣੇ ਸਖਸ਼ੀਅਤ ਦੇ ਵਿਕਾਸ ਦੇ ਨਾਲ-ਨਾਲ ਸਮਾਜ ਵਿਚ ਉਸਾਰੂ ਤਬਦੀਲੀ ਦਾ ਮਾਧਿਅਮ ਬਣਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਅਵਤਾਰ ਸਿੰਘ, ਸਾਬਕਾ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਪੋਸਟ ਗ੍ਰੈਜੂਏਟ ਵਿਭਾਗ, ਪੰਜਾਬੀ, ਰਾਮਗੜ੍ਹੀਆ ਕਾਲਜ ਫਗਵਾੜਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਦਰਸ਼ਨ ਦੇ ਵੱਖ-ਵੱਖ ਪੱਖਾਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ ਵਿਚ ਮਨੁੱਖੀ ਜੀਵਨ ਦੀ ਗਰਿਮਾ, ਸਮਾਜਿਕ ਬਰਾਬਰੀ, ਸਵੈ-ਮਾਣ, ਮਿਹਨਤ ਅਤੇ ਅਧਿਆਤਮਿਕ ਚੇਤਨਾ ਦਾ ਡੂੰਘਾ ਸੰਦੇਸ਼ ਮਿਲਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸਿਰਫ਼ ਪੜ੍ਹਨ ਤੱਕ ਸੀਮਤ ਨਾ ਰੱਖਣ, ਸਗੋਂ ਉਨ੍ਹਾਂ ਦੇ ਮੂਲ ਭਾਵ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਦੋਂ ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ, ਅਜਿਹੇ ਸਮੇਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਸਿੱਖਿਆ, ਆਪਸੀ ਸਨਮਾਨ, ਸਮਾਜਿਕ ਬਰਾਬਰੀ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਕੇ ਗੁਰੂ ਜੀ ਦੇ ਆਦਰਸ਼ਾਂ ਅਨੁਸਾਰ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।।ਪ੍ਰੋਗਰਾਮ ਦੌਰਾਨ ਪਹੁੰਚੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦੀ ਬਾਣੀ, ਜੀਵਨ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਨੂੰ ਆਮ ਲੋਕਾਂ, ਖਾਸ ਕਰ ਕੇ ਨੌਜਵਾਨਾਂ ਤੱਕ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਸੈਮੀਨਾਰ, ਡਾਕੂਮੈਂਟਰੀ ਸ਼ੋਅ, ਡਰੋਨ ਸ਼ੋਅ ਸਮੇਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਵਾਈਸ ਚਾਂਸਲਰ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪ੍ਰੋ. ਡਾ. ਏਐੱਸ ਚਾਵਲਾ ਨੇ ਪੰਜਾਬ ਸਰਕਾਰ ਦਾ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ, ਪ੍ਰੋ ਵਾਈਸ ਚਾਂਸਲਰ ਪ੍ਰੋ. ਬੀਐੱਸ ਸਤਿਆਲ, ਅਸਿਸਟੈਂਟ ਡਾਇਰੈਕਟਰ ਉਚੇਰੀ ਸਿੱਖਿਆ ਰਾਜੇਸ਼ ਕੁਮਾਰ, ਦੁਸ਼ਯੰਤ ਰਾਜਪੂਤ, ਬਾਬਾ ਨਰੇਸ਼ ਸਿੰਘ ਤਪ ਅਸਥਾਨ ਸ੍ਰੀ ਖੁਰਾਲ ਗੜ੍ਹ ਸਾਹਿਬ, ਸੰਤ ਓਮ ਪ੍ਰਕਾਸ਼, ਡੀਨ ਫਾਰਮੇਸੀ ਕਾਲਜ ਨਰੇਸ਼ ਗਿੱਲ, ਐਗਜ਼ਕਿਊਟਿਵ ਡੀਨ ਡਾ ਆਸ਼ੂਤੋਸ਼ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।