ਭਗਤ ਸਿੰਘ ਯਾਦਗਾਰੀ ਫੁੱਟਬਾਲ ਦੀ ਇਨਾਮੀ ਰਾਸ਼ੀ ਹੁਣ 1.50 ਲੱਖ : ਹਰਦੇਵ ਸਿੰਘ ਕਾਹਮਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਦੀ ਇਨਾਮੀ ਰਾਸ਼ੀ ਹੁਣ ਹੋਵੇਗੀ 1.50 ਲੱਖ ਰੁਪਏ- ਹਰਦੇਵ ਸਿੰਘ ਕਾਹਮਾ
Publish Date: Tue, 10 Nov 2026 05:07 PM (IST)
Updated Date: Tue, 10 Nov 2026 05:09 PM (IST)
ਟੂਰਨਾਮੈਂਟ ’ਚ ਦਰਸ਼ਕਾਂ ਦੀ ਰੁਚੀ ਬਣਾਈ ਰੱਖਣ ਲਈ ਹਰ ਰੋਜ਼ ਲੱਕੀ ਡਰਾਅ ਕੱਢਿਆ ਜਾਵੇਗਾ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : 28ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਚੁੱਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸੰਬੰਧੀ ਫੁੱਟਬਾਲ ਟੂਰਨਾਮੈਂਟ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਇਕ ਪੈਲੇਸ ਵਿਖੇ ਕੀਤੀ। ਇਹ ਟੂਰਨਾਮੈਂਟ ਹਰ ਵਾਰ ਦੀ ਤਰ੍ਹਾਂ 5 ਤੋਂ 10 ਦਸੰਬਰ ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਊਂਡ ਵਿਚ ਕਰਵਾਇਆ ਜਾਵੇਗਾ। ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਅਤੇ ਪ੍ਰੈੱਸ ਸਕੱਤਰ ਤਲਵਿੰਦਰ ਸ਼ੇਰਗਿੱਲ ਨੇ ਦੱਸਿਆ ਕਿ ਇਸ ਵਾਰ ਦੇ ਟੂਰਨਾਮੈਂਟ ਨੂੰ ਹੋਰ ਬਿਹਤਰ ਅਤੇ ਰੌਚਕ ਬਣਾਉਣ ਲਈ ਕੁਝ ਮਹੱਤਵ ਪੂਰਨ ਫੈਸਲੇ ਮੀਟਿੰਗ ਵਿਚ ਕੀਤੇ ਗਏ। ਜਿਨ੍ਹਾਂ ਵਿਚ ਸਭ ਤੋਂ ਅਹਿਮ ਫੈਸਲਾ ਕੀਤਾ ਕਿ ਫੁੱਟਬਾਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਕਲੱਬ ਕੈਟਾਗਰੀ ਦੀ ਜੇਤੂ ਟੀਮ ਦੀ ਇਨਾਮੀ ਰਾਸ਼ੀ ਇਕ ਲੱਖ ਰੁਪਏ ਤੋਂ ਵਧਾ ਕੇ ਡੇਢ ਲੱਖ ਰੁਪਏ ਕੀਤੀ ਹੈ। ਇਸੇ ਤਰ੍ਹਾਂ ਉਪ ਜੇਤੂ ਟੀਮ ਲਈ ਰਾਸ਼ੀ 75 ਹਜ਼ਾਰ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕਲੱਬ ਕੈਟਾਗਰੀ ਵਿਚ ਇੱਕ ਬੈਸਟ ਪਲੇਅਰ ਕੱਢਿਆ ਜਾਵੇਗਾ ਜਿਸ ਨੂੰ ਇਨਾਮ ਵਜੋਂ ਬੇਹਤਰੀਨ ਕਿਸਮ ਦੀ 32 ਇੰਚ ਦੀ ਐਲਈਡੀ ਦਿੱਤੀ ਜਾਵੇਗੀ। ਟੂਰਨਾਮੈਂਟ ਵਿਚ ਦਰਸ਼ਕਾਂ ਦੀ ਰੁਚੀ ਬਣਾਈ ਰੱਖਣ ਲਈ ਹਰ ਦਿਨ ਲੱਕੀ ਡਰਾਅ ਕੱਢਿਆ ਜਾਵੇਗਾ ਜਿਸ ਵਿਚੋਂ ਦਰਸ਼ਕਾਂ ਲਈ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਵਾਰ ਕਮੇਟੀ ਵੱਲੋਂ ਇਲਾਕੇ ਦੇ ਅਜਿਹੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਇਸ ਸਾਲ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਇਸ ਖਿੱਤੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਲੱਬ ਕੈਟਾਗਰੀ ਵਿਚ ਇਸ ਵਾਰ ਚੋਟੀ ਦੀਆਂ 12 ਕਲੱਬਾਂ ਭਾਗ ਲੈਣਗੀਆਂ ਅਤੇ ਇਲਾਕੇ ਵਿਚ ਫੁੱਟਬਾਲ ਨੂੰ ਉਤਸ਼ਾਹਤ ਕਰਨ ਲਈ ਬੱਚਿਆਂ ਦੀਆਂ ਚਾਰ ਟੀਮਾਂ ਦੇ ਮੈਚ ਕਰਵਾਏ ਜਾਣਗੇ। ਟੂਰਨਾਮੈਂਟ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਟੂਰਨਾਮੈਂਟ ਦੀ ਸ਼ੁਰੂਆਤ ਝਲਮਣ ਸਿੰਘ ਸਿੱਧੂ ਸੋਤਰਾਂ ਤੇ ਸ਼ਰਨਜੀਤ ਸਿੰਘ ਮਾਹਲ ਵੱਲੋਂ ਝੰਡੇ ਦੀ ਰਸਮ ਨਾਲ ਕੀਤੀ ਜਾਵੇਗੀ। ਮੀਟਿੰਗ ਦੌਰਾਨ ਵਿੱਤ ਸਕੱਤਰ ਕਸ਼ਮੀਰੀ ਲਾਲ, ਜਰਨੈਲ ਸਿੰਘ ਪੱਲੀ ਝਿੱਕੀ ਉੱਪ ਪ੍ਰਧਾਨ ਪੀਐਫਏ, ਸੁਰਿੰਦਰ ਸਿੰਘ ਖ਼ਾਲਸਾ, ਦਰਸ਼ਨ ਸਿੰਘ ਮਾਹਲ, ਦਲਜੀਤ ਸਿੰਘ ਗਿੱਦਾ, ਡਾ. ਗੁਰਮੀਤ ਸਰਾਂ, ਸਰਬਜੀਤ ਮੰਗੂਵਾਲ, ਜਸਵੰਤ ਖਟਕੜ, ਸਤਵੀਰ ਸਿੰਘ ਫੁੱਟਬਾਲ ਕੋਚ, ਅਮਨਦੀਪ ਥਾਂਦੀ ਫੁੱਟਬਾਲ ਕੋਚ, ਜਸਵੀਰ ਸਿੰਘ ਮੰਗੂਵਾਲ, ਪਿਆਰਾ ਸਿੰਘ ਕਾਹਮਾ ਅਤੇ ਸੁੱਚਾ ਰਾਮ ਖਟਕੜ ਹਾਜ਼ਰ ਸਨ।