ਮਹਿੰਗਾਈ ਦੇ ਕਹਿਰ ਨੇ ਆਮ ਆਦਮੀ ਦੀ ਕਮਰ ਤੋੜੀ : ਸੁੱਚਾ ਸੜੋਆ ਮਹਿੰਗਾਈ ਦੇ ਕਹਿਰ ਨੇ ਆਮ ਆਦਮੀ ਦੀ ਕਮਰ ਤੋੜੀ-ਸੁੱਚਾ ਸੜੋਆ
Publish Date: Mon, 31 Aug 2026 04:51 PM (IST)
Updated Date: Mon, 31 Aug 2026 04:52 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਮੌਜੂਦਾ ਸਮੇਂ ਵਿਚ ਬੇਲਗਾਮ ਹੋਈ ਮਹਿੰਗਾਈ ਦੇ ਕਹਿਰ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੇ ਅਸਮਾਨੀ ਚੜ੍ਹੇ ਭਾਅ ਗਰੀਬ ਅਤੇ ਮੱਧ ਵਰਗੀ ਪਰਿਵਾਰਾ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਜਿਸ ਕਾਰਨ ਪਰਿਵਾਰਾਂ ਦੇ ਪੂਰੇ ਮਹੀਨੇ ਦਾ ਬਜਟ ਤਹਿਸ ਨਹਿਸ ਹੋ ਚੁੱਕਿਆ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਲਾਚੌਰ ਤੋਂ ਐੱਸਸੀ ਵਿੰਗ ਦੇ ਪ੍ਰਧਾਨ ਸੁੱਚਾ ਸਿੰਘ ਸੜੋਆ ਨੇ ਕੀਤਾ।।ਉਨ੍ਹਾਂ ਆਖਿਆ ਕਿ ਆਪ ਆਦਮੀ ਪਾਰਟੀ ਦੇ ਰਾਜਭਾਗ ਦੌਰਾਨ ਘਰੇਲੂ ਵਰਤੋਂ ਯੋਗ ਖਾਣ ਪੀਣ ਦੇ ਸਮਾਨ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਜਿਸ ਨਾਲ ਗਰੀਬ ਅਤੇ ਮੱਧ ਵਰਗੀ ਪਰਿਵਾਰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ। ਆਮਦਨ ਦੇ ਸੀਮਤ ਸਾਧਨਾਂ ਅਤੇ ਲਗਾਤਾਰ ਵੱਧਦੇ ਖਰਚਿਆਂ ਕਾਰਨ ਮਹੀਨੇ ਦੇ ਪਹਿਲੇ ਦਸ ਦਿਨਾਂ ਵਿਚ ਹੀ ਕਮਾਈ ਮੁੱਕ ਜਾਂਦੀ ਹੈ, ਜਿਸ ਤੋਂ ਬਾਅਦ ਬਾਕੀ ਰਹਿੰਦੇ ਵੀਹ ਦਿਨ ਘਰ ਦਾ ਗੁਜਾਰਾ ਚਲਾਉਣਾ ਬਹੁਤ ਸਾਰੇ ਪਰਿਵਾਰਾ ਲਈ ਇੱਕ ਦਰਦਨਾਕ ਜੱਦੋ ਜਹਿਦ ਬਣ ਜਾਂਦਾ ਹੈ।।ਰਸੋਈ ਦੇ ਬਜਟ ਵਿਚ ਪਿਛਲੇ ਕਰੀਬ ਸਾਢੇ ਚਾਰ ਸਾਲਾ ਦੌਰਾਨ ਸਭ ਤੋਂ ਵੱਡਾ ਉਛਾਲ ਆਇਆ ਹੈ। ਜਿਸ ਕਾਰਨ ਖਾਣ ਪੀਣ ਦੀਆਂ ਵਸਤਾਂ 25 ਫੀਸਦੀ ਤੋਂ 70 ਫੀਸਦੀ ਤੱਕ ਮਹਿੰਗੀਆਂ ਹੋ ਚੁੱਕੀਆਂ ਹਨ, ਕਣਕ ਦਾ ਆਟਾ ਜੋ ਪਹਿਲਾ 240 ਤੋਂ 270 ਰੁਪਏ ਪ੍ਰਤੀ 10 ਕਿਲੋ ਮਿਲਦਾ ਸੀ, ਹੁਣ 360 ਤੋਂ 420 ਤੱਕ ਪਹੁੰਚ ਗਿਆ ਹੈ। ਮੱਕੀ ਦਾ ਆਟਾ 36 ਤੋਂ ਵੱਧ ਕੇ 40 ਰੁਪਏ ਅਤੇ ਚਾਵਲ, ਦਾਲਾਂ ਆਮ ਪਰਿਵਾਰਾ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਥਾਲੀ ਵਿੱਚੋ ਪੌਸ਼ਟਿਕਤਾ ਅਲੋਪ ਹੋ ਰਹੀ ਹੈ।।ਸਬਜੀ ਮੰਡੀ ਦਾ ਹਾਲ ਵੀ ਬੇਹੱਦ ਖਰਾਬ ਹੈ, ਜਿੱਥੇ ਆਲੂ, ਪਿਆਜ, ਟਮਾਟਰ, ਲਸਣ ਅਤੇ ਅਦਰਕ ਵਰਗੀਆਂ ਮੁੱਢਲੀਆਂ ਵਸਤਾਂ ਦੇ ਰੇਟ ਅਸਮਾਨ ਛੂਹ ਰਹੇ ਹਨ ਅਤੇ ਲੋਕ ਕਿਲੋਆਂ ਦੀ ਥਾਂ ਪਾਈਆਂ ਦੇ ਹਿਸਾਬ ਨਾਲ ਗਿਣ ਮਿਣ ਕੇ ਖਰੀਦਦਾਰੀ ਕਰਨ ਲਈ ਮਜਬੂਰ ਹਨ। ਦੂਜੇ ਪਾਸੇ ਰਸੋਈ ਗੈਸ ਦੇ ਸਿਲੰਡਰਾਂ ਦੀਆਂ ਕੀਮਤਾਂ ਵੱਧਣ ਕਾਰਨ ਘਰੇਲੂ ਗੈਸ ਸਿਲੰਡਰ ਘਰਾਂ ਵਿੱਚ ਅਲੋਪ ਹੋਣ ਦੀ ਕਗਾਰ ਤੇ ਪੁੱਜ ਚੁੱਕੇ ਹਨ। ਗਰੀਬ ਅਤੇ ਮੱਧ ਵਰਗੀ ਪਰਿਵਾਰਾ ਲਈ ਆਪਣਾ ਰਿਹਾਇਸ਼ੀ ਮਕਾਨ ਦਾ ਸੁਪਨਾ ਵੀ ਮਹਿੰਗਾਈ ਦੀ ਭੇਂਟ ਚੜ ਗਿਆ ਹੈ। ਕਿਉਕਿ ਮਕਾਨ ਉਸਾਰੀ ਦੀ ਸਮੱਗਰੀ ਦੀ ਲਾਗਤ ਵੀ ਵਿੱਚ ਅਥਾਹ ਵਾਧਾ ਹੋ ਗਿਆ ਹੈ।।ਜਿਸ ਕਾਰਨ ਆਮ ਆਦਮੀ ਲਈ ਘਰ ਦੀ ਉਸਾਰੀ ਕਰਨਾ ਅਸੰਭਵ ਹੋ ਗਿਆ ਹੈ।ਮਹਿੰਗਾਈ ਦੀ ਮਾਰ ਵਿਚ ਕਿਸਾਨ ਦੀ ਪੀੜ ਰਿਹਾ ਹੈ। ਜਿਹੜਾ ਕਿ ਮਹਿੰਗੇ ਬੀਜ, ਦਵਾਈਆਂ ਦੀ ਮਾਰ ਹੇਠ ਹਨ। ਪੈਟਰੋਲ ਅਤੇ ਡੀਜ਼ਲ ਦੇ ਵੱਧਦੇ ਭਾਅ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਮਾਲ ਢੁਆਈ ਮਹਿੰਗੀ ਕਰਕੇ ਹਰ ਨਿੱਕੀਆਂ ਮੋਟੀਆਂ ਵਸਤੂਆਂ ਦੇ ਭਾਅ ਵਧਾ ਦਿੱਤੇ ਹਨ। ਜਮਾਂਖੋਰੀ ਅਤੇ ਕਾਲਾ ਬਜਾਰੀ ਵੀ ਇਸ ਮਹਿੰਗਾਈ ਤੇ ਬਲਦੀ ਦਾ ਤੇਲ ਪਾ ਰਹੀ ਹੈ, ਜਿਸ ਉਤੇ ਸਰਕਾਰੀ ਪ੍ਰਸ਼ਾਸਨ ਦੀ ਢਿੱਲ ਕਾਰਨ ਕੋਈ ਕੰਟਰੋਲ ਨਹੀਂ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਗੰਭੀਰ ਸੰਕਟ ਵਿੱਚੋਂ ਨਿਕਲਣ ਲਈ ਸਰਕਾਰ ਨੂੰ ਤੁਰੰਤ ਖਾਣ ਪੀਣ ਅਤੇ ਰੋਜ਼ਾਨਾ ਵਰਤੋਂ ਦੀਆਂ ਜਰੂਰੀ ਵਸਤਾਂ ਉਤੇ ਜੀਐੱਸਟੀ ਦੀਆਂ ਦਰਾਂ ਘਟਾਉਣੀਆਂ ਚਾਹਦੀਆਂ ਹਨ ਅਤੇ ਜਮਾਂਖੋਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਜੋ ਗਰੀਬ ਅਤੇ ਮੱਧ ਵਰਗੀ ਪਰਿਵਾਰ ਇਸ ਆਰਥਿਕ ਦਮਘੋਟੂ ਘਹੌਲ ਬਾਹਰ ਨਿਕਲ ਕੇ ਆਪਣੇ ਪਰਿਵਾਰਾ ਦਾ ਚੰਗੇ ਤਰੀਕੇ ਨਾਲ ਪਾਲਣ ਪੌਸਣ ਕਰ ਸਕਣ।