ਪਰਗਟ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਕਾਂਗਰਸ ਦੀ ਸਰਕਾਰ ਬਣੇਗੀ : ਐਡਵੋਕੇਟ ਮੇਜਰ ਜਰਨੈਲ ਸਿੰਘ ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਕਾਂਗਰਸ ਅਗਲੀ ਸਰਕਾਰ ਬਣੇਗੀ-ਐਡਵੋਕੇਟ ਮੇਜਰ ਜਰਨੈਲ ਸਿੰਘ
Publish Date: Sat, 03 Oct 2026 05:25 PM (IST)
Updated Date: Sat, 03 Oct 2026 05:28 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਕਾਂਗਰਸ ਹਾਈਕਮਾਂਡ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਣਾ ਪਾਰਟੀ ਦੀ ਚੜ੍ਹਦੀ ਕਲਾ ਦੇ ਹਿੱਤ ਵਿਚ ਇੱਕ ਚੰਗਾ ਫੈਸਲਾ ਹੈ, ਜਿਨ੍ਹਾਂ ਦੀ ਅਗਵਾਈ ’ਚ ਕਾਂਗਰਸ 2027 ਦੀਆਂ ਚੋਣਾਂ ਜਿੱਤੇਗੀ ਅਤੇ ਮੁੜ ਸੱਤਾ ਹਾਸਲ ਕਰਨ ਵਿਚ ਪੂਰੀ ਤਰ੍ਹਾਂ ਨਾਲ ਕਾਮਯਾਬ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਚੌਰ ਵਿਖੇ ਐਡਵੋਕੇਟ ਮੇਜਰ ਜਰਨੈਲ ਸਿੰਘ ਵੱਲੋਂ ਕਰਦਿਆਂ ਪਾਰਟੀ ਹਾਈਕਮਾਂਡ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਨਵ-ਨਿਯੁਕਤ ਪਾਰਟੀ ਪ੍ਰਧਾਨ ਪਰਗਟ ਸਿੰਘ ਜਿੱਥੇ ਇੱਕ ਸੁਲਝੇ ਹੋਏ ਸਿਆਸਤਦਾਨ ਹਨ, ਉੱਥੇ ਹੀ ਪਾਰਟੀ ਵਰਕਰਾਂ ਨਾਲ ਬਹੁਤ ਵਧੀਆ ਢੰਗ ਨਾਲ ਜੁੜਨਾ ਜਾਣਦੇ ਹਨ। ਜਿਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪੰਜਾਬ ਅੰਦਰ ਆਪਣਾ ਹੋਰ ਵੀ ਵਿਸ਼ਾਲ ਦਾਇਰਾ ਬਣਾਉਣ ਵਿਚ ਕਾਮਯਾਬ ਹੋਵੇਗੀ। ਕਿਉਂਕਿ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਅਤੇ ਲੋਕ ਹਿੱਤ ਵਿਚ ਸੇਵਾ ਸਮਰਪਣ ਭਾਵਨਾ ਆਮ ਆਦਮੀ ਪਾਰਟੀ ਦੇ ਨਕਲੀ ਇਨਕਲਾਬ ਤੋਂ ਕਾਫੀ ਉੱਚੀ ਅਤੇ ਵੱਖਰੀ ਹੈ, ਜੋ ਲੀਹੋ ਲੱਥੇ ਅਤੇ ਵਿੱਤੀ ਸੰਕਟ ਨਾਲ ਡਗਮਗਾਏ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਪਾਏਗੀ ਅਤੇ ਪੰਜਾਬ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰੇਗੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਨਾਲੋਂ ਵੱਧ ਇਸ਼ਤਿਹਾਰਬਾਜ਼ੀ ’ਤੇ ਚੱਲ ਰਹੀ ਹੈ, ਜਦਕਿ ਵਿਕਾਸ ਪੱਖੋ ਖਾਲੀ ਢੋਲ ਖੜਕਦੇ ਹਨ ਅਤੇ ਪੰਜਾਬੀਆਂ ਦਾ ਢਿੱਡ ਚੁਟਕਲਿਆਂ ਨਾਲ ਭਰਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਰੀਬ ਪੰਜ ਸਾਲਾ ਦੇ ਕਾਰਜਕਾਲ ਦੌਰਾਨ ਦਿੱਲੀ ਦੇ ਧਾੜਵੀਆਂ ਨੇ ਦੋਵੇਂ ਹੱਥੀਂ ਪੰਜਾਬ ਲੁੱਟਿਆ ਅਤੇ ਕੁੱਟਿਆ, ਪੰਜਾਬ ਦੇ ਵਿਰਸੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਬਰਬਾਦੀ ਕਿਨਾਰੇ ਖੜ੍ਹਾ ਕਰਨ ’ਚ ਕੋਈ ਕਸਰ ਨਹੀਂ ਛੱਡੀ ਹੈ ਅਤੇ ਪੰਜਾਬ ਅੰਦਰ ਅਜਿਹੇ ਹਾਲਾਤ ਪੈਦਾ ਹੋਏ ਹਨ ਕਿ ਹਰ ਵਿਅਕਤੀ ਆਪਣੇ ਘਰ ਤੋਂ ਬਾਹਰ ਜਾਣ ਤੋਂ ਡਰਦਾ ਹੈ ਕਿਉਂਕਿ ਅਮਨ ਕਾਨੂੰਨ ਦੀ ਵਿਵਸਥਾ ਢਹਿ-ਢੇਰੀ ਹੈ। ਅਖੀਰ ਵਿਚ ਉਨ੍ਹਾਂ ਆਖਿਆ ਕਿ ਪਰਗਟ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਆਪ ਪਾਰਟੀ ਨੂੰ ਸਮੇਤ ਉਨ੍ਹਾਂ ਦੇ ਦਿੱਲੀ ਆਕਾਵਾਂ ਨੂੰ ਪੰਜਾਬ ਵਿਚੋਂ ਭਜਾਉਣਗੇ ਅਤੇ ਪੰਜਾਬ ਕਾਂਗਰਸ ਦੇ ਰਾਜ ਵਿਚ ਮੁੜ ਖੁਸ਼ਹਾਲੀ ਦੇ ਰਾਹ ਪਵੇਗਾ।