ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ: ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਵਿਗੜੀ, 105 ਸਾਲ ਪੁਰਾਣੀ ਪਾਰਟੀ ਹੀ ਸੁਰੱਖਿਅਤ ਕਰ ਸਕਦੀ ਭਵਿੱਖ
ਉਨ੍ਹਾਂ ਕਿਹਾ ਕਿ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਲੋਕ-ਭਲਾਈ ਦੀਆਂ ਯੋਜਨਾਵਾਂ ਨੂੰ ਮੁੜ ਸੁਰਜੀਤ ਕਰਨ ਦਾ ਭਰੋਸਾ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।
Publish Date: Sat, 12 Sep 2026 04:48 PM (IST)
Updated Date: Sat, 12 Sep 2026 04:52 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। 105 ਸਾਲ ਪੁਰਾਣੀ ਖੇਤਰੀ ਪਾਰਟੀ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਕਰ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਣਾ ਮੰਡੀ ਬਲਾਚੌਰ ’ਚ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਵਿਕਾਸ ਕਾਰਜ ਠੱਪ ਪਏ ਹਨ ਅਤੇ ਸਿਆਸੀ ਬਦਲਾਖੋਰੀ ਤਹਿਤ ਵਿਰੋਧੀਆਂ ’ਤੇ ਝੂਠੇ ਪਰਚੇ ਦਰਜ ਕਰਕੇ ਲੋਕਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ, ਜੋ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਡਟ ਕੇ ਲੜਦੀ ਆਈ ਹੈ।
ਉਨ੍ਹਾਂ ਕਿਹਾ ਕਿ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਲੋਕ-ਭਲਾਈ ਦੀਆਂ ਯੋਜਨਾਵਾਂ ਨੂੰ ਮੁੜ ਸੁਰਜੀਤ ਕਰਨ ਦਾ ਭਰੋਸਾ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।
ਆਪਣਾ ਕਾਰੋਬਾਰ ਜਾਂ ਬਿਜ਼ਨੈੱਸ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਵਿਆਜ ਦੇ ਮੁਹੱਈਆ ਕਰਵਾਇਆ ਜਾਵੇਗਾ।
ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਲਈ ਪਸ਼ੂ ਧਨ ਖਰੀਦਣ ’ਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ’ਚ ਵਿਸ਼ਵ ਪ੍ਰਸਿੱਧ ਪਸ਼ੂ ਮੇਲੇ ਅਤੇ ‘ਕਬੱਡੀ ਵਰਲਡ ਕੱਪ’ ਵਰਗੀਆਂ ਖੇਡਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।
ਕੰਢੀ ਵਿਕਾਸ ਮਿਨਿਸਟਰੀ ਬਣੂਗੀ, ਜਿਸ ਵੱਲੋਂ ਪਠਾਨਕੋਟ ਤੋਂ ਲੈ ਕੇ ਰੋਪੜ ਤੱਕ ਫੋਰ ਲੇਨ ਐਕਸਪ੍ਰੈਸ ਬਣਾਈ ਜਾਵੇਗੀ। ਕੰਢੀ ਦਾ ਸਾਰਾ ਇਲਾਕਾ ਜੋੜ ਕੇ ਵਿਕਾਸ ਪੱਖੋਂ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੌਧਰੀ ਨੰਦ ਲਾਲ ਨੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਉਸੇ ਤਰ੍ਹਾਂ ਹਨੀ ਟੌਂਸਾ ਵੀ ਇਲਾਕੇ ਦੀ ਸੇਵਾ ਕਰਨ ਦੇ ਉਪਰਾਲੇ ਕਰਨਗੇ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ, ਸਰਬਜੀਤ ਸਿੰਘ ਨਿੱਝਰ ਪ੍ਰਧਾਨ ਯੂਥ ਅਕਾਲੀ ਦਲ, ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ, ਸੰਦੀਪ ਸਿੰਘ ਹਨੀ ਟੌਂਸਾ ਹਲਕਾ ਇੰਚਾਰਜ ਬਲਾਚੌਰ, ਡਾ. ਗੁਰਪ੍ਰੀਤ ਕੌਰ ਥਿਆੜਾ, ਕੋਰ ਕਮੇਟੀ ਮੈਂਬਰ ਜਥੇ. ਰਮਨਦੀਪ ਸਿੰਘ ਥਿਆੜਾ, ਹੇਮੰਤ ਕੁਮਾਰ ਰਣਦੇਵ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਹੋਰ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।