ਮਹਿੰਗਾਈ ਦੀ ਮਾਰ ਨਾਲ ਤਿਉਹਾਰਾਂ ਦਾ ਸਵਾਦ ਹੋਵੇਗਾ ਫਿੱਕਾ ਮਹਿੰਗਾਈ ਦੀ ਮਾਰ ਨਾਲ ਤਿਉਹਾਰਾਂ ਦਾ ਸਵਾਦ ਹੋਵੇਗਾ ਫਿੱਕਾ
Publish Date: Sun, 23 Aug 2026 04:26 PM (IST)
Updated Date: Sun, 23 Aug 2026 04:27 PM (IST)
- ਖੰਡ, ਤੇਲ ਤੇ ਹੋਰ ਜ਼ਰੂਰੀ ਵਸਤਾਂ ਸਮੇਤ ਪਿਆਜ਼ ਤੇ ਸਬਜ਼ੀਆਂ ਦੇ ਰੇਟ ਵਧੇ - ਆਮ ਲੋਕਾਂ ਦੀ ਥਾਲੀ ਦਾ ਸਵਾਦ ਵੀ ਵਿਗੜਿਆ ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਅਗਸਤ ਮਹੀਨੇ ਵਿਚ ਰੱਖੜੀ ਮੌਕੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਇਨ੍ਹਾਂ ਤੇ ਮਹਿੰਗਾਈ ਦੀ ਮਾਰ ਪੈਂਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਖੰਡ ਦੇ ਭਾਅ ਵਿਚ ਇਕਦਮ ਆਏ ਉਛਾਲ ਨੇ ਲੋਕਾਂ ਦਾ ਬਜਟ ਵਿਗਾੜ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਰਾਸ਼ਨ ਸਮੱਗਰੀ ਜਿਸ ਵਿਚ ਰਿਫਾਇੰਡ ਤੇਲ, ਮੈਦਾ, ਸੂਜੀ, ਦਾਲਾਂ, ਮਸਾਲੇ, ਬੇਸਣ, ਖਾਣ-ਪੀਣ ਵਾਲਾ ਸਾਮਾਨ ਅਤੇ ਪਲਾਸਟਿਕ ਦੇ ਲਿਫ਼ਾਫਿਆਂ ਸਮੇਤ ਹੋਰ ਸਾਮਾਨ ਵੀ ਕਾਫ਼ੀ ਮਹਿੰਗਾ ਹੋਣ ਨਾਲ ਲੋਕਾਂ ਤੇ ਮਹਿੰਗਾਈ ਦੀ ਦੂਹਰੀ ਮਾਰ ਪਈ ਹੈ। ਇਸ ਦੇ ਨਾਲ ਹੀ ਪਿਆਜ਼, ਆਲੂ ਅਤੇ ਹੋਰ ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਨੇ ਵੀ ਲੋਕਾਂ ਦੀ ਥਾਲੀ ਦਾ ਸਵਾਦ ਵਿਗਾੜ ਦਿੱਤਾ ਹੈ। ਇਕਦਮ ਰਾਸ਼ਨ ਸਮੱਗਰੀ ਵਿਚ ਆਈ ਤੇਜ਼ੀ ਨੇ ਲੋਕਾਂ ਦੀ ਜੇਬ ਦਾ ਜਿੱਥੇ ਬਜਟ ਹਿਲਾ ਕੇ ਰੱਖ ਦਿੱਤਾ ਹੈ। ਹੁਣ ਤਿਉਹਾਰਾਂ ਦੇ ਸੀਜ਼ਨ ਵਿਚ ਖੰਡ ਵਿਚ ਆਈ ਤੇਜ਼ੀ ਕਰ ਕੇ ਵਿਕਣ ਵਾਲੀ ਮਠਿਆਈ ਵੀ ਮਹਿੰਗੀ ਹੋਵੇਗੀ। ਜਿਸ ਨਾਲ ਲੋਕਾਂ ਤੇ ਮਹਿੰਗਾਈ ਦੀ ਦੂਹਰੀ ਮਾਰ ਪਵੇਗੀ। ਇਸ ਸਬੰਧੀ ਕੁਝ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਮਠਿਆਈਆਂ ਬਣਾਉਣ ਵਿਚ ਸਭ ਤੋਂ ਵੱਧ ਵਰਤੋਂ ਖੰਡ, ਤੇਲ ਤੇ ਮੈਦੇ ਦੀ ਹੁੰਦੀ ਹੈ। ਦੁੱਧ ਵੀ ਮਹਿੰਗੇ ਭਾਅ ਮਿਲ ਰਿਹਾ ਹੈ। ਇਸ ਦੇ ਨਾਲ ਕਰਿਆਨੇ ਦੀਆਂ ਕੀਮਤਾਂ ਵਧਣ ਨਾਲ ਉਨ੍ਹਾਂ ਨੂੰ ਮਜਬੂਰਨ ਮਠਿਆਈਆਂ ਦੇ ਭਾਅ ਵਧਾਉਣੇ ਪੈਣਗੇ। ਉਨ੍ਹਾਂ ਦੱਸਿਆ ਕਿ ਰਾਸ਼ਨ ਸਮੱਗਰੀ ਦੇ ਨਾਲ-ਨਾਲ ਗੈਸ ਸਿਲੰਡਰ ਵੀ ਮਹਿੰਗੇ ਹੋ ਗਏ। ਇਸ ਮੌਕੇ ਰੱਖੜੀ ਤੋਂ ਦੁਕਾਨਾਂ ਤੋਂ ਮਠਿਆਈਆਂ ਦੀ ਵਿਕਰੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਲਗਾਤਾਰ ਤਿਉਹਾਰਾਂ ਦਾ ਸੀਜ਼ਨ ਚਲਦਾ ਹੈ। ਅੱਗੇ ਦੁਸਹਿਰਾ, ਕਰਵਾਚੌਥ ਅਤੇ ਦੀਵਾਲੀ ਅਤੇ ਫਿਰ ਵਿਆਹਾਂ ਦੇ ਸੀਜ਼ਨ ਤੱਕ ਮਿਠਾਈਆਂ ਦੀ ਜ਼ਰੂਰਤ ਪੈਂਦੀ ਹੈ। ਹੁਣ ਰਾਸ਼ਨ ਸਮੱਗਰੀ ਦੇ ਭਾਅ ਵੱਧਣ ਕਾਰਨ ਇਹ ਮਠਿਆਈਆਂ ਮਹਿੰਗੀਆਂ ਹੋਣਗੀਆਂ। ਜਿਸ ਦਾ ਬੋਝ ਆਮ ਆਦਮੀ ਦੀ ਜੇਬ ਤੇ ਸਿੱਧੇ ਤੌਰ ’ਤੇ ਪਵੇਗਾ। ਖੰਡ ਦੇ ਵਧੇ ਭਾਅ ਨੇ ਤਾਂ ਸਿੱਧੇ ਤੌਰ ’ਤੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਤੇਲ, ਚਾਹ ਪਤੀ ਸਮੇਤ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਨੇ ਆਮ ਆਦਮੀ ਦੇ ਘਰ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਜੇਕਰ ਇਹ ਵੀ ਕਹਿ ਲਈਏ ਕਿ ਮਹਿੰਗਾਈ ਨੇ ਰਸੋਈ ਦਾ ਬਜਟ ਵਿਗਾੜ ਕੇ ਤਿਉਹਾਰਾਂ ਦਾ ਸੀਜ਼ਨ ਫਿੱਕਾ ਕਰ ਦਿੱਤਾ ਹੈ ਤਾਂ ਇਸ ਵਿਚ ਕੋਈ ਅਤ ਕਥਨੀ ਨਹੀਂ ਹੋਵੇਗੀ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਮਹਿੰਗਾਈ ਤੇ ਕਾਬੂ ਪਾਉਣ ਲਈ ਸਖ਼ਤ ਕਦਮ ਚੁਕਣੇ ਚਾਹੀਦੇ ਹਨ।