
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਗਾ ਵਿਖੇ ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪਾਵਰਕਾਮ ਦਫ਼ਤਰ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਤਾਨਾਸ਼ਾਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਪੰਜਾਬ ਦੇ ਮੁਲਾਜ਼ਮ ਤੇ ਸਾਂਝਾ ਤਾਲਮੇਲ ਸੰਘਰਸ਼ ਕਮੇਟੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਉਸ ਦੀ ਜਗ੍ਹਾ ਬਦਲ ਕੇ ਚੰਡੀਗੜ੍ਹ ਤੋਂ ਜਲੰਧਰ ਕੀਤੀ। ਪਰ ਜਲੰਧਰ ਵਿਚ ਵੀ ਮੀਟਿੰਗ ਨਾ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ। ਵੱਖ-ਵੱਖ ਬੁਲਾਰਿਆਂ ਵੱਲੋਂ ਜਿਨ੍ਹਾਂ ਵਿਚ ਡਾ. ਨਿਰੰਜਨ ਪਾਲ ਹੀਉਂ, ਰਾਮ ਆਸਰਾ, ਠਾਕੁਰ ਦਾਸ, ਨਸੀਬ ਚੰਦ, ਸੁਰਿੰਦਰ ਪਾਲ, ਰਾਮ ਲੁਭਾਇਆ ਸਾਬਕਾ ਸੂਬਾ ਵਿੱਤ ਸਕੱਤਰ ਟੀਐੱਸਯੂ ਵੱਲੋਂ ਬੋਲਦੇ ਸਮੇਂ ਸਰਕਾਰ ਦੀ ਉਨ੍ਹਾਂ ਗਲਤ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜਥੇਬੰਦੀਆਂ ਨੂੰ ਮੀਟਿੰਗ ਦੇ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀਆਂ ਵੱਲੋਂ ਅਗਲੇ ਐਕਸ਼ਨ ਉਲੀਕੇ ਜਾਣਗੇ। ਜਿਸ ਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹੋਵੇਗੀ। ਇਸ ਸਮੇਂ ਪੰਜਾਬ ਦੇ ਪੈਨਸ਼ਨਰ ਮੁਲਾਜ਼ਮ ਵਿਰੋਧੀ ਕਾਰਵਾਈਆਂ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅਗਰ ਜਥੇਬੰਦੀਆਂ ਨੂੰ ਬੁਲਾ ਕੇ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਤਾਂ 30 ਅਗਸਤ ਨੂੰ ਸਾਂਝੀ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਲੁਧਿਆਣਾ ਵਿਖੇ ਮੀਟਿੰਗ ਦੇ ਵਿਚ ਜੋ ਫੈਸਲਾ ਹੋਵੇਗਾ, ਉਸ ਨੂੰ ਥੱਲੇ ਸਫਾਂ ਦੇ ਵਿਚ ਇਨ-ਬਿਨ ਲਾਗੂ ਕਰ ਕੇ ਸਰਕਾਰ ਦੇ ਨੱਕ ਵਿਚ ਦਮ ਕੀਤਾ ਜਾਵੇਗਾ ਤਾਂ ਕਿ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਮਨਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਇਸ ਵਿਚ ਹੋਣ ਵਾਲੀ ਆਮ ਜਨਤਾ ਦੀ ਖੱਜਲ-ਖੁਆਰੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸਟੇਜ ਦੀ ਸਮੁੱਚੀ ਕਾਰਵਾਈ ਬਲਵਿੰਦਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਅਜੀਤ ਰਾਮ ਗੁਣਾਚੌਰ, ਗੁਰਜੀਤ ਸਿੰਘ, ਹਰਜਿੰਦਰ ਕੁਮਾਰ, ਸੰਜੋਗ ਸਿੰਘ, ਸੰਤਨ ਸਿੰਘ, ਚਰਨਜੀਤ ਸਿੰਘ, ਰਜਿੰਦਰ ਸਿੰਘ, ਸੁਖਵੰਤ ਸਿੰਘ, ਸੁਖਦੀਪ ਸਿੰਘ, ਹਰਮੇਸ਼ ਲਾਲ, ਦਿਨੇਸ਼ ਕੁਮਾਰ, ਬਲਵੀਰ ਸਿੰਘ, ਮਲਕੀਤ ਚੰਦ, ਨਰਿੰਦਰ ਕੁਮਾਰ, ਤੇਜਿੰਦਰ ਸਿੰਘ ਆਦਿ ਮੈਂਬਰਾਂ ਨੇ ਰੈਲੀ ਵਿਚ ਹਿੱਸਾ ਲਿਆ।