ਗੰਨਾ ਮਿੱਲ ਨੂੰ ਬਿਜਲੀ ਕੁਨੈਕਸ਼ਨ ਬਹਾਲ ਕਰਕੇ ਕਿਸਾਨਾਂ ਦੀ ਪਰੇਸ਼ਾਨੀ ਦੂਰ ਕਰੇ ਸਰਕਾਰ ਸਰਕਾਰ ਗੰਨਾ ਮਿਲ ਨੂੰ ਬਿਜਲੀ ਕੁਨੈਕਸ਼ਨ ਬਹਾਲ ਕਰਕੇ ਕਿਸਾਨਾਂ ਦੀ ਪਰੇਸ਼ਾਨੀ ਦੂਰ ਕਰੇ
Publish Date: Fri, 27 Nov 2026 07:22 PM (IST)
Updated Date: Fri, 27 Nov 2026 07:25 PM (IST)
ਜਲਦੀ ਮਿਲੇਗਾ ਕੁਨੈਕਸ਼ਨ ਅਤੇ 5 ਤੋਂ ਚਾਲੂ ਕੀਤੀ ਜਾਵੇਗੀ ਸਪਲਾਈ : ਜੀਐਮ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਨੂੰ ਪਾਵਰਕਾਮ ਦੀ ਬਿਜਲੀ ਸਪਲਾਈ ਨਾਲ ਜੋੜ ਕੇ ਚਲਾਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ, ਮਜ਼ਦੂਰਾਂ ਵੱਲੋਂ ਨਵਾਂਸ਼ਹਿਰ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਲੰਗੜੋਆ ਬਾਈਪਾਸ ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੰਨਾ ਕਾਸ਼ਤਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਸਮਸਿਆਵਾਂ ਨੂੰ ਹੱਲ ਕਰਵਾਉਣ ਲਈ ਮਿਲ ਪ੍ਰਬੰਧਕਾਂ, ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਅਤੇ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਦੇਖ ਲਿਆ ਹੈ ਪਰ ਕਿਸੇ ਵੱਲੋਂ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜਨ ਚ ਮਿੱਲ ਦੇ ਬੰਦ ਰਹਿਣ ਕਾਰਨ ਗੰਨਾ ਕਾਸ਼ਤਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਰੇਸ਼ਾਨੀ ਝੱਲਣੀ ਪਈ ਸੀ ਅਤੇ ਉਨ੍ਹਾਂ ਨੂੰ ਆਪਣਾ ਗੰਨਾ ਹੋਰਨਾਂ ਮਿਲਾਂ ਵੱਲ ਲਿਜਾਉਣ ਲਈ ਮਜ਼ਬੂਰ ਹੋਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾ ਨੂੰ ਪੂਰਾ ਕਰਵਾਉਣ ਵੱਲ ਬਣਦਾ ਗੌਰ ਕਰਨਾ ਚਾਹੀਦਾ ਹੈ ਨਹੀਂ ਤਾਂ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਲਗਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਮਿਲ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਸਵੇਰੇ 8 ਵਜੇ ਤੋਂ ਹੀ ਵੱਖ ਵੱਖ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਧਰਨੇ ਵਾਲੀ ਥਾਂ ਤੇ ਪੁੱਜਣ ਲੱਗ ਪਏ ਸਨ। ਜਦਕਿ ਧਰਨੇ ਦੌਰਾਨ ਸਰਖਿਆ ਅਤੇ ਹੋਰਨਾਂ ਪ੍ਰਬੰਧਾਂ ਨੂੰ ਸੁੱਚਜੇ ਬਣਾਉਣ ਲਈ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਸਮੇਤ ਹੋਰਨਾਂ ਇਲਾਕਿਆਂ ਤੋਂ ਪੁਲਿਸ ਟੁਕੜੀ ਵੱਲੋਂ ਸੁਰੱਖਿਆ, ਟ੍ਰੈਫਿਕ ਡਾਈਵਰਸ਼ਨ ਸਮੇਤ ਹੋਰਨਾਂ ਪ੍ਰਬੰਧਾਂ ਨੂੰ ਸੂਚਾਰੂ ਢੰਗ ਨਾਲ ਨੇਪਰੇ ਚਾੜਿਆ ਗਿਆ। ਜਿਸ ਕਾਰਨ ਦੂਰ ਦਰਾਜ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਪਿੰਡਾਂ ਚੋਂ ਹੋ ਕੇ ਬਾਈਪਾਸ ਪਾਰ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ। ਉਧਰ ਬਾਈਪਾਸ ਵੱਲੋਂ ਬੱਸਾਂ ਲੰਗੜੋਆ ਚ ਨਾ ਆਉਣ ਕਾਰਨ ਬੱਸ ਚ ਸਫਰ ਕਰਨ ਵਾਲੀਆਂ ਸਵਾਰੀਆਂ ਵੀ ਖੱਜਲ ਖੁਆਰ ਹੁੰਦੀਆਂ ਰਹੀਆਂ। ਜ਼ਿਕਰਯੋਗ ਹੈ ਕਿ ਕਿਸਾਨ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮਿੱਲ ਚਲਾਉਣ ਦੀ ਕੋਸ਼ਿਸ਼ ਵਿੱਚ ਸਨ ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ ਸੀ ਜਿਸ ਕਰਕੇ ਕਿਸਾਨਾਂ ਨੂੰ ਮਜਬੂਰੀ ਵੱਸ ਜਾਮ ਲਾਉਣਾ ਪਿਆ। ਜਦੋਂ ਲੰਗੜੋਆ ਬਾਈਪਾਸ ਤੇ ਜਾਮ ਦੀ ਖ਼ਬਰ ਪ੍ਰਸ਼ਾਸਨ ਕੋਲ ਪਹੁੰਚੀ ਤਾਂ ਪ੍ਰਸ਼ਾਸਨ ਹਰਕਤ ਵਿੱਚ ਆਇਆ। ਪ੍ਰਸ਼ਾਸਨ ਵੱਲੋਂ ਐੱਸਪੀ ਸਰਬਜੀਤ ਸਿੰਘ ਬਾਹੀਆ, ਗੰਨਾ ਮਿੱਲ ਦਾ ਜੀਐਮ ਸੁਖਵਿੰਦਰ ਸਿੰਘ ਤੂਰ, ਬਿਜਲੀ ਵਿਭਾਗ ਵੱਲੋਂ ਐਕਸੀਅਨ ਅਤੇ ਏ ਡੀ ਸੀ ਵਲੋਂ ਲੰਗੜੋਆ ਬਾਈਪਾਸ ਰੋਡ ਤੇ ਜਾਮ ਚ ਪੁੱਜੇ ਅਤੇ ਐਲਾਨ ਕੀਤਾ ਕਿ ਬਿਜਲੀ ਕੁਨੈਕਸ਼ਨ 66 ਕੇਵੀ ਜੋ ਕਿ ਮਿੱਲ ਨੂੰ ਸਹੀ ਤਰੀਕੇ ਨਾਲ ਚਲਾਵੇ ਅਤੇ ਵਾਧੂ ਬਿਜਲੀ ਵਿਭਾਗ ਨੂੰ ਜਾਵੇ। ਤੁਰੰਤ ਚਾਲੂ ਕੀਤਾ ਜਾਵੇਗਾ ਅਤੇ ਗੰਨਾ ਮਿੱਲ ਮਿਤੀ 5 ਦਸੰਬਰ ਤੋਂ ਚਾਲੂ ਕੀਤੀ ਜਾਵੇਗੀ। ਜੀਐਮ ਵੱਲੋਂ ਯਕੀਨ ਦਿਵਾਇਆ ਗਿਆ ਕਿ ਇਹ ਕਿਸਾਨਾਂ ਅਤੇ ਮਿੱਲ ਮੁਲਾਜ਼ਮਾਂ ਦੀ ਜਿੱਤ ਹੈ। ਅੱਗੇ ਵੀ ਹਰੇਕ ਮਸਲੇ ਸੰਘਰਸ਼ ਰਾਹੀਂ ਹੱਲ ਕਰਨ ਦਾ ਬੱਲ ਮਿਲਿਆ। ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਨਿਰਮਲ ਸਿੰਘ ਔਜਲਾ, ਸੰਤੋਖ ਸਿੰਘ ਰੈਲਮਾਜਰਾ, ਤਰਸੇਮ ਸਿੰਘ ਬੈਂਸ, ਪ੍ਰਭ ਮਹਿਲ ਸਿੰਘ, ਕੁਲਦੀਪ ਸਿੰਘ ਸੁੱਜੋ, ਕੁਲਦੀਪ ਸਿੰਘ ਦੌੜਕਾ, ਕੁਲਦੀਪ ਸਿੰਘ ਦਿਆਲਾ, ਕਸ਼ਮੀਰ ਸਿੰਘ, ਹਰਮੇਸ਼ ਢੇਸੀ, ਕੁਲਵਿੰਦਰ ਚਾਹਲ, ਹਰਵਿੰਦਰ ਚਾਹਲ, ਸੁਰਿੰਦਰ ਸਿੰਘ ਮਹਿਰਮਪੁਰ, ਕੁਲਬੀਰ ਸਿੰਘ ਸ਼ਾਹਪੁਰ, ਗੁਰਦੇਵ ਸਿੰਘ ਸੁੱਜੋ, ਬਿੱਕਰ ਸਿੰਘ, ਬਲਜਿੰਦਰ ਸਿੰਘ, ਮੇਜਰ ਸਿੰਘ, ਮੱਖਣ ਸਿੰਘ, ਕਸ਼ਮੀਰ ਸਿੰਘ, ਗੁਰਨੇਕ ਸਿੰਘ ਖਟਕੜ ਕਲਾ, ਚਰਨਜੀਤ ਸਿੰਘ ਦੌਲਤਪੁਰ, ਜਸਵਿੰਦਰ ਭੰਗਲ ਸਮੇਤ ਹੋਰ ਕਿਸਾਨ ਅਤੇ ਮਜ਼ਦਰ ਹਾਜ਼ਰ ਸਨ।