ਫੂਡ ਸੇਫਟੀ ਟੀਮ ਨੇ ਵੱਖ-ਵੱਖ ਮਠਿਆਈਆਂ ਦੇ ਸੈਂਪਲ ਭਰੇ ਫੂਡ ਸੇਫਟੀ ਟੀਮ ਨੇ ਵੱਖ-ਵੱਖ ਮਿਠਾਈਆਂ ਦੇ ਸੈਂਪਲ ਭਰੇ
Publish Date: Fri, 16 Oct 2026 03:25 PM (IST)
Updated Date: Fri, 16 Oct 2026 03:27 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕਮਿਸ਼ਨਰ (ਫੂਡ) ਕੰਵਲਪ੍ਰੀਤ ਬਰਾੜ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿਭਾਗ ਵੱਲੋਂ ਤਿਓਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿਚ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ। ਸਹਾਇਕ ਕਮਿਸ਼ਨਰ ਫੂਡ ਹਰਪ੍ਰੀਤ ਕੌਰ, ਫੂਡ ਸੇਫਟੀ ਅਫਸਰ ਬਿਕਰਮਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਦਿਨੇਸ਼ਜੋਤ ਸਿੰਘ ਵਾਲੀਆ ਦੀ ਟੀਮ ਨੇ ਔੜ, ਸਾਹਲੋਂ, ਰਸੂਲਪੁਰ, ਕਰਿਆਮ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਮਿਠਾਈਆਂ ਦੇ ਸੈਂਪਲ ਭਰੇ ਅਤੇ 10 ਕਿਲੋਗ੍ਰਾਮ ਖਰਾਬ ਪੇਠਾ ਮੌਕੇ ਤੇ ਹੀ ਨਸ਼ਟ ਕਰਵਾਇਆ। ਹਲਵਾਈਆਂ ਦੀਆਂ ਵਰਕਸ਼ਾਪਾਂ ਦੀ ਚੈਕਿੰਗ ਕਰਕੇ ਸਾਫ-ਸਫਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਜਦਕਿ ਸਾਫ-ਸਫ਼ਾਈ ਨਾ ਰੱਖਣ ਵਾਲੇ ਇੱਕ ਢਾਬੇ ਦਾ ਮੌਕੇ ਤੇ ਚਲਾਨ ਕੀਤਾ। ਟੀਮ ਵੱਲੋਂ ਆਨਲਾਈਨ ਇੰਸਪੈਕਸ਼ਨਾਂ ਵੀ ਕੀਤੀਆਂ ਅਤੇ ਕਮੀਆਂ ਪਾਏ ਜਾਣ ਤੇ ਸੁਧਾਰ ਨੋਟਿਸ ਜਾਰੀ ਕੀਤੇ। ਇਸੇ ਤਰ੍ਹਾਂ ਬਲਾਚੌਰ ਅਤੇ ਸੜੋਆ ਖੇਤਰ ਵਿਚ ਹਲਵਾਈਆਂ ਦੀਆਂ ਦੁਕਾਨਾਂ ਤੇ ਵਰਕਸ਼ਾਪਾਂ ਦੀ ਚੈਕਿੰਗ ਕਰਕੇ ਸਾਫ-ਸਫਾਈ ਦੀ ਹਦਾਇਤ ਕੀਤੀ। ਇੱਥੇ ਖੋਆ ਬਰਫੀ, ਬੇਸਨ ਬਰਫੀ, ਮੈਸੂਰਪਾਕ, ਤਿੱਲ ਬੇਸਨ ਲੱਡੂ, ਬੂੰਦੀ ਲੱਡੂ, ਕਲਾਕੰਦ, ਗੁਲਾਬ ਜਾਮੁਨ ਅਤੇ ਰੋਸਟਡ ਬਰਫੀ ਸਮੇਤ ਕੁੱਲ 9 ਮਿਠਾਈਆਂ ਦੇ ਸੈਂਪਲ ਲਏ ਗਏ ਅਤੇ ਟਮਾਟਰ ਸੌਸ ਦਾ ਸੈਂਪਲ ਵੀ ਭਰਿਆ। ਮੋਰ ਰਿਟੇਲ ਪ੍ਰਾਈਵੇਟ ਲਿਮ. ਨਵਾਂਸ਼ਹਿਰ ਦੇ ਸਟੋਰ ਤੋਂ ਵੀ ਮਿਠਾਈਆਂ ਦੇ ਸੈਂਪਲ ਲਏ। ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਹਰਪ੍ਰੀਤ ਕੌਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਿਲਾਵਟਖੋਰੀ, ਬੇਹੀਆ ਮਿਠਾਈਆਂ ਵੇਚਣ ਜਾਂ ਸਾਫ-ਸਫਾਈ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੁਸਹਿਰੇ ਦੇ ਤਿਓਹਾਰ ਦੇ ਮੱਦੇਨਜ਼ਰ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਸਾਫ-ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਮਿਠਾਈਆਂ ਵਿਚ ਸਿਰਫ਼ ਐਫਐੱਸਐੱਸਏਆਈ ਤੋਂ ਪ੍ਰਵਾਨਿਤ ਰੰਗ ਅਤੇ ਉਹ ਵੀ ਘੱਟ ਮਾਤਰਾ ਵਿਚ ਵਰਤੇ ਜਾਣ, ਖੋਆ ਤੇ ਪਨੀਰ ਖੁਦ ਦੁੱਧ ਤੋਂ ਤਿਆਰ ਕੀਤੇ ਜਾਣ, ਵਰਕ ਵਧੀਆ ਕੁਆਲਿਟੀ ਦਾ ਵਰਤਿਆ ਜਾਵੇ ਅਤੇ ਬੇਹੀਆਂ ਮਿਠਾਈਆਂ ਕਿਸੇ ਵੀ ਹਾਲਤ ਵਿਚ ਨਾ ਵੇਚੀਆਂ ਜਾਣ।।ਇਸ ਦੇ ਨਾਲ ਹੀ ਕੰਮ ਕਰਨ ਵਾਲੇ ਸਾਰੇ ਵਰਕਰਾਂ ਲਈ ਕੈਪ, ਐਪਰਨ ਅਤੇ ਦਸਤਾਨੇ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਐਫਐੱਸਐੱਸਏਆਈ ਲਾਇਸੰਸ/ਰਜਿਸਟ੍ਰੇਸ਼ਨ ਦੁਕਾਨ ਤੇ ਸਾਫ਼ ਦਿਖਾਈ ਦੇਣ ਵਾਲੀ ਥਾਂ ਤੇ ਲਗਾਈ ਜਾਵੇ। ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਮਿਠਾਈਆਂ ਸਿਰਫ਼ ਭਰੋਸੇਯੋਗ ਤੇ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਖਰੀਦੀਆਂ ਜਾਣ ਅਤੇ ਬਿੱਲ ਜ਼ਰੂਰ ਲਿਆ ਜਾਵੇ।