- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਚੌਰ ਵਿਖੇ ਕਰਵਾ ਚੌਥ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਸੁਹਾਗਣਾਂ ਦਾ ਪਵਿੱਤਰ ਤਿਉਹਾਰ 'ਕਰਵਾ ਚੌਥ' ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਵਿਆਹੀਆਂ ਨੇ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਸੁਖਾਵੀਂ ਗ੍ਰਹਿਸਥੀ ਜੀਵਨ ਦੀ ਕਾਮਨਾ ਲਈ ਵਰਤ ਰੱਖਿਆ। ਇਸ ਤੋਂ ਪਹਿਲਾ ਮਹਿਲਾਵਾਂ ਨੇ ਮਹਿੰਦੀ ਲਗਵਾਉਣ, ਚੂੜੀਆਂ, ਕੱਪੜਿਆਂ ਅਤੇ ਸ਼ਿੰਗਾਰ ਦਾ ਸਾਮਾਨ ਖਰੀਦਣ ਲਈ ਬਾਜ਼ਾਰਾਂ ਵਿਚ ਔਰਤਾਂ ਦੀ ਭਾਰੀ ਭੀੜ ਰਹੀ। ਸ਼ਾਮ ਵੇਲੇ ਸੁਹਾਗਣਾਂ ਨੇ ਨਵੇਂ ਕੱਪੜੇ ਅਤੇ ਸ਼ਿੰਗਾਰ ਕਰਕੇ ਸਮੂਹਿਕ ਤੌਰ ਤੇ ਕਰਵਾ ਚੌਥ ਦੀ ਕਥਾ ਸੁਣੀ ਅਤੇ ਪੂਜਾ ਅਰਚਨਾ ਕੀਤੀ। ਰਾਤ ਸਮੇਂ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਔਰਤਾਂ ਨੇ ਅਰਘ ਦੇ ਕੇ ਆਪਣੇ ਪਤੀ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਸਮਾਪਤ ਕੀਤਾ। ਕਰਵਾ ਚੌਥ ਦਾ ਤਿਉਹਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥੀ ਤਿਥੀ (ਚੌਥ) ਨੂੰ ਮਨਾਇਆ ਜਾਂਦਾ ਹੈ।‘ਕਰਵਾ‘ਦਾ ਅਰਥ ਮਿੱਟੀ ਦਾ ਦੀਵਾ/ਬਰਤਨ ਹੁੰਦਾ ਹੈ, ਜਿਸ ਨਾਲ ਚੰਦਰਮਾ ਨੂੰ ਅਰਘ ਦਿੱਤਾ ਜਾਂਦਾ ਹੈ ਅਤੇ ਚੌਥ‘ਦਾ ਅਰਥ ਚੌਥੀ ਤਿਥੀ ਹੈ।
ਪ੍ਰਾਚੀਨ ਧਾਰਮਿਕ ਮਾਨਤਾਵਾਂ ਅਨੁਸਾਰ, ਵੀਰਵਤੀ ਨਾਂ ਦੀ ਇੱਕ ਪਤੀਵਰਤਾ ਔਰਤ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਿਆ ਸੀ। ਭੁੱਖ ਤੇ ਪਿਆਸ ਕਾਰਨ ਉਸ ਦੀ ਤਬੀਅਤ ਵਿਗੜਦੀ ਦੇਖ ਕੇ ਉਸ ਦੇ ਭਰਾਵਾਂ ਨੇ ਪਹਾੜੀ ਪਿੱਛੇ ਨਕਲੀ ਚੰਦ (ਦੀਵਾ) ਜਲਾ ਕੇ ਉਸ ਦਾ ਵਰਤ ਖੁਲ੍ਹਵਾ ਦਿੱਤਾ। ਨਿਯਮ ਟੁੱਟਣ ਕਾਰਨ ਉਸ ਦਾ ਪਤੀ ਬੀਮਾਰ ਹੋ ਗਿਆ। ਬਾਅਦ ਵਿਚ ਵੀਰਵਤੀ ਨੇ ਪੂਰੀ ਸ਼ਰਧਾ ਨਾਲ ਮੁੜ ਨਿਯਮਾਂ ਅਨੁਸਾਰ ਇਹ ਵਰਤ ਰੱਖਿਆ, ਜਿਸ ਨਾਲ ਪ੍ਰਸੰਨ ਹੋ ਕੇ ਦੇਵਤਿਆਂ ਨੇ ਉਸ ਦੇ ਪਤੀ ਨੂੰ ਨਵਾਂ ਜੀਵਨ ਦਿੱਤਾ।
ਇੱਕ ਹੋਰ ਪ੍ਰਚਲਿਤ ਕਥਾ ਅਨੁਸਾਰ, ਜਦੋਂ ਯਮਰਾਜ ਸਾਵਿੱਤਰੀ ਦੇ ਪਤੀ ਸਤਿਆਵਾਨ ਦੇ ਪ੍ਰਾਣ ਲੈਣ ਆਏ ਤਾਂ ਸਾਵਿੱਤਰੀ ਨੇ ਆਪਣੇ ਪਤੀਵਰਤ ਧਰਮ ਅਤੇ ਤਪੱਸਿਆ ਦੇ ਬਲ ਨਾਲ ਯਮਰਾਜ ਨੂੰ ਆਪਣੇ ਪਤੀ ਦੇ ਪ੍ਰਾਣ ਵਾਪਸ ਮੋੜਨ ਲਈ ਮਜ਼ਬੂਰ ਕਰ ਦਿੱਤਾ ਸੀ। ਮਹਾਂਭਾਰਤ ਕਾਲ ਵਿਚ ਜਦੋਂ ਅਰਜੁਨ ਤਪੱਸਿਆ ਕਰਨ ਲਈ ਇੰਦਰਨੀਲ ਪਰਬਤ 'ਤੇ ਗਏ ਸਨ ਤਾਂ ਬਾਕੀ ਪਾਂਡਵਾਂ ਤੇ ਕਈ ਤਰ੍ਹਾਂ ਦੇ ਸੰਕਟ ਆ ਗਏ ਸਨ। ਉਸ ਸਮੇਂ ਦ੍ਰੋਪਦੀ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਸਲਾਹ 'ਤੇ ਆਪਣੇ ਪਤੀਆਂ ਦੀ ਰੱਖਿਆ ਅਤੇ ਮੁਸੀਬਤਾਂ ਤੋਂ ਛੁਟਕਾਰੇ ਲਈ ਕਰਵਾ ਚੌਥ ਦਾ ਪਵਿੱਤਰ ਵਰਤ ਰੱਖਿਆ ਸੀ।
ਅੱਜ ਦੇ ਦੌਰ ਵਿਚ ਕਰਵਾ ਚੌਥ ਕੇਵਲ ਧਾਰਮਿਕ ਰੀਤ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਰਿਸ਼ਤਿਆਂ ਵਿਚ ਆਪਸੀ ਪ੍ਰੇਮ, ਸਮਰਪਣ ਅਤੇ ਵਿਸ਼ਵਾਸ ਦਾ ਪ੍ਰਤੀਕ ਬਣ ਚੁੱਕਾ ਹੈ। ਇਸ ਦਿਨ ਸੱਸ ਵੱਲੋਂ ਨੂੰਹ ਨੂੰ ਦਿੱਤੀ ਜਾਣ ਵਾਲੀ ਸਰਘੀ‘(ਜੋ ਸਵੇਰੇ ਤੜਕੇ ਖਾਧੀ ਜਾਂਦੀ ਹੈ) ਅਤੇ ਨੂੰਹ ਵੱਲੋਂ ਸੱਸ ਨੂੰ ਦਿੱਤਾ ਜਾਣ ਵਾਲਾ ਬਾਇਆ (ਉਪਹਾਰ) ਪਰਿਵਾਰਕ ਸਾਂਝ ਨੂੰ ਹੋਰ ਪੱਕਾ ਕਰਦਾ ਹੈ।