ਪੂਰੇ ਵਿਸ਼ਵ ਨੂੰ ਪ੍ਰਦੂਸ਼ਿਤ ਵਾਤਾਵਰਣ ਤੋਂ ਖ਼ਤਰਾ : ਮੁਕੰਦ ਸ਼ਰਮਾ ਪੂਰੇ ਵਿਸ਼ਵ ਨੂੰ ਪ੍ਰਦੂਸ਼ਿਤ ਵਾਤਾਵਰਣ ਤੋਂ ਖ਼ਤਰਾ-ਮੁਕੰਦ ਸ਼ਰਮਾ
Publish Date: Sun, 30 Aug 2026 04:35 PM (IST)
Updated Date: Sun, 30 Aug 2026 04:37 PM (IST)
- ਜਲ, ਧਰਤੀ ਤੇ ਹਵਾ ਨੂੰ ਸ਼ੁੱਧ ਬਣਾਉਣ ਲਈ ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੂਰਾ ਵਿਸ਼ਵ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਜਲ, ਧਰਤੀ ਅਤੇ ਹਵਾ ਨੂੰ ਸ਼ੁੱਧ ਤੇ ਸਾਫ਼ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਕਾਰਜ ਲਈ ਹਰ ਨਾਗਰਿਕ ਦਾ ਯੋਗਦਾਨ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਹਾਸਰਸ ਕਲਾਕਾਰ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਮੁਕੰਦ ਸ਼ਰਮਾ ਨੇ ਸਰੀ ਕੈਨੇਡਾ ਵਿਖੇ ਕੀਤਾ। ਇਸ ਮੌਕੇ ਵਾਤਾਵਰਣ ਸੰਭਾਲ ਸੁਸਾਇਟੀ ਨਵਾਂਸ਼ਹਿਰ ਦੇ ਸਕੱਤਰ ਗੁਰਵਿੰਦਰ ਸਿੰਘ ਭੱਟੀ ਵੱਲੋਂ ਮੁਕੰਦ ਸ਼ਰਮਾ ਨੂੰ ਵਾਤਾਵਰਣ ਸੰਭਾਲ ਦਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ਼ਰਮਾ ਨੇ ਸੁਸਾਇਟੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਿਰਫ਼ ਕਿਸੇ ਇੱਕ ਸੰਸਥਾ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ, ਸ਼ੁੱਧ ਪਾਣੀ ਅਤੇ ਸਿਹਤਮੰਦ ਵਾਤਾਵਰਣ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਅੱਜ ਤੋਂ ਹੀ ਵਾਤਾਵਰਣ ਦੀ ਸੰਭਾਲ ਲਈ ਗੰਭੀਰ ਯਤਨ ਕਰਨੇ ਪੈਣਗੇ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਸੰਭਾਲ ਕਰਨ, ਪ੍ਰਦੂਸ਼ਣ ਘਟਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਉਪਰਾਲਿਆਂ ਰਾਹੀਂ ਵੀ ਵਾਤਾਵਰਣ ਦੀ ਸੁਰੱਖਿਆ ਵਿਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਨਾਨਕ ਸਿੰਘ ਵਿਰਦੀ, ਇੰਡੀਆ ਰੇਡੀਓ ਤੋਂ ਮਨਿੰਦਰ ਸਿੰਘ ਆਦਿ ਹਾਜ਼ਰ ਸਨ।