ਈਕੋ ਕਲੱਬ ਨੇ ਵਣ ਮਹਾਂਉਤਸਵ ਮਨਾਇਆ ਈਕੋ ਕਲੱਬ ਨੇ ਵਣ ਮਹਾਂ ਉਤਸਵ ਮਨਾਇਆ
Publish Date: Mon, 24 Aug 2026 05:51 PM (IST)
Updated Date: Mon, 24 Aug 2026 05:54 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦੇ ਈਕੋ ਕਲੱਬ ਵੱਲੋਂ ਸਕੂਲ ਕੈਂਪਸ ਚ ਵਣ ਮਹਾਂਉਤਸਵ ਮਨਾਇਆ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਕਰਨਾ ਮਨੁੱਖਤਾ ਦੀ ਸੇਵਾ ਦਾ ਹੀ ਇੱਕ ਮਹੱਤਵਪੂਰਨ ਰੂਪ ਹੈ। ਉਨ੍ਹਾਂ ਕਿਹਾ ਰੁੱਖ ਸਾਡੇ ਜੀਵਨ ਦਾ ਆਧਾਰ ਹਨ ਤੇ ਰੁੱਖ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਭ ਤੋਂ ਵੱਡੀ ਸਮਾਜ ਸੇਵਾ ਹੈ। ਅੱਜ ਲਗਾਇਆ ਇੱਕ ਰੁੱਖ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਹਵਾ, ਛਾਂ ਤੇ ਸਿਹਤਮੰਦ ਵਾਤਾਵਰਣ ਦਾ ਤੋਹਫ਼ਾ ਹੈ। ਹਰ ਵਿਦਿਆਰਥੀ ਹਰ ਸਾਲ ਸਕੂਲ ਵਿਚ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਲਵੇ। ਪ੍ਰਿੰ. ਵਨੀਤਾ ਚੋਟ ਨੇ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਸਿੱਖਿਆ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ, ਜ਼ਿੰਮੇਵਾਰ ਤੇ ਸੰਵੇਦਨਸ਼ੀਲ ਨਾਗਰਿਕ ਬਣਾਉਣਾ ਵੀ ਹੈ। ਈਕੋ ਕਲੱਬ ਦੀ ਇੰਚਾਰਜ ਮੇਨਕਾ ਦੱਤਾ ਨੇ ਈਕੋ ਕਲੱਬ ਵੱਲੋਂ ਸਕੂਲ ਵਿਚ ਵਾਤਾਵਰਣ ਦੀ ਸੰਭਾਲ, ਪੌਦੇ ਲਗਾਉਣ ਤੇ ਵਿਦਿਆਰਥੀਆਂ ਨੂੰ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਾਈਸ ਪ੍ਰਿੰ. ਰਮਨ ਕੁਮਾਰ, ਧਾਰਮਿਕ ਅਧਿਆਪਕ ਭਾਈ ਜੋਗਾ ਸਿੰਘ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੀ ਪੌਦੇ ਲਗਾਏ ਤੇ ਉਨ੍ਹਾਂ ਦੀ ਨਿਰੰਤਰ ਸੰਭਾਲ ਕਰਨ ਦਾ ਅਹਿਦ ਲਿਆ।