- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਣਾ ਮੰਡੀ ਦੀਆਂ ਖਸਤਾਹਾਲ ਸੜਕਾਂ ਤੋਂ ਇਲਾਕੇ ਦੀਆਂ ਸੜਕਾਂ ਦਾ ਲਾਇਆ ਜਾ ਸਕਦਾ ਅੰਦਾਜਾ

- ਦਾਣਾ ਮੰਡੀ ਦੀਆਂ ਸੜਕਾਂ ਦਾ ਬੁਰਾ ਹਾਲ, ਕਰਨਾ ਪੈ ਰਿਹੈ ਮੁਸ਼ਕਿਲਾਂ ਦਾ ਸਾਹਮਣਾ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਵੇਗੀ। ਇਲਾਕੇ ਦੇ ਰੇਲਵੇ ਰੋਡ ਦੇ ਅਧੂਰੇ ਨਿਰਮਾਣ ਕਾਰਜ ਕਾਰਨ ਹਾਲੇ ਇਸ ਸੜਕ ਰਾਹੀਂ ਦਾਣਾ ਮੰਡੀ ਨਵਾਂਸ਼ਹਿਰ 'ਚ ਪੁੱਜਣ ਵਾਲੀਆਂ ਕਣਕ ਦੀਆਂ ਟਰਾਲੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਤਰ੍ਹਾਂ ਇਲਾਕੇ 'ਚ ਸੜਕਾਂ 'ਚ ਪਏ ਟੋਇਆਂ ਕਾਰਨ ਵੀ ਹਾਦਸਿਆਂ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਅਤੇ ਆਪ ਸਰਕਾਰ ਵੱਲੋਂ ਮੰਡੀ ਬੋਰਡ ਨੂੰ ਸੜਕਾਂ ਦੀ ਉਸਾਰੀ ਲਈ ਬਣਦੀ ਰਾਸ਼ੀ ਨਾ ਦੇਣ ਕਾਰਨ ਜ਼ਿਲ੍ਹੇ ਭਰ ਦੀਆਂ ਜ਼ਿਆਦਾਤਰ ਮੰਡੀ ਬੋਰਡ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਬਣੀ ਹੋਈ ਹੈ। ਮਾਲ ਵਿਭਾਗ ਨੂੰ ਹਰ ਸਾਲ ਝੋਨੇ ਅਤੇ ਕਣਕ ਦੀ ਫਸਲ ਤੋਂ ਕਰੋੜਾਂ ਰੁਪਏ ਦੀ ਮਾਰਕੀਟ ਫੀਸ ਮਿਲਦੀ ਹੈ, ਫਿਰ ਵੀ ਵਿਕਾਸ ਦੇ ਨਾਮ ’ਤੇ ਸਿਰਫ਼ ਇੱਕ ਸਤਹੀ ਪਹੁੰਚ ਹੀ ਦਿਖਾਈ ਦਿੰਦੀ ਹੈ। ਪੇਂਡੂ ਖੇਤਰਾਂ ਦੀਆਂ ਜ਼ਿਆਦਾਤਰ ਸੜਕਾਂ ਮੰਡੀ ਬੋਰਡ ਦੀ ਮਲਕੀਅਤ ਹਨ। ਭਾਵੇਂ ਇਹ ਸੜਕ ਨਿਰਮਾਣ ਹੋਵੇ ਜਾਂ ਮੁਰੰਮਤ ਜਾਂ ਪੈਚਵਰਕ, ਸਾਰਾ ਕੰਮ ਮੰਡੀ ਬੋਰਡ ਦੁਆਰਾ ਕੀਤਾ ਜਾਂਦਾ ਹੈ। ਮੰਡੀ ਬੋਰਡ ਕੋਲ ਮੰਡੀਆਂ ਵਿਚ ਸਹੂਲਤਾਂ ਅਤੇ ਸੜਕਾਂ ਤੇ ਮਾਰਕੀਟ ਫੀਸ ਦੇ ਰੂਪ ਵਿਚ ਪ੍ਰਾਪਤ ਹੋਣ ਵਾਲੇ ਮਾਲੀਏ ਦਾ ਘੱਟੋ-ਘੱਟ 50 ਪ੍ਰਤੀਸ਼ਤ ਖਰਚ ਕਰਨ ਦਾ ਪ੍ਰਬੰਧ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਕਿਸਾਨਾਂ ਨੂੰ ਆਪਣੀ ਉਪਜ ਨੂੰ ਮੰਡੀਆਂ ਤੱਕ ਪਹੁੰਚਾਉਣ ’ਚ ਕੋਈ ਮੁਸ਼ਕਿਲ ਨਾ ਆਵੇ ਅਤੇ ਪਹੁੰਚਣ ’ਤੇ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹੋਣ। ਹਾਲਾਂਕਿ ਜ਼ਿਲ੍ਹੇ ਦੀਆਂ ਜ਼ਿਆਦਾਤਰ ਸੜਕਾਂ ਦੀ ਮੁਰੰਮਤ ਵੀ ਨਹੀਂ ਕੀਤੀ ਗਈ ਹੈ। ਸੜਕਾਂ ਦੀ ਮਾੜੀ ਹਾਲਤ ਕਾਰਨ, ਕਿਸਾਨਾਂ ਨੂੰ ਆਪਣੀ ਉਪਜ ਨੂੰ ਮੰਡੀਆਂ ’ਚ ਲਿਆਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਸਤਾਹਾਲ ਸੜਕਾਂ ਕਾਰਨ ਟਰਾਲੀਆਂ ਦੇ ਟਾਇਰ ਫੱਟਣ ਸਮੇਤ ਹੋਰਨਾਂ ਹਾਦਸਿਆਂ ਦੀ ਸੰਭਾਵਨਾ ਦੇ ਨਾਲ ਕਣਕ ਨਾਲ ਭਰੀਆਂ ਟਰਾਲੀਆਂ ਪਲਟਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੰਡੀ ਦੇ ਅੰਦਰ ਹੀ ਸੜਕਾਂ ਟੁੱਟੀਆਂ ਹੋਈਆਂ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੰਡੀ ਬੋਰਡ ਨੇ ਸੜਕਾਂ ਦੀ ਹਾਲਤ ਨੂੰ ਸੁਧਾਰਨ ਦੀ ਖੇਚਲ ਨਹੀਂ ਕੀਤੀ। ਨਵਾਂਸ਼ਹਿਰ ਦੇ ਮੁੱਖ ਬਾਜ਼ਾਰ ਦੇ ਮੁੱਖ ਦਰਵਾਜੇ ਤੋਂ ਅੱਗੇ ਇੱਕ ਵੱਡਾ ਟੋਆ ਬਣਿਆ ਹੋਇਆ ਹੈ। ਜਿਸ ਕਾਰਨ ਹਾਦਸੇ ਦੀ ਸੰਭਾਵਾਨ ਬਣੀ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਰੇਲਵੇ ਰੋਡ ਦੀ ਖਸਤਾਹਾਲ ਸੜਕ ਦੇ ਨਾਲ ਨਾਲ ਰੇਲਵੇ ਫਾਟਕ ਨੇੜਲੀ ਸੜਕ, ਪੰਡੋਰਾ ਮੁਹੱਲਾ ਵਾਲੀ ਸੜਕ ਵੀ ਖਸਤਾਹਾਲ ਨਜ਼ਰ ਆ ਰਹੀ ਹੈ।
ਕੀ ਕਹਿੰਦੇ ਹਨ ਮੰਡੀ ਬੋਰਡ ਤੇ ਐੱਸਡੀਓ?
ਮੰਡੀ ਬੋਰਡ ਦੀਆਂ ਖਸਤਾਹਾਲ ਸੜਕਾਂ ਦੀ ਮੁਰੰਮਤ ਬਾਰੇ ਉਪ-ਮੰਡਲ ਇੰਜੀਨੀਅਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਸਾਲ 310 ਕਿਲੋਮੀਟਰ ਤੱਕ ਫੈਲੀਆਂ 131 ਸੜਕਾਂ ਦੀ ਮੁਰੰਮਤ ਕੀਤੀ ਗਈ ਹੈ। ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ, ਜ਼ਿਲ੍ਹੇ ਭਰ ’ਚ ਇੱਕ ਨਵਾਂ ਸੜਕ ਪ੍ਰੋਜੈਕਟ ਵਿਕਸਤ ਕੀਤਾ ਗਿਆ ਹੈ, ਜਿਸ ਤਹਿਤ ਕੁਝ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ, ਕੁਝ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਕੁਝ ਦਾ ਨਵੀਨੀਕਰਨ ਕੀਤਾ ਜਾਵੇਗਾ। ਪ੍ਰੋਜੈਕਟ ਨੂੰ ਮਨਜ਼ੂਰੀ ਮਿਲਦੇ ਹੀ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।