ਸ਼ਕਤੀ ਪ੍ਰਦਰਸ਼ਨ ਤੇ ਦਲ ਬਦਲੀਆਂ ਦਾ ਸ਼ੋਰ ਸ਼ਰਾਬਾ ਲੋਕ ਰਾਜ ਲਈ ਚਿੰਤਾਜਨਕ : ਰਾਣਾ ਚੋਣਾਂ ਦੌਰਾਨ ਸ਼ਕਤੀ ਪ੍ਰਦਰਸ਼ਨ ਅਤੇ ਦਲ ਬਦਲੀਆਂ ਦਾ ਸ਼ੋਰ ਸ਼ਰਾਬਾ ਲੋਕ ਰਾਜ ਲਈ ਚਿੰਤਾਜਨਕ ਰਾਣਾ
Publish Date: Sat, 21 Nov 2026 03:24 PM (IST)
Updated Date: Sat, 21 Nov 2026 03:25 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 90 ਦਿਨਾਂ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਤੇ ਸਾਰੀਆਂ ਰਾਜਨੀਤਿਕ ਧਿਰਾਂ ਚੋਣਾਂ ਜਿੱਤਣ ਲਈ ਵੱਖ-ਵੱਖ ਢੰਗ ਤਰੀਕੇ ਵਰਤ ਰਹੀਆਂ ਹਨ। ਮਹਿੰਗਾਈ ਨਾਲ ਝੰਬੀ ਜਨਤਾ ਇਨ੍ਹਾਂ ਲੋਕਾਂ ਦੀਆਂ ਪਿਛਲੇ ਸਾਲਾਂ ਦੀਆਂ ਕਾਰਗੁਜ਼ਾਰੀਆਂ ਅਤੇ ਆਪਣੇ-ਆਪਣੇ ਮੁੱਦਿਆਂ ਤੇ ਸੰਘਰਸ਼ਾਂ ਦੇ ਸਿੱਟਿਆਂ ਤੇ ਵਿਚਾਰ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਕੀਤਾ।।ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਰਾਜ ਕਰ ਚੁੱਕੀਆਂ ਪਾਰਟੀਆਂ ਸ਼ਕਤੀ ਪ੍ਰਦਰਸ਼ਨਾਂ ਅਤੇ ਲੋਕ ਮਿਲਣੀਆਂ ਰਾਹੀਂ ਲੋਕਾਂ ਨੂੰ ਭਰਮਾ ਰਹੀਆਂ ਹਨ ਪਰ ਪਿਛਲੇ 5 ਸਾਲਾਂ ਦੌਰਾਨ ਲੋਕ ਮੁੱਦਿਆਂ ਲਈ ਚੱਲ ਰਹੇ ਸੰਘਰਸ਼ਾਂ ਵਿਚ ਪਾਏ ਆਪਣੇ ਯੋਗਦਾਨ ਬਾਰੇ ਖਾਮੋਸ਼ ਹਨ।।ਇਨ੍ਹਾਂ ਰਾਜ ਕਰਦੀਆਂ ਪਾਰਟੀਆਂ ਵੱਲੋਂ ਸ਼ਕਤੀ ਪ੍ਰਦਰਸ਼ਨਾਂ ਦੇ ਵੱਖ-ਵੱਖ ਸਰੂਪ, ਵੱਡੀ ਭੀੜ ਇਕੱਠੀ ਕਰਨ, ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਦਲ ਬਦਲੀ ਕਰਵਾਉਣਾ ਅਤੇ ਝੂਠਾ ਪਰਚਾਰ ਤੇ ਇਸ਼ਤਿਹਾਰਾਂ ਤੇ ਧੰਨ ਖਰਚ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੂੰਜੀਪਤੀ ਕਾਰਪੋਰੇਟਰਾਂ ਪੱਖੀ ਪਾਰਟੀਆਂ ਦੇ ਸ਼ਕਤੀ ਪ੍ਰਦਰਸ਼ਨਾਂ ਵਿਚ ਰੋਜਗਾਰ ਪ੍ਰਾਪਤੀ, ਸਰਕਾਰੀ ਵਿਦਿਆ ਤੇ ਸਿਹਤ ਸੇਵਾਵਾਂ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਕੋਈ ਰੋਡ ਮੈਪ ਨਹੀਂ ਹੈ। ਇਸੇ ਤਰ੍ਹਾਂ ਕਿਸਾਨਾਂ, ਮਜਦੂਰ, ਮੁਲਾਜ਼ਮਾਂ ਅਤੇ ਮਨਰੇਗਾ ਕਾਮਿਆ ਵੱਲੋਂ ਚੱਲ ਰਹੇ ਸੰਘਰਸ਼ਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੋਈ ਜਿਕਰ ਨਹੀਂ ਹੈ।।ਇਹ ਪਾਰਟੀਆਂ ਝੂਠੇ ਸ਼ਕਤੀ ਪ੍ਰਦਰਸ਼ਨ ਕਰਕੇ ਲੋਕਾਂ ਦੀਆਂ ਵੋਟਾਂ ਲੁੱਟਣੀਆ ਚਾਹੁੰਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਪੱਖ ਵਿਚ ਨੀਤੀਆਂ ਬਦਲੇ ਬਿਨਾਂ ਲੋਕਾਂ ਦਾ ਭਲਾ ਨਹੀਂ ਹੋ ਸਕਦਾ, ਜਿਸ ਦਾ ਸਿਰਫ ਰਾਹ ਜਨ ਅੰਦੋਲਨ ਹੀ ਹਨ। ਪਾਰਟੀਆਂ ਜਾਂ ਬੰਦੇ ਬਦਲ ਕੇ ਲੋਕ ਪੱਖੀ ਨੀਤੀਆਂ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ।।ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਅੰਦੋਲਨਾਂ ਨੂੰ ਵਿਸ਼ਾਲ ਅਤੇ ਮਜਬੂਤ ਬਣਾਇਆ ਜਾਵੇ।