ਸਿਵਲ ਸਰਜਨ ਨੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕਰ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ ਸਿਵਲ ਸਰਜਨ ਨੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕਰ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
Publish Date: Mon, 05 Oct 2026 05:01 PM (IST)
Updated Date: Tue, 06 Oct 2026 04:05 AM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਅਮਨ ਸੂਦ ਨੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦਾ ਅਚਨਚੇਤ ਦੌਰਾ ਕਰਕੇ ਕੇਂਦਰ ਦੇ ਸਮੁੱਚੇ ਕੰਮਕਾਜ, ਇਲਾਜ ਪ੍ਰਬੰਧਾਂ ਅਤੇ ਨਸ਼ਾ ਰੋਗੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਿਹਤ ਅਧਿਕਾਰੀਆਂ ਅਤੇ ਸਟਾਫ ਨੂੰ ਨਸ਼ਾ ਰੋਗੀਆਂ ਲਈ ਮਿਆਰੀ, ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਨਿਰੰਤਰ ਇਲਾਜ ਯਕੀਨੀ ਬਣਾਉਣ ਦੇ ਨਾਲ-ਨਾਲ ਕਾਊਂਸਲਿੰਗ ਅਤੇ ਫਾਲੋਅੱਪ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਨਸ਼ਾ ਕਰਨਾ ਇੱਕ ਰੋਗ ਹੈ ਅਤੇ ਇਸ ਦੇ ਇਲਾਜ ਲਈ ਸਿਰਫ਼ ਦਵਾਈ ਹੀ ਨਹੀਂ, ਸਗੋਂ ਕਾਊਂਸਲਿੰਗ, ਪਰਿਵਾਰਕ ਸਹਿਯੋਗ ਅਤੇ ਲਗਾਤਾਰ ਫਾਲੋਅੱਪ ਵੀ ਬੇਹੱਦ ਮਹੱਤਵ ਪੂਰਨ ਹਨ। ਉਨ੍ਹਾਂ ਕਿਹਾ ਕਿ ਹਰ ਨਸ਼ਾ ਰੋਗੀ ਨਾਲ ਹਮਦਰਦੀ, ਸਨਮਾਨ ਅਤੇ ਗੁਪਤਤਾ ਨਾਲ ਪੇਸ਼ ਆਉਂਦਿਆਂ ਉਸ ਨੂੰ ਲੋੜ ਅਨੁਸਾਰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਾ ਰੋਗੀਆਂ ਦੇ ਮਿਆਰੀ ਅਤੇ ਪ੍ਰਭਾਵਸ਼ਾਲੀ ਇਲਾਜ ਲਈ ਨਿਰਧਾਰਿਤ ਐੱਸਓਪੀ ਦੀ ਸੁਹਿਰਦਤਾ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਨਸ਼ਾ ਰੋਗੀਆਂ ਨੂੰ ਨਿਰਧਾਰਿਤ ਇਲਾਜ ਪ੍ਰੋਟੋਕੋਲ ਅਨੁਸਾਰ ਹੀ ਦਵਾਈ ਦਿੱਤੀ ਜਾਵੇ ਅਤੇ ਡੋਜ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਮਰੀਜ਼ ਦੀ ਸਿਹਤ ਸਥਿਤੀ ਦੇ ਮੁਲਾਂਕਣ ਤੋਂ ਬਾਅਦ ਹੀ ਕੀਤੀ ਜਾਵੇ। ਡੋਜ ਨੂੰ ਡਾਕਟਰੀ ਨਿਗਰਾਨੀ ਹੇਠ ਹੌਲੀ-ਹੌਲੀ ਘਟਾਉਣ ਸੰਬੰਧੀ ਮਰੀਜ਼ ਨੂੰ ਯੋਗ ਕਾਊਂਸਲਿੰਗ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਰੋਗੀਆਂ ਦੇ ਇਲਾਜ ਦਾ ਮੁੱਖ ਉਦੇਸ਼ ਮਰੀਜ਼ ਨੂੰ ਨਸ਼ੇ ਦੀ ਨਿਰਭਰਤਾ ਤੋਂ ਬਾਹਰ ਲਿਆ ਕੇ ਸਿਹਤਮੰਦ ਅਤੇ ਆਮ ਜੀਵਨ ਵੱਲ ਵਾਪਸ ਲਿਆਉਣਾ ਹੈ। ਇਸ ਲਈ ਮਰੀਜ਼ਾਂ ਦੀ ਨਿਯਮਤ ਕਾਊਂਸਲਿੰਗ ਦੇ ਨਾਲ-ਨਾਲ ਉਨ੍ਹਾਂ ਦੀ ਇਲਾਜ ਪ੍ਰਤੀ ਪਾਲਣਾ, ਮਾਨਸਿਕ ਸਿਹਤ ਅਤੇ ਸਮਾਜਿਕ ਸਥਿਤੀ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਇਲਾਜ ਅਧੀਨ ਹਰ ਮਰੀਜ਼ ਦਾ ਯੋਗ ਰਿਕਾਰਡ ਸੰਭਾਲਿਆ ਜਾਵੇ ਅਤੇ ਇਲਾਜ ਤੋਂ ਬਾਅਦ ਵੀ ਉਸ ਦਾ ਨਿਰੰਤਰ ਫਾਲੋਅੱਪ ਕੀਤਾ ਜਾਵੇ, ਤਾਂ ਜੋ ਮਰੀਜ਼ ਨੂੰ ਮੁੜ ਨਸ਼ੇ ਵੱਲ ਜਾਣ ਤੋਂ ਰੋਕਣ ਲਈ ਸਮੇਂ ਸਿਰ ਲੋੜੀਂਦੀ ਸਹਾਇਤਾ ਦਿੱਤੀ ਜਾ ਸਕੇ। ਪਰਿਵਾਰਕ ਮੈਂਬਰਾਂ ਨੂੰ ਵੀ ਨਸ਼ਾ ਰੋਗੀ ਦੇ ਇਲਾਜ ਵਿਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਉਪਲੱਬਧ ਸਿਹਤ ਸਹੂਲਤਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਜਾਗਰੂਕਤਾ ਗਤੀਵਿਧੀਆਂ ਨੂੰ ਵੀ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਵਿਅਕਤੀ ਨੂੰ ਤਿਰਸਕਾਰ ਨਹੀਂ, ਇਲਾਜ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ। ਪਰਿਵਾਰ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਨ ਜਾਂ ਨਸ਼ਾ ਮੁਕਤੀ ਕੇਂਦਰ ਨਾਲ ਸੰਪਰਕ ਕਰਕੇ ਯੋਗ ਡਾਕਟਰੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਸ਼ਾ ਰੋਗੀਆਂ ਨੂੰ ਇਲਾਜ, ਕਾਊਂਸਲਿੰਗ ਸੰਬੰਧੀ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਮੈਡੀਕਲ ਅਫਸਰ (ਸਾਈਕੈਟਰੀ) ਡਾ. ਰਾਜਨ ਸਾਸ਼ਤਰੀ, ਡਾ. ਸੰਦੀਪ ਬਾਂਗੜ, ਡਾ. ਰਮਨ ਕੁਮਾਰ ਤੇ ਸਿਵਲ ਸਰਜਨ ਦੇ ਪੀਏ ਅਜੇ ਕੁਮਾਰ ਮੌਜੂਦ ਸਨ।