ਸਿਵਲ ਸਰਜਨ ਨੇ ਸਰੀਰਦਾਨੀਆਂ ਪਤੀ-ਪਤਨੀ ਨੂੰ ਪਹਿਚਾਣ ਪੱਤਰ ਸੌਂਪੇ ਸਿਵਲ ਸਰਜਨ ਨੇ ਸ਼ਰੀਰਦਾਨੀ ਤਰਸੇਮ ਸਿੰਘ ਅਤੇ ਕੁਲਵਿੰਦਰ ਕੌਰ ਨੂੰ ਪਹਿਚਾਣ ਪੱਤਰ ਸੌਂਪੇਨ
Publish Date: Thu, 22 Oct 2026 05:07 PM (IST)
Updated Date: Thu, 22 Oct 2026 05:09 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਮਨੁੱਖਤਾ ਦੀ ਸੇਵਾ ਲਈ ਕੀਤਾ ਗਿਆ ਸੰਕਲਪ ਜੀਵਨ ਤੋਂ ਬਾਅਦ ਵੀ ਸਮਾਜ ਦੇ ਕੰਮ ਆ ਸਕਦਾ ਹੈ। ਮਰਨ ਉਪਰੰਤ ਦੇਹਦਾਨ ਇੱਕ ਅਜਿਹਾ ਉੱਤਮ ਉਪਰਾਲਾ ਹੈ, ਜਿਸ ਰਾਹੀਂ ਮੈਡੀਕਲ ਸਿੱਖਿਆ, ਵਿਗਿਆਨਕ ਖੋਜ ਅਤੇ ਭਵਿੱਖ ਦੇ ਡਾਕਟਰਾਂ ਦੀ ਸਿਖਲਾਈ ਵਿਚ ਮਹੱਤਵ ਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਅਮਨ ਸੂਦ ਨੇ ਪਿੰਡ ਊਦੋਵਾਲ ਦੇ ਦੇਹਦਾਨੀ ਪਤੀ-ਪਤਨੀ ਜੋੜੇ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੇਵਾਮੁਕਤ ਫੌਜੀ ਨਾਇਕ ਤਰਸੇਮ ਸਿੰਘ ਪੁੱਤਰ ਅਮਰ ਚੰਦ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਵੱਲੋਂ ਮਰਨ ਉਪਰੰਤ ਦੇਹਦਾਨ ਕਰਨ ਦਾ ਸੰਕਲਪ ਲੈਣਾ ਸਮਾਜ ਲਈ ਪ੍ਰੇਰਨਾਦਾਇਕ ਹੈ। ਦੇਸ਼ ਦੀ ਸੇਵਾ ਕਰ ਚੁੱਕੇ ਸੇਵਾ ਮੁਕਤ ਫੌਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਅਜਿਹਾ ਕਦਮ ਚੁੱਕਣਾ ਸੇਵਾ-ਭਾਵਨਾ ਦੀ ਉੱਤਮ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਹਦਾਨ ਬਾਰੇ ਸਮਾਜ ਵਿਚ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਇਸ ਦੀ ਮਹੱਤਤਾ ਸਮਝਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਹਦਾਨ ਵਰਗੇ ਮਨੁੱਖਤਾ-ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ, ਆਪਣੇ ਪਰਿਵਾਰਕ ਮੈਂਬਰਾਂ ਨਾਲ ਇਸ ਸੰਬੰਧੀ ਵਿਚਾਰ-ਵਟਾਂਦਰਾ ਕਰਨ ਅਤੇ ਇੱਛੁਕ ਹੋਣ ਦੀ ਸੂਰਤ ਵਿਚ ਸੰਬੰਧਤ ਮੈਡੀਕਲ ਸੰਸਥਾ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ। ਇਸ ਸਮੇਂ ਦੋਆਬਾ ਸੇਵਾ ਸਮਿਤੀ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸਮਿਤੀ ਵੱਲੋਂ ਹੁਣ ਤੱਕ 153 ਵਿਅਕਤੀਆਂ ਨੂੰ ਮਰਨ ਉਪਰੰਤ ਦੇਹਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਸਮਿਤੀ ਵੱਲੋਂ ਦੇਹਦਾਨ ਕਰਨ ਦੇ ਇਛੁੱਕ ਵਿਅਕਤੀਆਂ ਦੇ ਫਾਰਮ ਭਰਵਾਉਣ ਅਤੇ ਸੰਬੰਧਤ ਮੈਡੀਕਲ ਸੰਸਥਾਵਾਂ ਤੱਕ ਪਹੁੰਚਾਉਣ ਵਿਚ ਸਹਿਯੋਗ ਦਿੱਤਾ ਜਾਂਦਾ ਹੈ, ਤਾਂ ਜੋ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ।।ਉਨ੍ਹਾਂ ਦੱਸਿਆ ਕਿ ਦੇਹਦਾਨੀ ਜੋੜੇ ਦੇ ਪੁੱਤਰ ਹਰਕੰਵਲਜੀਤ ਸਿੰਘ, ਧੀਆਂ ਬਲਜਿੰਦਰ ਕੌਰ ਅਤੇ ਪਵਨਦੀਪ ਕੌਰ ਅਤੇ ਭਰਾ ਜਸਪਾਲ ਸਿੰਘ ਦੀ ਸਹਿਮਤੀ ਨਾਲ ਇਹ ਸੰਕਲਪ ਲਿਆ। ਇਸ ਮੌਕੇ ਕੈਪਟਨ ਸਤਨਾਮ ਸਿੰਘ, ਸੇਵਾ ਮੁਕਤ ਸੁਪਰਡੈਂਟ ਅਸ਼ੋਕ ਸ਼ਰਮਾ, ਜਗਜੀਤ ਰਾਏ ਅਤੇ ਗੁਰਮੀਤ ਰਾਮ ਹਾਜ਼ਰ ਸਨ। ਬਲਾਕ ਸੰਮਤੀ ਮੈਂਬਰ ਰਾਕੇਸ਼ ਕੁਮਾਰ ਅਤੇ ਰਾਮ ਲੁਭਾਇਆ ਨੇ ਗਵਾਹ ਵਜੋਂ ਦਸਤਖ਼ਤ ਕੀਤੇ।